Birthday Spl : ਜਦੋਂ ਭੁਵਨੇਸ਼ਵਰ ਨੇ ਸਚਿਨ ਨੂੰ ''0'' ''ਤੇ ਆਊਟ ਕਰਕੇ ਮਚਾਇਆ ਸੀ ਤਹਿਲਕਾ
Tuesday, Feb 05, 2019 - 12:21 PM (IST)
ਨਵੀਂ ਦਿੱਲੀ— ਭੁਵਨੇਸ਼ਵਰ ਕੁਮਾਰ ਨੇ ਭਾਰਤੀ ਤੇਜ਼ ਗੇਂਦਬਾਜ਼ੀ ਨੂੰ ਨਵੀਆਂ ਉੱਚਾਈਆਂ ਤਕ ਪਹੁੰਚਾਇਆ ਹੈ। ਉਹ ਸ਼ੁਰੂਆਤੀ ਸਪੈਲ 'ਚ ਸ਼ਾਨਦਾਰ ਆਗਾਜ਼ ਕਰਦੇ ਹਨ ਅਤੇ ਡੈਥ ਓਵਰਾਂ 'ਚ ਬੱਲੇਬਾਜ਼ਾਂ ਨੂੰ ਰੋਕਣ 'ਚ ਸਫਲ ਹੁੰਦੇ ਹਨ। ਭੁਵਨੇਸ਼ਵਰ ਕੁਮਾਰ ਦਾ ਜਨਮ ਅੱਜ ਦੇ ਹੀ ਦਿਨ ਭਾਵ 5 ਫਰਵਰੀ 1990 ਨੂੰ ਉੱਤਰ ਪ੍ਰਦੇਸ਼ 'ਚ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ। ਉਨ੍ਹਾਂ ਦੇ ਪਿਤਾ ਨੌਕਰੀ ਕਾਰਨ ਅਕਸਰ ਬਾਹਰ ਰਹਿੰਦੇ ਸਨ। ਅਜਿਹੇ 'ਚ ਉਨ੍ਹਾਂ ਦੀ ਭੈਣ ਰੇਖਾ ਨੇ ਉਨ੍ਹਾਂ ਨੂੰ ਕ੍ਰਿਕਟ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਇਸ 'ਚ ਮਦਦ ਵੀ ਕੀਤੀ।

ਭੁਵਨੇਸ਼ਵਰ ਨੇ ਕੌਮਾਂਤਰੀ ਕ੍ਰਿਕਟ 'ਚ ਕਦਮ ਰੱਖਣ ਤੋਂ ਪਹਿਲਾਂ ਹੀ ਵੱਡੀ ਉਪਲਬਧੀ ਹਾਸਲ ਕਰ ਲਈ ਸੀ। ਉਹ ਇਕੱਲੇ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਘਰੇਲੂ ਕ੍ਰਿਕਟ (ਫਰਸਟ ਕਲਾਸ) 'ਚ ਸਚਿਨ ਨੂੰ 0 'ਤੇ ਆਊਟ ਕੀਤਾ ਹੈ। ਰਣਜੀ ਟਰਾਫੀ ਫਾਈਨਲ ਦੇ ਦੌਰਾਨ (12 ਜਨਵਰੀ 2009) ਉਨ੍ਹਾਂ ਨੇ ਸਚਿਨ ਨੂੰ ਜ਼ੀਰੋ 'ਤੇ ਆਊਟ ਕੀਤਾ ਸੀ।

ਭੁਵੀ ਦਾ ਟੈਸਟ ਟੀਮ 'ਚ ਡੈਬਿਊ ਫਰਵਰੀ 2013 'ਚ ਆਸਟਰੇਲੀਆ ਦੇ ਖਿਲਾਫ ਚੇਨਈ 'ਚ ਹੋਇਆ। ਉਹ ਭਾਰਤੀ ਟੀਮ ਲਈ ਖੁਸ਼ਕਿਮਤ ਸਾਬਤ ਹੋਏ। ਦਰਅਸਲ, ਉਨ੍ਹਾਂ ਦੇ ਆਉਂਦੇ ਹੀ ਭਾਰਤੀ ਟੀਮ ਨੇ ਲਗਾਤਾਰ 6 ਟੈਸਟ ਮੈਚ ਜਿੱਤੇ।

ਭੁਵੀ ਦੇ ਡੈਬਿਊ ਦੇ ਨਾਲ ਹੀ ਭਾਰਤ ਨੇ ਆਸਟਰੇਲੀਆ ਦੇ ਖਿਲਾਫ ਘਰੇਲੂ ਸੀਰੀਜ਼ ਦੇ ਸਾਰੇ 4 ਅਤੇ ਵਿੰਡੀਜ਼ ਦੇ ਖਿਲਾਫ 2 ਟੈਸਟ ਮੁਕਾਬਲਿਆਂ 'ਚ ਜਿੱਤ ਦਰਜ ਕੀਤੀ ਹੈ। ਪਰ ਇਸ ਦੌਰਾਨ ਭੁਵੀ ਦਾ ਪ੍ਰਦਰਸ਼ਨ ਔਸਤ ਰਿਹਾ, ਉਹ 9 ਵਿਕਟਾਂ ਹੀ ਲੈ ਸਕੇ। ਹਾਲਾਂਕਿ 2014 ਦੇ ਇੰਗਲੈਂਡ ਦੌਰੇ 'ਤੇ ਉਨ੍ਹਾਂ ਨੇ 19 ਵਿਕਟ ਝਟਕੇ ਅਤੇ ਤਿੰਨ ਅਰਧ ਸੈਂਕੜੇ ਵੀ ਲਗਾਏ।

ਇਸ ਤੋਂ ਪਹਿਲਾਂ ਭੁਵਨੇਸ਼ਵਰ ਨੇ ਪਾਕਿਸਤਾਨ ਦੇ ਖਿਲਾਫ ਦਸੰਬਰ 2012 'ਚ ਟੀ-20 ਇੰਟਰਨੈਸ਼ਨਲ ਅਤੇ ਵਨ ਡੇ 'ਚ ਧਮਾਕੇਦਾਰ ਡੈਬਿਊ ਕੀਤਾ। ਉਨ੍ਹਾਂ ਨੇ ਬੈਂਗਲੁਰੂ 'ਚ ਪਾਕਿਸਤਾਨ ਦੇ ਖਿਲਾਫ ਟੀ-20 ਇੰਟਰਨੈਸ਼ਨਲ ਡੈਬਿਊ ਦੇ ਆਪਣੇ ਪਹਿਲੇ ਹੀ ਓਵਰ 'ਚ ਵਿਕਟ ਹਾਸਲ ਕੀਤਾ। ਉਦੋਂ ਉਨ੍ਹਾਂ ਨੇ ਭਾਰਤੀ ਗੇਂਦਬਾਜ਼ੀ ਦਾ ਆਗਾਜ਼ ਕਰਦੇ ਹੋਏ ਪਾਕਿ ਬੱਲੇਬਾਜ਼ ਨਾਸਿਰ ਜਮਸ਼ੇਦ (2) ਨੂੰ ਓਵਰ ਦੀ ਆਖਰੀ ਗੇਂਦ 'ਤੇ ਬੋਲਡ ਕੀਤਾ ਸੀ।

ਇਸ ਤੋਂ ਬਾਅਦ ਭੁਵੀ ਨੇ ਚੇਨਈ 'ਚ ਵਨ ਡੇ 'ਚ ਡੈਬਿਊ ਕੀਤਾ ਅਤੇ ਪਾਕਿਸਤਾਨ ਦੇ ਖਿਲਾਫ ਗੇਂਦਬਾਜ਼ੀ ਦੀ ਸ਼ੁਰੂਆਤ ਕਰਦੇ ਹੋਏ ਪਹਿਲੀ ਹੀ ਗੇਂਦ 'ਤੇ ਭਾਰਤ ਨੂੰ ਵਿਕਟ ਦਿਵਾਇਆ। ਉਦੋਂ ਮੁਹੰਮਦ ਹਫੀਜ਼ ਨੂੰ ਉਨ੍ਹਾਂ ਨੇ ਬੋਲਡ ਕਰਕੇ ਪਵੇਲੀਅਨ ਭੇਜਿਆ।

ਭੁਵਨੇਸ਼ਵਰ ਆਪਣੇ ਕੌਮਾਂਤਰੀ ਕਰੀਅਰ 'ਚ ਅਜੇ ਤਕ 21 ਟੈਸਟ ਮੈਚਾਂ 'ਚ 63 ਵਿਕਟਾਂ ਲੈ ਚੁਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 103 ਵਨ ਡੇ 'ਚ 114 ਅਤੇ 34 ਟੀ-20 ਕੌਮਾਂਤਰੀ 'ਚ 33 ਵਿਕਟ ਝਟਕੇ ਹਨ।

ਭੁਵੇਸ਼ਵਰ ਦੇ ਨਾਂ ਇਕ ਸ਼ਾਨਦਾਰ ਰਿਕਾਰਡ ਇਹ ਵੀ ਹੈ ਕਿ ਉਹ ਤਿੰਨੇ ਫਾਰਮੈਟ 'ਚ 5 ਵਿਕਟ ਹਾਲ (five-wicket haul) ਭਾਵ ਇਕ ਪਾਰੀ 'ਚ 5 ਜਾਂ ਇਸ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਹਨ।
