ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦਾ ਦਾਅਵਾ ਕਰੇਗਾ ਭਾਰਤ : AICF
Friday, Apr 26, 2024 - 12:04 PM (IST)
ਚੇਨਈ– ਅਖਿਲ ਭਾਰਤੀ ਸ਼ਤਰੰਜ ਮਹਾਸੰਘ (ਏ. ਆਈ. ਸੀ. ਐੱਫ.) ਦੇ ਨਵੇਂ ਚੁਣੇ ਸਕੱਤਰ ਦੇਵ ਪਟੇਲ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਡੀ. ਗੁਕੇਸ਼ ਅਤੇ ਚੀਨ ਦੇ ਡਿੰਗ ਲਿਰੇਨ ਵਿਚਾਲੇ ਇਸ ਸਾਲ ਹੋਣ ਵਾਲੇ ਵਿਸ਼ਵ ਚੈਂਪੀਅਨਸ਼ਿਪ ਮੈਚ ਦੀ ਮੇਜ਼ਬਾਨੀ ਦਾ ਦਾਅਵਾ ਕਰੇਗਾ। 17 ਸਾਲਾਂ ਦੇ ਗੁਕੇਸ਼ ਟੋਰੰਟੋ ’ਚ ਕੈਂਡੀਡੇਟਸ ਟੂਰਨਾਮੈਂਟ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ਦੇ ਸਭ ਤੋਂ ਨੌਜਵਾਨ ਚੈਲੰਜਰ ਬਣੇ। ਵਿਸ਼ਵ ਚੈਂਪੀਅਨਸ਼ਿਪ ਮੁਕਾਬਲੇ ਦੀ ਤਰੀਕ ਅਤੇ ਸਥਾਨ ਅਜੇ ਤੈਅ ਨਹੀਂ ਹੈ।
ਗੁਜਰਾਤ ਸ਼ਤਰੰਜ ਸੰਘ ਦੇ ਪ੍ਰਧਾਨ ਪਟੇਲ ਨੇ ਕਿਹਾ ਕਿ ਅਸੀਂ ਫਿਡੇ ਨਾਲ ਗੱਲ ਕਰਾਂਗੇ। ਸਾਨੂੰ ਉਮੀਦ ਹੈ ਕਿ ਭਾਰਤ ’ਚ ਸ਼ਾਨਦਾਰ ਵਿਸ਼ਵ ਚੈਂਪੀਅਨਸ਼ਿਪ ਖੇਡੀ ਜਾਵੇਗੀ। ਭਾਰਤੀ ਸ਼ਤਰੰਜ ਮਹਾਸੰਘ ਸ਼ੁੱਕਰਵਾਰ ਨੂੰ ਫਿਡੇ ਨਾਲ ਇਸ ਬਾਰੇ ਗੱਲ ਕਰੇਗਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਫਿਡੇ ਨੂੰ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦੀ ਪ੍ਰਸਤਾਵ ਦੇਣਾ ਨਹੀਂ ਸਗੋਂ ਦੇਸ਼ ’ਚ ਸ਼ਤਰੰਜ ਨੂੰ ਹਰਮਨਪਿਆਰੀ ਖੇਡ ਬਣਾਉਣ ਦਾ ਹੈ। ਮੇਜ਼ਬਾਨੀ ਦੇ ਦਾਅਵੇਦਾਰਾਂ ’ਚ ਗੁਜਰਾਤ, ਤਾਮਿਲਨਾਡੂ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬੇ ਸ਼ਾਮਲ ਹਨ।