ਭੇਕੇ ਨੇ ਬੇਂਗਲੁਰੂ ਨੂੰ ਪਹਿਲੀ ਵਾਰ ਬਣਾਇਆ ISL ਚੈਂਪੀਅਨ
Monday, Mar 18, 2019 - 12:16 AM (IST)

ਮੁੰਬਈ— ਰਾਹੁਲ ਭੇਕੇ ਦੇ 116ਵੇਂ ਮਿੰਟ ਵਿਚ ਕੀਤੇ ਗਏ ਸ਼ਾਨਦਾਰ ਗੋਲ ਦੀ ਮਦਦ ਨਾਲ ਬੇਂਗਲੁਰੂ ਐੱਫ. ਸੀ. ਨੇ ਐਤਵਾਰ ਨੂੰ ਇੱਥੇ ਮੁੰਬਈ ਫੁੱਟਬਾਲ ਏਰੇਨਾ ਵਿਚ ਖੇਡੇ ਗਏ ਖਿਤਾਬੀ ਮੁਕਾਬਲੇ ਵਿਚ ਐੱਫ. ਸੀ. ਗੋਆ ਨੂੰ 1-0 ਨਾਲ ਹਰਾ ਕੇ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਪੰਜਵੇਂ ਸੈਸ਼ਨ ਦਾ ਖਿਤਾਬ ਜਿੱਤ ਲਿਆ। ਬੇਂਗਲੁਰੂ ਨੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਹੈ।
ਬੇਂਗਲੁਰੂ ਦੀ ਟੀਮ ਲਗਾਤਾਰ ਦੂਜੇ ਸਾਲ ਫਾਈਨਲ ਵਿਚ ਪਹੁੰਚੀ ਸੀ। ਬੀਤੇ ਸਾਲ ਉਸ ਨੂੰ ਚੇਨਈਅਨ ਐੱਫ. ਸੀ. ਹੱਥੋਂ ਹਾਰ ਮਿਲੀ ਸੀ। ਦੂਜੇ ਪਾਸੇ ਐੱਫ. ਸੀ. ਗੋਆ ਦੂਜੀ ਵਾਰ ਫਾਈਨਲ ਵਿਚ ਪਹੁੰਚ ਕੇ ਖਿਤਾਬ ਤੋਂ ਵਾਂਝੀ ਰਹਿ ਗਈ। ਉਸ ਨੂੰ ਵੀ 2015 ਵਿਚ ਫਾਈਨਲ ਵਿਚ ਚੇਨਈ ਹੱਥੋਂ ਹਾਰ ਮਿਲੀ ਸੀ।