7 ਮਹੀਨਿਆਂ ’ਚ 4 ਖਿਤਾਬ, ਕੋਲਕਾਤਾ ਦੇ ‘ਬਿੱਗ ਥ੍ਰੀ’ ਦੀ ਸਫਲਤਾ ਦਾ ਵੱਡਾ ਅਸਰ ਹੋਵੇਗਾ : AIFF ਮੁਖੀ

Tuesday, Apr 16, 2024 - 09:01 PM (IST)

7 ਮਹੀਨਿਆਂ ’ਚ 4 ਖਿਤਾਬ, ਕੋਲਕਾਤਾ ਦੇ ‘ਬਿੱਗ ਥ੍ਰੀ’ ਦੀ ਸਫਲਤਾ ਦਾ ਵੱਡਾ ਅਸਰ ਹੋਵੇਗਾ : AIFF ਮੁਖੀ

ਕੋਲਕਾਤਾ– ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਦੇ ਮੁਖੀ ਕਲਿਆਣ ਚੌਬੇ ਨੇ ਮੰਗਲਵਾਰ ਨੂੰ ਕਿਹਾ ਕਿ ਕੋਲਕਾਤਾ ਦੇ ‘ਬਿੱਗ ਥ੍ਰੀ’ (ਮੋਹਨ ਬਾਗਾਨ, ਈਸਟ ਬੰਗਾਲ ਤੇ ਮੋਹੰਮਡਨ ਸਪੋਰਟਿੰਗ) ਦੀ ਸਫਲਤਾ ਦਾ ਸਿਰਫ ਸੂਬੇ ਦੀ ਫੁੱਟਬਾਲ ’ਤੇ ਹੀ ਵੱਡਾ ਅਸਰ ਨਹੀਂ ਪਵੇਗਾ ਸਗੋਂ ਇਸਦਾ ਦੇਸ਼ ਵਿਚ ਖੇਡ ’ਤੇ ਵੀ ਹਾਂ-ਪੱਖੀ ਅਸਰ ਪਵੇਗਾ। 7 ਮਹੀਨਿਆਂ ਵਿਚ 4 ਖਿਤਾਬ ਤੇ ‘ਭਾਰਤੀ ਫੁੱਟਬਾਲ ਦਾ ਮੱਕਾ’ ਕਿਹਾ ਜਾਣ ਵਾਲਾ ਕੋਲਕਾਤਾ ਸੋਮਵਾਰ ਨੂੰ ਇੱਥੇ ਖਚਾਖਚ ਭਰੇ ਸਾਲਟ ਲੇਕ ਸਟੇਡੀਅਮ ਵਿਚ ਮੁੰਬਈ ਸਿਟੀ ਐੱਫ. ਸੀ. ’ਤੇ 2-1 ਦੀ ਜਿੱਤ ਤੋਂ ਬਾਅਦ ਮੋਹਨ ਬਾਗਾਨ ਦੇ ਪਹਿਲੀ ਵਾਰ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੀ ‘ਲੀਗ ਜੇਤੂ ਸ਼ੀਲਡ’ ਜਿੱਤਣ ਦਾ ਜਸ਼ਨ ਮਨਾ ਰਿਹਾ ਹੈ।
ਚੌਬੇ ਨੇ ਕਿਹਾ,‘‘ਆਈ. ਐੱਸ. ਐੱਲ. ਸ਼ੀਲਡ, ਆਈ-ਲੀਗ ਟਰਾਫੀ, ਸੁਪਰ ਕੱਪ ਤੇ ਡੂਰੰਡ ਕੱਪ ਨੂੰ ਪੱਛਮੀ ਬੰਗਾਲ ਵਿਚ ਲਿਆਉਣ ਸੂਬੇ ਵਿਚ ਨਵੇਂ ਜਮਾਨੇ ਦੇ ਫੁੱਟਬਾਲ ਤੇ ਇਨ੍ਹਾਂ ਕਲੱਬਾਂ ਦਾ ਫੁੱਟਬਾਲ ਦੇ ਨਵੇਂ ਮਾਪਦੰਡਾਂ ਦੇ ਅਨੁਕੂਲ ਹੋਣ ਦਾ ਸੰਕੇਤ ਹੈ।’’
ਉਸ ਨੇ ਕਿਹਾ,‘‘ਕੋਲਕਾਤਾ ਦੇ ਤਿੰਨ ਧਾਕੜਾਂ ਨੂੰ ਪੱਛਮੀ ਬੰਗਾਲ, ਭਾਰਤ ਤੇ ਵਿਸ਼ਵ ਪੱਧਰ ’ਤੇ ਪ੍ਰਸ਼ੰਸਕਾਂ ਦਾ ਵੱਡਾ ਸਮਰਥਨ ਹਾਸਲ ਹੈ। ਮੈਨੂੰ ਭਰੋਸਾ ਹੈ ਕਿ ਮੋਹਨ ਬਾਗਾਨ ਤੇ ਈਸਟ ਬੰਗਾਲ ਦੀ ਸਫਲਤਾ ਤੇ ਨਾਲ ਹੀ ਮੋਹੰਮਡਨ ਸਪੋਰਟਿੰਗ ਦੇ ਅਗਲੇ ਸੈਸ਼ਨ ਵਿਚ ਆਈ. ਐੱਸ. ਐੱਲ. ਵਿਚ ਸ਼ਾਮਲ ਹੋਣ ਨਾਲ ਭਾਰਤੀ ਫੁੱਟਬਾਲ ’ਤੇ ਵੱਡਾ ਅਸਰ ਪਵੇਗਾ।’’
ਇਸ ਦੀ ਸ਼ੁਰੂਆਤ ਮੋਹਨ ਬਾਗਾਨ ਨੇ ਪਿਛਲੇ ਸਾਲ 3 ਸਤੰਬਰ ਨੂੰ ਪੁਰਾਣੇ ਵਿਰੋਧੀ ਈਸਟ ਬੰਗਾਲ ਨੂੰ 1-0 ਨਾਲ ਹਰਾ ਕੇ 23 ਸਾਲ ਵਿਚ ਆਪਣੇ ਪਹਿਲੇ ਡੂਰੰਡ ਕੱਪ ਖਿਤਾਬ ਦੇ ਨਾਲ ਸੈਸ਼ਨ ਸ਼ੁਰੂ ਕਰਕੇ ਕੀਤੀ। ਈਸਟ ਬੰਗਾਲ ਨੇ 29 ਜਨਵਰੀ ਨੂੰ ਭੁਵਨੇਸ਼ਵਰ ਵਿਚ ਓਡਿਸ਼ਾ ਐੱਫ. ਸੀ. ਨੂੰ 3-2 ਨਾਲ ਹਰਾ ਕੇ ਸੁਪਰ ਕੱਪ ਜਿੱਤਿਆ। ਇਸ ਨਾਲ ਉਸਦੇ 12 ਸਾਲ ਦੇ ਟਰਾਫੀ ਦੇ ਸੋਕੇ ਦਾ ਅੰਤ ਹੋਇਆ।
ਕਈ ਵਾਰ ਹੇਠਲੀ ਲੀਗ ਵਿਚ ਖਿਸਕਣ ਤੋਂ ਬਾਅਦ ਵਾਪਸੀ ਕਰਦੇ ਹੋਏ ਮੋਹੰਮਡਨ ਸਪੋਰਟਿੰਗ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਸ਼ਿਲਾਂਗ ਲਾਜੋਂਗ ਐੱਫ. ਸੀ. ਨੂੰ 2-1 ਨਾਲ ਹਰਾ ਕੇ ਇਕ ਦੌਰ ਬਾਕੀ ਰਹਿੰਦਿਆਂ ਆਈ-ਲੀਗ ਦਾ ਖਿਤਾਬ ਜਿੱਤਿਆ ਤੇ ਆਈ. ਐੱਸ. ਐੱਲ. ਵਿਚ ਜਗ੍ਹਾ ਬਣਾਈ। ਇਸ ਤੋਂ ਬਾਅਦ ਮੋਹਨ ਬਾਗਾਨ ਨੇ ਸਾਲਟ ਲੇਕ ਸਟੇਡੀਅਮ ਵਿਚ ਰਿਕਾਰਡ 61,000 ਤੋਂ ਵੱਧ ਘਰੇਲੂ ਦਰਸ਼ਕਾਂ ਸਾਹਮਣੇ ਆਈ. ਐੱਸ. ਐੱਲ. ਸ਼ੀਲਡ ਜਿੱਤੀ। ਟੀਮ ਦੀਆਂ ਨਜ਼ਰਾਂ ਹੁਣ ਆਈ. ਐੱਸ. ਐੱਲ. ਟਰਾਫੀ ਜਿੱਤ ਕੇ ਸੈਸ਼ਨ ਦਾ ਅੰਤ ਕਰਨ ’ਤੇ ਟਿਕੀਆਂ ਹਨ।


author

Aarti dhillon

Content Editor

Related News