ਬੁੜੈਲ ਜੇਲ੍ਹ ਦੇ ਕੈਦੀਆਂ ਵੱਲੋਂ ਤਿਆਰ ਹਰਬਲ ਰੰਗਾਂ ਤੇ ਮਠਿਆਈਆਂ ਬਣੀਆਂ ਲੋਕਾਂ ਦੀ ਪਹਿਲੀ ਪਸੰਦ

Monday, Mar 02, 2026 - 12:58 PM (IST)

ਬੁੜੈਲ ਜੇਲ੍ਹ ਦੇ ਕੈਦੀਆਂ ਵੱਲੋਂ ਤਿਆਰ ਹਰਬਲ ਰੰਗਾਂ ਤੇ ਮਠਿਆਈਆਂ ਬਣੀਆਂ ਲੋਕਾਂ ਦੀ ਪਹਿਲੀ ਪਸੰਦ

ਚੰਡੀਗੜ੍ਹ (ਸ਼ੀਨਾ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੀ ਤਿਉਹਾਰ ਲਈ ਚੰਡੀਗੜ੍ਹ ਵਾਸੀਆਂ ਵੱਲੋਂ ਹਰਬਲ ਰੰਗ ਪਸੰਦ ਕੀਤੇ ਜਾ ਰਹੇ ਹਨ। ਸੈਕਟਰ-22 ਵਿਖੇ ਸ਼੍ਰੀਜਨ ਹੈਂਡਮੇਡ ਸਟੋਰ ’ਤੇ ਸੈਕਟਰ-45 ਦੀ ਬੁੜੈਲ ਜੇਲ੍ਹ ਦੇ ਕੈਦੀਆਂ ਵੱਲੋਂ ਤਿਆਰ ਕੀਤੇ ਹਰਬਲ ਰੰਗ ਤੇ ਮਿਠਾਈਆਂ ਨਾ ਸਿਰਫ਼ ਬਾਜ਼ਾਰਾਂ ’ਚ ਦੇਖੇ ਜਾ ਰਹੇ ਹਨ, ਸਗੋਂ ਬੁੜੈਲ ਜੇਲ੍ਹ ਦੀਆਂ ਕੰਧਾਂ ਦੇ ਅੰਦਰ ਵੀ ਦਿਖਾਈ ਦੇ ਰਹੇ ਹਨ। ਕੈਦੀਆਂ ਵੱਲੋਂ ਤਿਆਰ ਕੀਤੇ ਖ਼ਾਸ ਹਰਬਲ ਗੁਲਾਲ, ਨੀਲਾ ਪੀਲਾ, ਹਰਾ ਤੇ ਗੇਰੂਏ ਰੰਗਾਂ ਦੀ ਬਜ਼ਾਰ ’ਚ ਮੰਗ ਬਹੁਤ ਵੱਧ ਗਈ ਹੈ।
ਕੁਦਰਤੀ ਸਮੱਗਰੀ ਤੋਂ ਬਣੇ ਚਮੜੀ ਸੁਰੱਖਿਅਤ ਰੰਗ : ਜੇਲ੍ਹ ਪ੍ਰਬੰਧਕ
ਇਸ ਸਬੰਧੀ ਜੇਲ੍ਹ ਪ੍ਰਬੰਧਕ ਜਯਾ ਸਰਕਾਰ ਨੇ ਕਿਹਾ ਕਿ ਰਿਫਾਇੰਡ ਘਿਓ ਨਾਲ ਤਿਆਰ ਕੀਤੀਆਂ ਗੁਜੀਆਂ ਦੀ ਮੰਗ ਇਸ ਵਾਰ ਬਹੁਤ ਜਿਆਦਾ ਹੈ। ਹੋਲੀ ਤਿਉਹਾਰ ਤੋਂ ਪਹਿਲਾਂ ਹੀ ਸੈਕਟਰ-22 ਦੇ ਸ੍ਰੀਜਨ ਸਟੋਰ ’ਤੇ ਰੰਗਾ ਤੋਂ ਲੈ ਕੇ ਮਿਠਾਈਆਂ ਦੀ ਮੰਗ ਤੇਜ਼ੀ ਨਾਲ ਵਧੀ ਹੈ। 4 ਤੋਂ 5 ਕੁਇੰਟਲ ਗੁਜੀਆਂ ਬਣਾਈ ਜਾ ਰਹੀਆਂ ਹਨ। ਹਰ ਦਿਨ 60 ਕਿੱਲੋ ਤੋਂ 100 ਕਿੱਲੋ ਤੱਕ ਮਿਠਾਈ ਦੀ ਵਿਕਰੀ ਹੋ ਰਹੀ ਹੈ। ਮਿਠਾਈ ਗੁਜੀਆਂ ਦੀ ਕੀਮਤ 300 ਰੁਪਏ ਪ੍ਰਤੀ ਕਿਲੋਗ੍ਰਾਮ ’ਚ ਉਪਲੱਬਧ ਹੈ। ਖੋਆ ਬਰਫੀ ਅਤੇ ਦੁੱਧ ਦਾ ਕੇਕ ਵੀ 400 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ, ਇਸ ਤੋਂ ਇਲਾਵਾ, ਬੂੰਦੀ ਤੇ ਬੇਸਣ ਦੇ ਲੱਡੂ 300 ਰੁਪਏ ਪ੍ਰਤੀ ਕਿੱਲੋ, ਬੇਸਣ ਦੀ ਬਰਫੀ 320 ਰੁਪਏ ਤੇ ਜਲੇਬੀ 250 ਰੁਪਏ ਪ੍ਰਤੀ ਕਿੱਲੋਗ੍ਰਾਮ ’ਚ ਉਪਲੱਬਧ ਹੈ। ਬਹੁਤੇ ਗਾਹਕਾਂ ਨੇ ਤਿਉਹਾਰ ਤੋਂ ਪਹਿਲਾਂ ਹੀ ਆਰਡਰ ਦੇ ਦਿੱਤੇ ਹਨ। ਇਸ ਨਾਲ ਵਿਕਰੀ ’ਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ।

ਇਸ ਤੋਂ ਇਲਾਵਾ ਰੰਗਾਂ ’ਚ ਕੈਦੀ ਪੰਜ ਰੰਗਾਂ ’ਚ ਹਰਬਲ ਗੁਲਾਲ ਤਿਆਰ ਕਰ ਰਹੇ ਹਨ, ਹਲਕਾ ਨੀਲਾ, ਚਮਕਦਾਰ ਪੀਲਾ, ਲਾਲ, ਗੁਲਾਬੀ ਤੇ ਹਰਾ ਰੰਗ ਹੈ, ਇਸਦੀ ਕੀਮਤ 100 ਗ੍ਰਾਮ 20 ਰੁਪਏ ਦਾ ਪੈਕੇਟ ਤੇ 200 ਗ੍ਰਾਮ ਦਾ ਪੈਕੇਟ 40 ਰੁਪਏ ਦਾ ਹੈ। ਉਨ੍ਹਾਂ ਕਿਹਾ ਕਿ ਇਹ ਰੰਗ ਖ਼ਾਸ ਕੁਦਰਤੀ ਸਮੱਗਰੀ ਤੋਂ ਬਣੇ ਜੋ ਕਿ ਚਮੜੀ ਲਈ ਸੁਰੱਖਿਅਤ ਮੰਨੇ ਜਾਂਦੇ ਹਨ। ਰੰਗ ਤਿਆਰ ਕਰਨ ਤੋਂ ਲੈ ਕੇ ਸੁਕਾਉਣ, ਪੈਕਿੰਗ ਤੇ ਲੇਬਲਿੰਗ ਤੱਕ ਦੀ ਸਾਰੀ ਪ੍ਰਕਿਰਿਆ ਕੈਦੀਆਂ ਵਲੋਂ ਖ਼ੁਦ ਸੰਭਾਲੀ ਜਾਂਦੀ ਹੈ। ਪ੍ਰਸ਼ਾਸਨ ਸਮੇਂ-ਸਮੇਂ ’ਤੇ ਕੈਦੀਆਂ ਨੂੰ ਮਾਹਰਾਂ ਤੋਂ ਸਿਖਲਾਈ ਪ੍ਰਦਾਨ ਕਰਵਾਉਂਦਾ ਹੈ। ਸਿਖਲਾਈ ਪ੍ਰਾਪਤ ਕੈਦੀ ਦੂਸਰੇ ਕੈਦੀਆਂ ਨੂੰ ਸਿਖਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਡੇਢ ਕੁਇੰਟਲ ਤੋਂ ਵੱਧ ਗੁਲਾਲ ਵੇਚਿਆ ਗਿਆ ਸੀ ਅਤੇ ਇਸ ਵਾਰ ਮੰਗ ਤਿੰਨ ਕੁਇੰਟਲ ਤੱਕ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਕੈਦੀਆਂ ਨੂੰ ਹੁਨਰਮੰਦ ਬਣਾ ਕੇ ਆਤਮ ਨਿਰਭਰ ਬਣਾਉਣਾ ਹੈ ਤਾਂ ਜੋ ਉਹ ਰਿਹਾਈ ਤੋਂ ਬਾਅਦ ਇਕ ਸਨਮਾਨਜਨਕ ਜੀਵਨ ਜੀ ਸਕਣ। ਬੁੜੈਲ ਜੇਲ੍ਹ ਦੀ ਹੋਲੀ ਸਿਰਫ਼ ਰੰਗਾਂ ਤੇ ਮਿਠਾਸ ਤੱਕ ਸੀਮਤ ਨਹੀਂ ਹੈ, ਸਗੋਂ ਨਵੀਂ ਉਮੀਦ ਤੇ ਬਦਲਾਅ ਦੀ ਇਕ ਉਦਾਹਰਣ ਬਣ ਰਹੀ ਹੈ।
 


author

Babita

Content Editor

Related News