ਕਾਰੂਆਨਾ ਨੇ ਜਿੱਤਿਆ ਕੈਂਡੀਡੇਟ ਸ਼ਤਰੰਜ ਖਿਤਾਬ

03/28/2018 11:33:22 PM

ਬਰਲਿਨ (ਜਰਮਨ)— ਵਿਸ਼ਵ ਦੇ 8 ਚੋਣਵੇਂ ਖਿਡਾਰੀਆਂ ਵਿਚਾਲੇ ਖੇਡੇ ਜਾਣ ਵਾਲੇ ਫਿਡੇ ਕੈਂਡੀਡੇਟ ਸ਼ਤਰੰਜ-2018 ਦਾ ਖਿਤਾਬ ਆਖਿਰਕਾਰ ਅਮਰੀਕਨ ਗ੍ਰੈਂਡ ਮਾਸਟਰ ਫੇਬਿਆਨੋ ਕਾਰੂਆਨਾ ਨੇ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਹੁਣ ਉਹ ਨਵੰਬਰ 'ਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਵਿਰੁੱਧ ਵਿਸ਼ਵ ਚੈਂਪੀਅਨਸ਼ਿਪ 'ਚ ਉਸ ਦੇ ਵਿਸ਼ਵ ਖਿਤਾਬ ਨੂੰ ਚੁਣੌਤੀ ਦਿੰਦਾ ਨਜ਼ਰ ਆਏਗਾ।
1972 ਵਿਚ ਬੌਬੀ ਫਿਸ਼ਰ ਤੋਂ ਬਾਅਦ ਉਹ ਦੂਸਰਾ ਅਮਰੀਕੀ ਖਿਡਾਰੀ ਹੈ, ਜਿਸ ਨੇ ਇਹ ਮਾਣ ਹਾਸਲ ਕੀਤਾ ਹੈ। ਦੇਖਣਾ ਹੋਵੇਗਾ ਕਿ ਕੀ ਉਹ ਵਿਸ਼ਵ ਚੈਂਪੀਅਨ ਬਣਨ ਵਾਲਾ ਅਮਰੀਕਾ ਦਾ ਦੂਸਰਾ ਖਿਡਾਰੀ ਵੀ ਬਣਦਾ ਹੈ ਜਾਂ ਨਹੀਂ। ਗੱਲ ਕਰੀਏ ਆਖਰੀ ਰਾਊਂਡ ਦੀ ਤਾਂ ਖਿਤਾਬ ਲਈ 3 ਲੋਕਾਂ 'ਚ ਮੁਕਾਬਲਾ ਸੀ। ਕਾਰੂਆਨਾ 8 ਅੰਕਾਂ 'ਤੇ ਸੀ ਤਾਂ ਰੂਸ ਦਾ ਸੇਰਗੀ ਕਾਰਯਾਕਿਨ ਅਤੇ ਅਜ਼ਰਬਾਇਜਾਨ ਦਾ ਮਮੇਘਾਰੋਵ 7.5 ਅੰਕਾਂ 'ਤੇ। ਕਾਰੂਆਨਾ ਲਈ ਜਿੱਤ ਹਰ ਹਾਲ ਵਿਚ ਜ਼ਰੂਰੀ ਸੀ। ਉਸ ਨੇ ਇਸ ਆਖਰੀ ਦਬਾਅ ਦੇ ਮੁਕਾਬਲੇ 'ਚ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਰੂਸ ਦੇ ਅਲੈਕਜ਼ੈਂਡਰ ਗ੍ਰੀਸ਼ਚੁਕ 'ਤੇ ਸ਼ਾਨਦਾਰ ਜਿੱਤ ਨਾਲ 9 ਅੰਕ ਬਣਾਉਂਦੇ ਹੋਏ ਵਿਸ਼ਵ ਚੈਂਪੀਅਨਸ਼ਿਪ 'ਚ ਖੇਡਣ ਦਾ ਮਾਣ ਹਾਸਲ ਕਰ ਲਿਆ।
ਹੋਰ ਨਤੀਜਿਆਂ 'ਚ ਕਾਰਯਾਕਿਨ ਚੀਨ ਦੇ ਡਿੰਗ ਲੀਰੇਨ ਨਾਲ ਡਰਾਅ ਖੇਡ ਕੇ ਤਾਂ ਮਮੇਘਾਰੋਵ ਰੂਸ ਦੇ ਵਲਾਦੀਮੀਰ ਕ੍ਰਾਮਨਿਕ ਨਾਲ ਡਰਾਅ ਖੇਡ ਕੇ 8 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਸਰੇ ਸਥਾਨ 'ਤੇ ਰਹੇ। ਚੀਨ ਦਾ ਡਿੰਗ ਲੀਰੇਨ 7.5, ਰੂਸ ਦਾ ਵਲਾਦੀਮੀਰ ਕ੍ਰਾਮਨਿਕ ਅਤੇ ਅਲੈਕਜ਼ੈਂਡਰ ਗ੍ਰੀਸ਼ਚੁਕ 6.5, ਅਮਰੀਕਾ ਦਾ ਵੇਸਲੀ ਸੋਅ 6 ਅਤੇ ਅਰਮੇਨੀਆ ਦਾ ਲੇਵਾਨ ਅਰੋਨੀਅਨ 5.5 ਅੰਕਾਂ 'ਤੇ ਰਿਹਾ।


Related News