ਮੋਹਾਲੀ ''ਚ ਭਾਜਪਾ ਆਗੂ ਦੀ ਥਾਰ ''ਤੇ ਚੱਲੀਆਂ ਗੋਲੀਆਂ, ਇਲਾਕੇ ''ਚ ਦਹਿਸ਼ਤ ਦਾ ਮਾਹੌਲ
Tuesday, Dec 09, 2025 - 12:07 PM (IST)
ਮੋਹਾਲੀ (ਜੱਸੀ) : ਇੱਥੇ ਫੇਜ਼-1 ’ਚ ਰਹਿਣ ਵਾਲੇ ਭਾਜਪਾ ਕਾਰਕੁੰਨ ਗੁਰਦੀਪ ਸਿੰਘ ਦੀ ਥਾਰ ਗੱਡੀ ’ਤੇ ਦੇਰ ਰਾਤ ਪੌਣੇ ਕਰੀਬ 1 ਵਜੇ ਸਕਾਰਪੀਓ ਸਵਾਰ ਹਮਲਾਵਰਾਂ ਨੇ ਤਾੜ-ਤਾੜ ਗੋਲੀਆਂ ਚਲਾਈਆਂ। ਗੁਰਦੀਪ ਸਿੰਘ ਮੁਤਾਬਕ ਉਸ ਦੀ ਗੱਡੀ ਦੀ ਡਿੱਗੀ ’ਚੋਂ ਖੋਲ ਵੀ ਬਰਾਮਦ ਹੋਇਆ ਹੈ। ਉਸ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਫੇਜ਼-1 ਪੁਲਸ ਨੂੰ ਦੇ ਦਿੱਤੀ। ਫਿਲਹਾਲ ਪੁਲਸ ਨੇ ਅਣਪਛਾਤਿਆਂ ’ਤੇ ਪਰਚਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ
ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਮੋਹਾਲੀ ’ਚ ਭਾਜਪਾ ਵਰਕਰ ਹੈ ਅਤੇ ਟੁਲੈੱਟ ਸੇਵਾ ਦਾ ਕੰਮ ਕਰਦਾ ਹੈ। ਉਹ ਸਵੇਰੇ ਜਿੰਮ ਜਾਣ ਲਈ ਗੱਡੀ ਕੋਲ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਗੱਡੀ ਦਾ ਸ਼ੀਸ਼ਾ ਟੁੱਟਾ ਪਿਆ ਹੈ। ਉਸ ਵੱਲੋਂ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ ਤਾਂ ਪਤਾ ਲੱਗਿਆ ਕਿ ਦੇਰ ਰਾਤ 12.50 ਕਰੀਬ ਸਕਾਰਪੀਓ ’ਚ ਕੁੱਝ ਵਿਅਕਤੀ ਸਵਾਰ ਹੋ ਕੇ ਆਏ। ਪਹਿਲਾਂ ਕੁਹਾੜੀ ਨਾਲ ਗੱਡੀ ’ਤੇ ਵਾਰ ਕੀਤੇ ਤੇ ਉਸ ਦੀ ਕਾਰ ’ਤੇ ਫਾਇਰਿੰਗ ਵੀ ਕੀਤੀ। ਉਸ ਨੇ ਗੱਡੀ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਡਿੱਗੀ ’ਚੋਂ ਖੋਲ ਵੀ ਬਰਾਮਦ ਹੋਇਆ। ਗੁਰਦੀਪ ਸਿੰਘ ਮੁਤਾਬਕ ਉਸ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ। ਸਕਾਰਪੀਓ ਸਵਾਰਾਂ ਨੂੰ ਫੜ੍ਹਨ ਤੋਂ ਬਾਅਦ ਹੀ ਹਮਲੇ ਦਾ ਕਾਰਨ ਪਤਾ ਲੱਗ ਸਕੇਗਾ।
ਹਮਲਾਵਰਾਂ ਦੀ ਤਲਾਸ਼ ਕਰ ਰਹੀਆਂ ਟੀਮਾਂ : ਐੱਸ. ਪੀ. ਸਿਟੀ
ਐੱਸ. ਪੀ. ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਸੀ. ਸੀ. ਟੀ. ਵੀ. ਫੁਟੇਜ ਮੁਤਾਬਕ ਉਹ ਸਕਾਰਪੀਓ ਗੱਡੀ ਦਾ ਨੰਬਰ ਤੇ ਉਸ ’ਚ ਸਵਾਰ ਮੁਲਜ਼ਮਾਂ ਦੀ ਪਛਾਣ ਕਰਨ ਲਈ ਟੀਮਾਂ ਲੱਗੀਆਂ ਹੋਈਆਂ ਹਨ। ਜਲਦ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।
