ਸੁਰੱਖਿਆ ਗਾਰਡ ’ਤੇ ਹਮਲਾ ਕਰਕੇ ਲਾਈਸੈਂਸੀ ਬੰਦੂਕ ਖੋਹਣ ਵਾਲਾ ਗ੍ਰਿਫ਼ਤਾਰ
Wednesday, Jan 28, 2026 - 01:58 PM (IST)
ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ-ਪਟਿਆਲਾ ਸੜਕ ’ਤੇ ਵਾਪਰੀ ਗੰਭੀਰ ਘਟਨਾ ’ਚ ਸੁਰੱਖਿਆ ਗਾਰਡ ਗੁਰਮੁਖ ਸਿੰਘ ’ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਅਤੇ ਉਸ ਦੀ ਲਾਇਸੈਂਸੀ 12 ਬੋਰ ਦੀ ਬੰਦੂਕ ਖੋਹ ਲੈਣ ਦੇ ਮਾਮਲੇ ’ਚ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਸਲ ਜਾਣਕਾਰੀ ਮੁਤਾਬਕ ਗੁਰਮੁਖ ਸਿੰਘ ਐਤਵਾਰ ਸ਼ਾਮ ਨੂੰ ਸਬਜ਼ੀ ਮੰਡੀ ਕੋਲ ਮੌਜੂਦ ਸੀ ਤਾਂ ਇਸ ਦੌਰਾਨ ਉਸ ’ਤੇ ਚਾਰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਇਸ ਦੌਰਾਨ ਹਮਲਾਵਰ ਉਸ ਦੀ ਬੰਦੂਕ ਖੋਹ ਕੇ ਲੈ ਗਏ ਸਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ੀਰਕਪੁਰ ਪੁਲਸ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀ ਸੁਰੱਖਿਆ ਗਾਰਡ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਸ ਵੱਲੋਂ ਜਾਂਚ ਉਪਰੰਤ ਗੁਰਮੁਖ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਸਹੁਰੇ ਸ਼ੇਰ ਸਿੰਘ ਵਾਸੀ ਪਿੰਡ ਖੰਡੋਲੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਗੁਰਮੁਖ ਸਿੰਘ ਤੋਂ ਖੋਹੀ ਗਈ 12 ਬੋਰ ਦੀ ਬੰਦੂਕ ਵੀ ਬਰਾਮਦ ਕਰ ਲਈ ਹੈ। ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
