CWC 2019 : ਆਸਟਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾਇਆ

Tuesday, Jun 25, 2019 - 10:32 PM (IST)

CWC 2019 : ਆਸਟਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾਇਆ

ਲੰਡਨ- ਕਪਤਾਨ ਆਰੋਨ ਫਿੰਚ ਨੇ ਇਕ ਹੋਰ ਸੈਂਕੜੇ ਵਾਲੀ ਪਾਰੀ ਖੇਡੀ ਤੇ ਜੈਸਨ ਬਹਿਰਨਡ੍ਰੌਫ ਨੇ 5 ਵਿਕਟਾਂ ਲਈਆਂ, ਜਿਸ ਨਾਲ ਆਸਟਰੇਲੀਆ ਨੇ ਮੰਗਲਵਾਰ ਨੂੰ ਇੱਥੇ ਇੰਗਲੈਂਡ 'ਤੇ 64 ਦੌੜਾਂ ਨਾਲ ਜਿੱਤ ਦਰਜ ਕਰ ਕੇ ਵਿਸ਼ਵ ਕੱਪ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਤੇ ਮੇਜ਼ਬਾਨ ਟੀਮ ਨੂੰ ਸੰਕਟ ਵਿਚ ਪਾ ਦਿੱਤਾ। ਫਿੰਚ (116 ਗੇਂਦਾਂ 'ਤੇ 100 ਦੌੜਾਂ) ਤੇ ਡੇਵਿਡ ਵਾਰਨਰ (61 ਗੇਂਦਾਂ 'ਤੇ 53 ਦੌੜਾਂ) ਤੋਂ ਮਿਲੀ ਚੰਗੀ ਸ਼ੁਰੂਆਤ ਨਾਲ ਆਸਟਰੇਲੀਆ ਨੇ 7 ਵਿਕਟਾਂ 'ਤੇ 285 ਦੌੜਾਂ ਬਣਾਈਆਂ। 

PunjabKesari
ਇਸ ਦੇ ਉਲਟ ਇੰਗਲੈਂਡ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸ ਨੇ 26 ਦੌੜਾਂ ਤਕ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਬਾਅਦ ਵਿਚ ਬੇਨ ਸਟੋਕਸ (115 ਗੇਂਦਾਂ 'ਤੇ 89 ਦੌੜਾਂ) ਡਟ ਕੇ ਖੇਡਿਆ ਪਰ ਇੰਗਲੈਂਡ 44.4 ਓਵਰਾਂ ਵਿਚ 221 ਦੌੜਾਂ 'ਤੇ ਸਿਮਟ ਗਿਆ। ਬਹਿਰਨਡ੍ਰੌਫ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 44 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਦਕਿ ਮਿਸ਼ੇਲ ਸਟਾਰਕ ਨੇ 43 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ।

PunjabKesari
ਵਿਸ਼ਵ ਵਿਚ ਨੰਬਰ ਇਕ ਟੀਮ ਤੇ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀ ਇਹ 7 ਮੈਚਾਂ ਵਿਚੋਂ ਤੀਜੀ ਹਾਰ ਹੈ, ਜਿਸ ਨਾਲ ਉਸਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ। ਇੰਗਲੈਂਡ ਦੇ 8 ਅੰਕ ਹਨ ਤੇ ਉਸ ਨੂੰ ਜੇਕਰ ਸੈਮੀਫਾਈਨਲ ਵਿਚ ਪਹੁੰਚਣਾ ਹੈ ਤਾਂ ਭਾਰਤ ਤੇ ਨਿਊਜ਼ੀਲੈਂਡ ਵਿਰੁੱਧ ਆਪਣੇ ਅਗਲੇ ਦੋਵੇਂ ਮੈਚ ਜਿੱਤਣੇ ਹੀ ਪੈਣਗੇ। ਆਸਟਰੇਲੀਆ ਇਸ ਜਿੱਤ ਨਾਲ ਅੰਕ ਸੂਚੀ ਵਿਚ ਵੀ ਚੋਟੀ 'ਤੇ ਪਹੁੰਚ ਗਿਆ ਹੈ। ਉਸਦੇ 7 ਮੈਚਾਂ ਵਿਚੋਂ 12 ਅੰਕ ਹਨ। ਆਸਟਰੇਲੀਆ ਨੇ ਇਸ ਜਿੱਤ ਨਾਲ ਵਿਸ਼ਵ ਕੱਪ ਵਿਚ ਆਪਣੇ ਪੁਰਾਣੇ ਵਿਰੋਧੀ 'ਤੇ ਦਬਦਬਾ ਵੀ ਬਰਕਰਾਰ ਰੱਖਿਆ। ਇੰਗਲੈਂਡ ਨੇ ਇਸ ਟੂਰਨਾਮੈਂਟ ਵਿਚ ਆਖਰੀ ਵਾਰ 1992 ਵਿਚ ਆਸਟਰੇਲੀਆ ਨੂੰ ਹਰਾਇਆ ਸੀ। 
ਇਸ ਤੋਂ ਪਹਿਲਾਂ ਫਿੰਚ ਨੇ ਆਪਣਾ 15ਵਾਂ ਵਨ ਡੇ ਸੈਂਕੜਾ ਲਾਇਆ ਅਤੇ 116 ਗੇਂਦਾਂ 'ਤੇ 100 ਦੌੜਾਂ ਦੀ ਪਾਰੀ ਵਿਚ 11 ਚੌਕੇ ਅਤੇ 2 ਛੱਕੇ ਲਾਏ। ਫਿੰਚ ਨੇ ਡੇਵਿਡ ਵਾਰਨਰ (53) ਨਾਲ ਪਹਿਲੀ ਵਿਕਟ ਲਈ 123 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਆਸਟਰੇਲੀਆ ਇਕ ਸਮੇਂ 33ਵੇਂ ਓਵਰ ਵਿਚ ਇਕ ਵਿਕਟ 'ਤੇ 173 ਦੌੜਾਂ ਦੇ ਸਕੋਰ 'ਤੇ ਸੀ ਅਤੇ ਉਸ ਸਮੇਂ ਲੱਗ ਰਿਹਾ ਸੀ ਕਿ ਉਹ 300 ਦਾ ਅੰਕੜਾ ਪਾਰ ਕਰੇਗਾ ਪਰ ਆਖਰੀ ਓਵਰਾਂ ਵਿਚ ਲੜਖੜਾਉਣ ਦੀ ਉਸਦੀ ਆਦਤ ਨੇ ਉਸ ਨੂੰ 285 ਦੌੜਾਂ ਤਕ ਹੀ ਪਹੁੰਚਣ ਦਿੱਤਾ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਆਖਰੀ 10 ਓਵਰਾਂ ਵਿਚ ਸ਼ਾਨਦਾਰ ਵਾਪਸੀ ਕੀਤੀ ਅਤੇ ਆਸਟਰੇਲੀਆ ਨੂੰ 300 ਦੇ ਪਾਰ ਜਾਣ ਤੋਂ ਰੋਕਿਆ। ਆਖਰੀ 5 ਓਵਰਾਂ ਵਿਚ 37 ਦੌੜਾਂ ਹੀ ਬਣੀਆਂ।

ਆਸਟਰੇਲੀਆ

ਪਲੇਇੰਗ ਇਲੈਵਨ: ਡੇਵਿਡ ਵਾਰਨਰ, ਅਰੋਨ ਫਿੰਚ (ਕਪਤਾਨ), ਉਸਮਾਨ ਖਵਾਜਾ, ਸਟੀਵ ਸਮਿਥ, ਗਲੇਨ ਮੈਕਸਵੈਲ, ਮਾਰਕਸ ਸਟੋਇਨੀਸ, ਐਲੇਕਸ ਕੈਰੀ,ਨਾਥਨ ਲਿਓਨ,ਪੈਟ ਕਮਿੰਸ, ਮਿਸ਼ੇਲ ਸਟਾਰਕ, ਜੇਸਨ ਬੇਹਰੇਂਡੋਰਫ

ਇੰਗਲੈਂਡ

ਪਲੇਇੰਗ ਇਲੈਵਨ:: ਜੌਨੀ ਬੇਅਰਸਟੋ, ਜੇਮਸ ਵਿੰਸ, ਜੋ ਰੂਟ, ਇਓਨ ਮੋਰਗਨ (ਕਪਤਾਨ), ਬੈਨ ਸਟੋਕਸ, ਜੋਸ ਬਟਲਰ, ਮੋਇਨ ਅਲੀ, ਕ੍ਰਿਸ ਵੋਕੇਸ, ਜੋਫਰਾ ਆਰਚਰ,ਆਦਿਲ ਰਾਸ਼ਿਦ,ਮਾਰਕ ਵੁੱਡ


Related News