ਸਪਾ ਦੀ ਆੜ ’ਚ ਕਰਦਾ ਸੀ ਦੇਹ ਵਪਾਰ, 3 ਕੁੜੀਆਂ ਨੂੰ ਛੁਡਵਾਇਆ, ਮੁੱਖ ਮੁਲਜ਼ਮ ਕਾਬੂ
Thursday, Jan 29, 2026 - 01:07 PM (IST)
ਮੋਹਾਲੀ (ਜੱਸੀ) : ਸਪਾ ਸੈਂਟਰ ਦੀ ਆੜ ’ਚ ਵੱਖ-ਵੱਖ ਸੂਬਿਆਂ ਦੀਆਂ ਕੁੜੀਆਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਣ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਪੁਲਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਪਛਾਣ ਰੋਮੀ ਪਾਸੀ ਵਾਸੀ ਸੈਕਟਰ-19 ਫਰੀਦਾਬਾਦ ਵਜੋਂ ਹੋਈ ਹੈ। ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਫ਼ੇਜ਼-11 ਦੇ ਐੱਸ. ਐੱਚ. ਓ. ਅਮਨ ਬੈਦਵਾਣ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੈਕਟਰ-67 ਨੇੜੇ ਸੀ. ਪੀ. ਮਾਲ ਸੈਂਟਰਲ ਸਟਰੀਟ ਮਾਰਕੀਟ ਵਿਖੇ ਰੋਮੀ ਵੱਲੋਂ ਕਿਰਾਏ ’ਤੇ ਲਈ ਇਮਾਰਤ ’ਚ ਸਪਾ ਦੇ ਨਾਂ ’ਤੇ ਸੈਂਟਰ ਚਲਾਇਆ ਜਾ ਰਿਹਾ ਹੈ। ਰੋਮੀ ਸਪਾ ’ਚ ਦੂਜੇ ਸੂਬਿਆਂ ਦੀਆਂ ਭੋਲੀ-ਭਾਲੀ ਕੁੜੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਜ਼ਬਰਦਸਤੀ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਹੈ ਅਤੇ ਗਾਹਕਾਂ ਤੋਂ ਮੋਟੀ ਰਕਮ ਵਸੂਲਦਾ ਹੈ।
ਫਰੀਦਾਬਾਦ-ਦਿੱਲੀ ’ਚ ਵੀ ਕਰਦਾ ਸੀ ਦੇਹ ਵਪਾਰ ਦਾ ਧੰਦਾ
ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਪੁਲਸ ਨੇ ਸਪਾ ਸੈਂਟਰ ’ਚ ਛਾਪੇਮਾਰੀ ਕਰਕੇ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਅਤੇ ਮੌਜੂਦ ਕੁੜੀਆਂ ਦੇ ਮੁੱਢਲੇ ਬਿਆਨ ਲੈਣ ਉਪਰੰਤ ਉਨ੍ਹਾਂ ਨੂੰ ਦੇਹ ਵਪਾਰ ਦੇ ਦਲਦਲ ’ਚੋਂ ਆਜ਼ਾਦ ਕਰਵਾ ਕੇ ਪਰਿਵਾਰਾਂ ਦੇ ਹਵਾਲੇ ਕੀਤਾ। ਮੁਲਜ਼ਮ ਫਰੀਦਾਬਾਦ ਤੇ ਦਿੱਲੀ ’ਚ ਵੀ ਇਹੋ ਧੰਦਾ ਕਰਦਾ ਸੀ ਅਤੇ ਇਸ ਸਮੇਂ ਮੋਹਾਲੀ ’ਚ ਉਸ ਨੇ ਧੰਦਾ ਸ਼ੁਰੂ ਕੀਤਾ ਸੀ। ਪੁਲਸ ਵੱਲੋਂ ਜਗ੍ਹਾ ਦੇ ਮਾਲਕ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਹਾਲੇ ਬਾਕੀ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਜ਼ੀਰਕਪੁਰ ਤੋਂ ਬਾਅਦ ਮੋਹਾਲੀ ’ਚ ਪਹਿਲੀ ਵਾਰ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਕੇ ਮੁੰਡਿਆਂ ਨੂੰ ਉਨ੍ਹਾਂ ਦੇ ਚੁੰਗਲ ’ਚੋਂ ਛੁਡਵਾਇਆ ਗਿਆ ਹੈ।
