ਇੰਗਲੈਂਡ ਦੀ ਕਰਾਰੀ ਹਾਰ, ਵਿੰਡੀਜ਼ ਸੀਰੀਜ਼ ''ਚ 2-0 ਨਾਲ ਅੱਗੇ

Sunday, Feb 03, 2019 - 11:14 AM (IST)

ਨਾਰਥ ਸਾਊਂਡ : ਤੇਜ਼ ਗੇਂਦਬਾਜ਼ ਕੇਮਾਰ ਰੋਚ ਅਤੇ ਕਪਤਾਨ ਜੇਸਨ ਹੋਲਡਰ ਨੇ ਫਿਰ ਤੋਂ ਇੰਗਲੈਂਡ ਦੀ ਬੱਲੇਬਾਜ਼ੀ ਨੂੰ ਢੇਰ ਕਰ ਕੇ ਵਿੰਡੀਜ਼ (ਵੈਸਟਇੰਡੀਜ਼) ਨੂੰ ਦੂਜੇ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ 10 ਵਿਕਟਾਂ ਨਾਲ ਜਿੱਤ ਦਿਵਾਈ। ਵਿੰਡੀਜ਼ ਨੇ ਇਸ ਤਰ੍ਹਾਂ ਨਾਲ 3 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅੱਗੇ ਹੋ ਗਈ ਹੈ। ਉਸ ਨੇ ਬਾਰਬਾਡੋਸ ਵਿਖੇ ਪਹਿਲੇ ਟੈਸਟ ਵਿਚ ਵੀ 381 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ। ਤੀਜਾ ਅਤੇ ਆਖਰੀ ਟੈਸਟ ਮੈਚ ਅਗਲੇ ਸ਼ਨੀਵਾਰ ਤੋਂ ਸੈਂਟ ਲੂਸੀਆ ਵਿਚ ਖੇਡਿਆ ਜਾਵੇਗਾ। ਵਿੰਡੀਜ਼ ਨੇ ਡੇਰੇਨ ਬ੍ਰਾਵੋ ਦੀ 50 ਦੌੜਾਂ ਦੀ ਹੋਲੀ ਪਰ ਜ਼ਰੂਰੀ ਪਾਰੀ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ ਵਿਚ 306 ਦੌੜਾਂ ਬਣਾ ਕੇ 119 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਪਹਿਲੀ ਪਾਰੀ ਵਿਚ 187 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੀ ਬੱਲੇਬਾਜ਼ੀ ਦੂਜੀ ਪਾਰੀ ਵਿਚ ਵੀ ਅਸਫਲ ਰਹੀ ਅਤੇ ਉਸਦੀ ਪੂਰੀ ਟੀਮ 132 ਦੌੜਾਂ 'ਤੇ ਢੇਰ ਹੋ ਗਈ। ਰੋਚ ਅਤੇ ਹੋਲਡਰ ਦੋਵਾਂ ਨੇ 4-4 ਵਿਕਟ ਲਏ। ਇਸ ਤਰ੍ਹਾਂ ਨਾਲ ਵਿੰਡੀਜ਼ ਨੂੰ 14 ਦੌੜਾਂ ਦਾ ਟੀਚਾ ਮਿਲਿਆ। ਸਲਾਮੀ ਬੱਲੇਬਾਜ਼ ਕ੍ਰੇਗ ਬ੍ਰੈਥਵੇਟ (ਅਜੇਤੂ 5) ਅਤੇ ਜਾਨ ਕੈਂਪਬੇਲ (ਅਜੇਤੂ 11) ਨੇ ਸਿਰਫ 2.1 ਓਵਰ ਵਿਚ ਆਪਣੀ ਟੀਮ ਨੂੰ ਟੀਚੇ ਤੱਕ ਪਹੁੰਚਾ ਦਿੱਤਾ। ਕੈਂਪਬੇਲ ਨੇ ਜੇਮਸ ਐਂਡਰਸਨ 'ਤੇ ਮਿਡਵਿਕਟ 'ਤੇ ਜੇਤੂ ਛੱਕਾ ਲਾਇਆ ਅਤੇ ਸਕੋਰ ਬਿਨਾ ਕਿਸੇ ਨੁਕਸਾਨ ਦੇ 17 ਦੌੜਾਂ ਤੱਕ ਪਹੁੰਚਾਇਆ।

PunjabKesari

ਇਹ 1994 ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਕੈਰੇਬੀਆਈ ਟੀਮ ਨੇ ਇੰਗਲੈਂਡ ਨੂੰ ਲਗਾਤਾਰ ਟੈਸਟ ਵਿਚ ਹਰਾਇਆ। ਹੋਲਡਰ ਨੇ ਜਿੱਤ ਤੋਂ ਬਾਅਦ ਕਿਹਾ, ''ਅਸੀਂ ਜਿੱਤ ਲਈ ਭੁੱਖੇ ਹਾਂ। ਇਹ ਟੀਮ ਪਿਛਲੇ ਕੁਝ ਸਮੇਂ ਤੋਂ ਨਾਲ ਹੈ ਅਤੇ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ। ਅਸੀਂ ਪਿਛਲੇ ਸਾਲ ਦੀ ਸਮਾਪਤੀ ਜਿਸ ਤਰ੍ਹਾਂ ਕੀਤੀ ਸੀ ਉਹ ਨਿਰਾਸ਼ਾਜਨਕ ਸੀ ਅਤੇ ਹਰ ਕੋਈ ਚੀਜ਼ਾਂ ਨੂੰ ਬਦਲਣ ਲਈ ਵਚਨਬੱਧ ਸੀ।''
PunjabKesari

ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਕਿਹਾ, ''ਇਹ ਨਿਰਾਸ਼ਾਜਨਕ ਹੈ। ਸਾਨੂੰ ਫਿਰ ਤੋਂ ਕਰਾਰੀ ਹਾਰ ਮਿਲੀ ਅਤੇ ਇਸ ਨੂੰ ਪਚਾ ਸਕਣਾ ਮੁਸ਼ਕਲ ਹੈ। ਗੇਂਦਬਾਜ਼ੀ ਵਿਚ ਅਸੀਂ ਸਖਤ ਮਿਹਨਤ ਕੀਤੀ ਪਰ 200 ਤੋਂ ਘੱਟ ਸਕੋਰ ਬਣਾਉਣ 'ਤੇ ਤੁਸੀਂ ਜਿੱਤ ਦਰਜ ਨਹੀਂ ਕਰ ਸਕਦੇ।'' 'ਮੈਨ ਆਫ ਦਿ ਮੈਚ' ਰੋਚ (52 ਦੌੜਾਂ ਦੇ ਕੇ 4 ਅਤੇ ਮੈਚ ਵਿਚ 82 ਦੌੜਾਂ ਦੇ ਕੇ 8 ਵਿਕਟਾਂ) ਅਤੇ ਹੋਲਡਰ (43 ਦੌੜਾਂ ਦੇ ਕੇ 4 ਵਿਕਟਾਂ) ਨੇ ਇੰਗਲੈਂਡ ਦੀ ਪਾਰੀ ਸਮੇਟਣ ਵਿਚ ਮਹੱਤਵਪੂਰਨ ਨਿਭਾਈ ਪਰ ਉਨ੍ਹਾਂ ਦੇ ਸਾਥੀ ਤੇਜ਼ ਗੇਂਦਬਾਜ਼ ਅਲਜਾਰੀ ਜੋਸੇਫ ਦੇ ਯੋਗਦਾਨ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ।

ਜ਼ਿਕਰਯੋਗ ਹੈ ਕਿ ਜੋਸੇਫ ਨੇ ਸਵੇਰੇ ਆਪਣੀ ਮਾਂ ਦੇ ਦਿਹਾਂਤ ਦੇ ਬਾਵਜੂਦ ਖੇਡਣਾ ਜਾਰੀ ਰੱਖਿਆ ਅਤੇ 12 ਦੌੜਾਂ ਦੇ ਕੇ 2 ਵਿਕਟ ਹਾਸਲ ਕੀਤੇ। ਉਸ ਨੇ ਰੂਟ ਅਤੇ ਸਲਾਮੀ ਬੱਲੇਬਾਜ਼ ਜੋ ਡੇਨਲੀ ਦੇ ਮੱਹਤਵਪੂਰਨ ਵਿਕਟ ਲਏ। ਇੰਗਲੈਂਡ ਵਲੋਂ ਜੋਸ ਬਟਲਰ ਨੇ ਸਭ ਤੋਂ ਵੱਧ 24 ਦੌੜਾਂ ਬਣਾਈਆਂ।


Related News