ਐਥਲੈਟਿਕੋ ਬਿਲਬਾਓ ਨੇ ਪੈਨਲਟੀ ਸ਼ੂਟਆਊਟ ’ਚ ਮਾਲੋਰਕਾ ਨੂੰ ਹਰਾ ਕੇ ਕੋਪਾ ਡੇਲ ਰੇ ਖਿਤਾਬ ਜਿੱਤਿਆ
Sunday, Apr 07, 2024 - 08:32 PM (IST)
ਸੇਵਿਲੇ- ਐਥਲੈਟਿਕੋ ਬਿਲਬਾਓ ਨੇ ਪੈਨਲਟੀ ਸ਼ੂਟਆਊਟ ’ਚ ਮਾਲੋਰਕਾ ਨੂੰ 4-2 ਨਾਲ ਹਰਾ ਕੇ ਚਾਰ ਦਹਾਕਿਆਂ ਬਾਅਦ ਕੋਪਾ ਡੇਲ ਰੇ ਫੁਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਬਿਲਬਾਓ ਨੂੰ ਮਾਲੋਰਕਾ ਵਿਰੁੱਧ ਜਿੱਤ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਟੀਮ ਨੂੰ ਖਿਤਾਬ ਜਿੱਤਣ ਲਈ ਕਾਫੀ ਪਸੀਨਾ ਵਹਾਉਣਾ ਪਿਆ।
ਬਿਲਬਾਓ ਵੱਲੋਂ ਪੈਨਲਟੀ ਸ਼ੂਟਆਊਟ ਵਿਚ ਰਾਓਲ ਗਾਰਸੀਆ, ਇਕੇਰ ਮੂਨੀਅਨ, ਮਾਈਕਲ ਵੇਸਗਾ ਤੇ ਅਲੈਗਜ਼ਾਂਦ੍ਰੋ ਬੇਰੇਨਗੁਏਰ ਨੇ ਪੈਨਲਟੀ ਸ਼ੂਟਆਊਟ ਵਿਚ ਗੋਲ ਕੀਤੇ। ਐਥਲੈਟਿਕੋ ਬਿਲਬਾਓ ਦੇ ਗੋਲਕੀਪਰ ਜੂਲੇਨ ਅਗਿਰੇਜਾਬਲਾ ਨੇ ਮੈਨੂਏਲ ਮੋਲੋਰਨੇਸ ਦੀ ਸ਼ਾਟ ਨੂੰ ਰੋਕਿਆ ਜਦਕਿ ਮਾਲੋਰਕਾ ਦੇ ਨੇਮਾਂਜਾ ਰਾਦੋਨਜਿਕ ਨੇ ਸ਼ਾਟ ਬਾਹਰ ਮਾਰੀ।
ਇਸ ਤੋਂ ਪਹਿਲਾਂ ਨਿਯਮਤ ਤੇ ਵਾਧੂ ਸਮੇਂ ਤੋਂ ਬਾਅਦ ਫਾਈਨਲ ਮੁਕਾਬਲਾ 1-1 ਨਾਲ ਬਰਾਬਰ ਰਿਹਾ। ਡੈਨੀ ਰੋਡ੍ਰਿਗਜ਼ ਨੇ ਮਾਲੋਰਕਾ ਨੂੰ 21ਵੇਂ ਮਿੰਟ ਵਿਚ ਅੱਗੇ ਕੀਤਾ ਪਰ ਓਈਹਾਨ ਸਾਂਚੇ ਨੇ 50ਵੇਂ ਮਿੰਟ ਵਿਚ ਸਕੋਰ 1-1 ਕਰ ਦਿੱਤਾ। ਐਥਲੈਟਿਕੋ ਬਿਲਬਾਓ ਦਾ ਇਹ 23ਵਾਂ ਕੋਪਾ ਡੇਲ ਰੇ ਖਿਤਾਬ ਹੈ। ਟੀਮ ਨੇ ਪਿਛਲਾ ਖਿਤਾਬ 1984 ਵਿਚ ਜਿੱਤਿਆ ਸੀ। ਟੀਮ ਨੂੰ ਇਸ ਤੋਂ ਬਾਅਦ 6 ਵਾਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।