'ਪੰਜਾਬੀਆਂ ਨੇ ਇਸ 'ਬਦਲਾਅ' ਲਈ ਨਹੀਂ ਪਾਈ ਸੀ ਵੋਟ...'; ਮਾਣਿਕ ਗੋਇਲ ਨੇ ਘੇਰੀ 'ਆਪ' ਸਰਕਾਰ

Wednesday, Jan 28, 2026 - 06:56 PM (IST)

'ਪੰਜਾਬੀਆਂ ਨੇ ਇਸ 'ਬਦਲਾਅ' ਲਈ ਨਹੀਂ ਪਾਈ ਸੀ ਵੋਟ...'; ਮਾਣਿਕ ਗੋਇਲ ਨੇ ਘੇਰੀ 'ਆਪ' ਸਰਕਾਰ

ਚੰਡੀਗੜ੍ਹ (ਵੈੱਬ ਡੈਸਕ): ਆਰ. ਟੀ. ਆਈ. ਐਕਟਿਵਿਸਟ ਮਾਣਿਕ ਗੋਇਲ ਨੇ ਅੱਜ ਪੰਜਾਬ ਵਿਚ ਹੋਏ ਦੋ ਵੱਡੇ ਕਤਲਕਾਂਡਾਂ ਅਤੇ ਸਰਹਿੰਦ ਰੇਲਵੇ ਟਰੈਕ ਨੇੜੇ ਆਰ. ਡੀ. ਐੱਕਸ. ਧਮਾਕੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਗੋਇਲ ਨੇ ਪੰਜਾਬ ਵਿਚ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਘੇਰਿਆ ਹੈ। 

ਮਾਣਿਕ ਗੋਇਲ ਨੇ ਕਿਹਾ ਕਿ ਪੰਜਾਬ 'ਚ ਖ਼ੂਨ ਡੁੱਲ੍ਹ ਰਿਹਾ ਹੈ। ਅੱਜ ਦੁਪਹਿਰ ਤਕ ਹੀ ਸੂਬੇ ਵਿਚ ਦੋ ਭਿਆਨਕ ਘਟਨਾਵਾਂ ਵਾਪਰ ਗਈਆਂ ਹਨ। ਬਟਾਲਾ ਵਿਚ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਬੇਦੀ ਨੂੰ ਗੁੰਡਿਆਂ ਨੇ ਸਿਰ ਵਿਚ ਗੋਲ਼ੀ ਮਾਰ ਦਿੱਤੀ। ਉਸ ਨੂੰ ਵਾਰ-ਵਾਰ ਫਿਰੌਤੀ (50 ਲੱਖ) ਦੀਆਂ ਧਮਕੀਆਂ ਮਿਲੀਆਂ ਸਨ। ਦੂਜੀ ਘਟਨਾ ਮੋਹਾਲੀ ਵਿਚ ਵਾਪਰੀ, ਜਿੱਥੇ ਇਕ ਵਿਅਕਤੀ ਨੂੰ ਦਿਨ-ਦਿਹਾੜੇ ਐੱਸ.ਐੱਸ.ਪੀ. ਮੋਹਾਲੀ ਦਫ਼ਤਰ ਦੇ ਸਾਹਮਣੇ ਗੋਲ਼ੀਆਂ ਮਾਰ ਦਿੱਤੀਆਂ ਗਈਆਂ, ਜਦੋਂ ਉਹ ਆਪਣੀ ਪਤਨੀ ਨਾਲ ਅਦਾਲਤ ਵਿਚ ਪੇਸ਼ੀ ਲਈ ਆਇਆ ਸੀ। ਦਿਨ-ਦਿਹਾੜੇ ਪੁਲਸ ਮੁਖੀ ਦੇ ਦਫ਼ਤਰ ਦੇ ਸਾਹਮਣੇ 17 ਗੋਲੀਆਂ ਚਲਾਈਆਂ ਗਈਆਂ। ਇਸ ਦੇ ਨਾਲ ਹੀ ਗੋਇਲ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਸਰਹਿੰਦ ਰੇਲਵੇ ਟਰੈਕ ਨੇੜੇ ਹੋਏ ਆਰ. ਡੀ. ਐੱਕ. ਧਮਾਕੇ ਦਾ ਵੀ ਜ਼ਿਕਰ ਕੀਤਾ। 

PunjabKesari

ਆਰ. ਟੀ. ਆਈ. ਐਕਟਿਵਿਸਟ ਨੇ ਕਿਹਾ ਕਿ ਨਸ਼ੇ 'ਤੇ ਕਾਬੂ ਪਾਉਣਾ ਤਾਂ ਦੂਰ ਦੀ ਗੱਲ, ਹਰ ਰੋਜ਼ ਫ਼ਾਇਰਿੰਗ, ਫ਼ਿਰੌਤੀਆਂ ਅਤੇ ਗੈਂਗਸਟਰਾਂ ਵੱਲੋਂ ਕਤਲਕਾਂਡ ਪੰਜਾਬ ਵਿਚ ਆਮ ਵਰਤਾਰਾ ਹੋ ਚੁੱਕਿਆ ਹੈ। ਛੋਟੇ ਦੁਕਾਨਦਾਰਾਂ ਤੋਂ ਵੀ ਵਸੂਲੀ ਕੀਤੀ ਜਾ ਰਹੀ ਹੈ, ਕਾਰੋਬਾਰੀਆਂ ਵਿਚ ਸਹਿਮ ਦਾ ਮਾਹੌਲ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਕਾਨੂੰਨ ਵਿਵਸਥਾ ਦਾ ਇਹ ਹਾਲ ਕਦੇ ਨਹੀਂ ਸੀ ਵੇਖਿਆ। ਗੋਇਲ ਨੇ ਕਿਹਾ ਕਿ ਕਾਨੂੰਨ ਵਿਵਸਥਾ ਸਿਰਫ਼ ਇਸ਼ਤਿਹਾਰਾਂ, ਰੀਲਾਂ ਜਾਂ ਪੰਜਾਬ ਪੁਲਸ ਵੱਲੋਂ ਵਧਾ ਚੜ੍ਹਾ ਕੇ ਪੇਸ਼ ਕੀਤੇ ਜਾਂਦੇ ਅੰਕੜਿਆਂ ਤਕ ਹੀ ਸੀਮਤ ਰਹਿ ਗਿਆ ਹੈ। 

ਮਾਣਿਕ ਗੋਇਲ ਨੇ ਕਿਹਾ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ 'ਡਰਾਮੇਬਾਜ਼' ਸਰਕਾਰ ਇਸ ਲਈ ਤਿਆਰ ਨਹੀਂ ਹੈ। ਪੰਜਾਬ ਨੂੰ ਸਮਾਂ ਰਹਿੰਦਿਆਂ ਸਮਰੱਥ ਅਤੇ ਫ਼ੈਸਲਾਕੁੰਨ ਲੀਡਰਸ਼ਿਪ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ। ਸਿਆਸਤ ਨੂੰ ਇਕ ਪਾਸੇ ਕਰ ਕੇ, ਪੰਜਾਬੀ ਸੁਰੱਖਿਆ ਦੇ ਹੱਕਦਾਰ ਹਨ। ਗੋਇਲ ਨੇ ਇਹ ਵੀ ਕਿਹਾ ਕਿ ਇਹ ਉਹ ਬਦਲਾਅ ਨਹੀਂ ਹੈ, ਜਿਸ ਲਈ ਅਸੀਂ ਵੋਟ ਦਿੱਤੀ ਸੀ। 
 


author

Anmol Tagra

Content Editor

Related News