ਕੁੱਟ-ਮਾਰ ਤੋਂ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ ਖਿਲਾਫ FIR ਦਰਜ

12/30/2017 11:38:59 AM

ਨਵੀਂ ਦਿੱਲੀ (ਬਿਊਰੋ)— ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਆਸਟਰੇਲੀਆ ਦੇ ਗੋਲਡ ਕੋਸਟ ਵਿਚ ਅਗਲੇ ਸਾਲ ਅਪ੍ਰੈਲ ਵਿਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣਗੇ। ਸੁਸ਼ੀਲ ਨੇ ਕੇਡੀ ਜਾਧਵ ਸਟੇਡੀਅਮ ਵਿਚ ਆਯੋਜਤ ਟਰਾਇਲ ਵਿਚ ਜਿੱਤ ਹਾਸਲ ਕਰਦੇ ਹੋਏ ਟੀਮ ਵਿਚ ਜਗ੍ਹਾ ਬਣਾਈ ਹੈ। ਸੁਸ਼ੀਲ ਨੇ 74 ਕਿੱਲੋਗ੍ਰਾਮ ਭਾਰ ਵਰਗ ਵਿਚ ਜਤਿੰਦਰ ਕੁਮਾਰ ਨੂੰ 4-3 ਨਾਲ ਮਾਤ ਦਿੱਤੀ। ਉਥੇ ਹੀ, ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਦੇ ਕੇਡੀ ਜਾਧਵ ਕੰਪਲੈਕਸ ਵਿਚ ਖੇਡੇ ਗਏ ਮੁਕਾਬਲੇ ਦੌਰਾਨ ਸੁਸ਼ੀਲ ਅਤੇ ਇਕ ਹੋਰ ਕੁਸ਼ਤੀ ਖਿਡਾਰੀ ਪ੍ਰਵੀਣ ਰਾਣੇ ਦੇ ਸਮਰਥਕਾਂ ਦਰਮਿਆਨ ਝੜਪ ਹੋ ਗਈ। ਇਸ ਮਾਮਲੇ ਵਿਚ ਦਿੱਲੀ ਪੁਲਸ ਨੇ ਸੁਸ਼ੀਲ ਕੁਮਾਰ ਅਤੇ ਉਨ੍ਹਾਂ ਦੇ 5 ਸਮਰਥਕਾਂ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ।

ਸੁਸ਼ੀਲ ਖਿਲਾਫ ਐੱਫ.ਆਈ.ਆਰ. ਦਰਜ
ਪੁਲਸ ਨੇ ਆਈ.ਪੀ.ਸੀ. ਦੀ ਧਾਰਾ 341 ਅਤੇ 323 ਮੁਤਾਬਕ ਸੁਸ਼ੀਲ ਕੁਮਾਰ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। ਸੈਂਟਰਲ ਡੀ.ਸੀ.ਪੀ. ਐੱਮ.ਐੱਸ. ਰੰਧਾਵਾ ਨੇ ਦੱਸਿਆ ਕਿ, ਪਹਿਲਵਾਨ ਪ੍ਰਵੀਣ ਰਾਣਾ ਨਾਲ ਮਾਰ ਕੁੱਟ ਦੇ ਇਲਜ਼ਾਮ ਵਿਚ ਸੁਸ਼ੀਲ ਕੁਮਾਰ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਮੈਚ ਦੇ ਬਾਅਦ ਭਿੜੇ ਸੀ ਸਮਰਥਕ
ਦੱਸ ਦਈਏ ਕਿ ਸ਼ੁਕਰਵਾਰ ਨੂੰ ਅਗਲੇ ਸਾਲ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਲਈ ਕੁਸ਼ਤੀ ਦੇ ਚੋਣ ਟਰਾਇਲ ਦੌਰਾਨ ਦੋ ਵਾਰ ਦੇ ਓਲੰਪਿਕ ਚੈਂਪੀਅਨ ਸੁਸ਼ੀਲ ਕੁਮਾਰ ਦੇ ਵਿਰੋਧੀ ਮੁਕਾਬਲੇਬਾਜ਼ ਪ੍ਰਵੀਣ ਰਾਣਾ ਨੂੰ ਹਰਾਉਣ ਦੇ ਬਾਅਦ ਦੋਨਾਂ ਦੇ ਸਮਰਥਕ ਆਪਸ ਵਿਚ ਭਿੜ ਗਏ। ਟਰਾਇਲ ਦੇ ਪਹਿਲੇ ਦਿਨ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਜਭੂਸ਼ਣ ਸ਼ਰਣ ਸਿੰਘ ਵੀ ਮੌਜੂਦ ਸਨ।

ਸੁਸ਼ੀਲ ਖਿਲਾਫ ਖੇਡਣ ਕਰਕੇ ਕੁੱਟਿਆ
ਤਿੰਨ ਸਾਲ ਬਾਅਦ ਰਾਸ਼ਟਰਮੰਡਲ ਚੈਂਪੀਅਨਸ਼ਿਪ ਸੋਨੇ ਦਾ ਤਮਗਾ ਜਿੱਤ ਕੇ ਕੌਮਾਂਤਰੀ ਕੁਸ਼ਤੀ ਵਿਚ ਵਾਪਸੀ ਕਰਨ ਵਾਲੇ ਸੁਸ਼ੀਲ ਨੇ ਆਪਣੇ ਸਾਰੇ ਮੁਕਾਬਲੇ ਜਿੱਤੇ। ਮਾਮਲਾ ਤੱਦ ਵਿਗੜ ਗਿਆ ਜਦੋਂ ਸੈਮੀਫਾਈਨਲ ਵਿਚ ਸੁਸ਼ੀਲ ਤੋਂ ਹਾਰਨ ਦੇ ਬਾਅਦ ਰਾਣਾ ਨੇ ਦਾਅਵਾ ਕੀਤਾ ਕਿ ਸੁਸ਼ੀਲ ਦੇ ਸਮਰਥਕਾਂ ਨੇ ਰਿੰਗ ਵਿਚ ਉਸਦੇ ਖਿਲਾਫ ਉੱਤਰਨ ਲਈ ਉਸਨੂੰ ਅਤੇ ਉਸਦੇ ਵੱਡੇ ਭਰਾ ਨੂੰ ਮਾਰਿਆ।

ਜੋ ਕੁਝ ਹੋਇਆ ਗਲਤ ਸੀ
ਦੂਜੇ ਪਾਸੇ ਸੁਸ਼ੀਲ ਨੇ ਦਾਅਵਾ ਕੀਤਾ ਕਿ ਮੁਕਾਬਲੇ ਦੌਰਾਨ ਰਾਣਾ ਨੇ ਉਸ ਨੂੰ ਮਾਰਿਆ। ਉਨ੍ਹਾਂ ਨੇ ਕਿਹਾ, ''ਉਸਨੇ ਮੈਨੂੰ ਮਾਰਿਆ ਪਰ ਕੋਈ ਗੱਲ ਨਹੀਂ। ਇਹ ਮੈਨੂੰ ਵਧੀਆ ਖੇਡਣ ਤੋਂ ਰੋਕਣ ਦੀ ਉਸਦੀ ਰਣਨੀਤੀ ਹੋਵੇਗੀ। ਇਹ ਖੇਡ ਦਾ ਹਿੱਸਾ ਹੈ। ਜੋ ਕੁਝ ਹੋਇਆ ਸੀ, ਉਹ ਗਲਤ ਸੀ। ਮੈਂ ਇਸਦੀ ਨਿੰਦਿਆ ਕਰਦਾ ਹਾਂ। ਮੁਕਾਬਲਾ ਖਤਮ ਹੋਣ ਦੇ ਬਾਅਦ ਇਕ ਦੂਜੇ ਲਈ ਸਨਮਾਨ ਸੀ।''

ਸੁਸ਼ੀਲ ਦੇ ਸਮਰਥਕਾਂ ਨੇ ਦਿੱਤੀ ਧਮਕੀ
ਸੁਸ਼ੀਲ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਫਾਈਨਲ ਵਿਚ ਰਾਣਾ ਨੂੰ ਹਰਾਇਆ ਸੀ। ਰਾਣਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਸੁਸ਼ੀਲ ਦੇ ਸਮਰਥਕਾਂ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਕਿਹਾ ਹੈ ਕਿ ਅਗਲੀ ਪ੍ਰੋ ਕੁਸ਼ਤੀ ਲੀਗ ਵਿਚ ਖੇਡਣ ਦੀ ਭੁੱਲ ਨਾ ਕਰੇ।


Related News