ਧਰਮਸ਼ਾਲਾ ''ਚ ਨਹੀਂ ਹੁਣ ਇੰਦੌਰ ''ਚ ਖੇਡਿਆ ਜਾਵੇਗਾ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲਾ ਤੀਜਾ ਟੈਸਟ ਮੈਚ
Monday, Feb 13, 2023 - 02:17 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 1 ਤੋਂ 5 ਮਾਰਚ ਤੱਕ ਹੋਣ ਵਾਲਾ ਤੀਜਾ ਟੈਸਟ ਮੈਚ ਖ਼ਰਾਬ ਆਊਟਫੀਲਡ ਕਾਰਨ ਧਰਮਸ਼ਾਲਾ ਤੋਂ ਇੰਦੌਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਬੋਰਡ (BCCI) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਚ ਨੂੰ ਤਬਦੀਲ ਕੀਤਾ ਜਾਵੇਗਾ, ਇਸ ਦੀ ਪੁਸ਼ਟੀ ਐਤਵਾਰ ਨੂੰ ਹੀ ਹੋ ਗਈ ਸੀ, ਜਦੋਂ ਬੀ.ਸੀ.ਸੀ.ਆਈ. ਦੇ ਕਿਊਰੇਟਰ ਤਾਪਸ ਚੈਟਰਜੀ ਦੀ ਰਿਪੋਰਟ ਵਿਚ ਨਵੀਂ ਆਊਟਫੀਲਡ ਨੂੰ ਅੰਤਰਰਾਸ਼ਟਰੀ ਖੇਡ ਲਈ ਅਯੋਗ ਦੱਸਿਆ ਗਿਆ ਸੀ।
ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਰਡਰ-ਗਾਵਸਕਰ ਟਰਾਫੀ ਲਈ ਆਸਟਰੇਲੀਆ ਦੇ ਭਾਰਤ ਦੌਰੇ ਦਾ ਤੀਜਾ ਟੈਸਟ, ਜੋ ਕਿ 1 ਤੋਂ 5 ਮਾਰਚ ਤੱਕ ਧਰਮਸ਼ਾਲਾ ਦੇ ਐੱਚ.ਪੀ.ਸੀ.ਏ. ਸਟੇਡੀਅਮ ਵਿੱਚ ਹੋਣਾ ਸੀ, ਹੁਣ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਹੋਵੇਗਾ। ਸ਼ਾਹ ਨੇ ਅੱਗੇ ਦੱਸਿਆ ਕਿ ਖੇਤਰ 'ਚ ਜ਼ਿਆਦਾ ਠੰਡ ਕਾਰਨ ਆਊਟਫੀਲਡ 'ਚ ਘਾਹ ਨਹੀਂ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਤਿਆਰ ਹੋਣ 'ਚ ਸਮਾਂ ਲੱਗੇਗਾ। ਖਰਾਬ ਮੌਸਮ ਨੇ ਵੀ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (ਐੱਚ.ਪੀ.ਸੀ.ਏ.) ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ, ਕਿਉਂਕਿ ਸਥਾਨਕ ਮੈਦਾਨ ਕਰਮਚਾਰੀਆਂ ਨੂੰ ਘਾਹ ਉਗਾਉਣ ਦਾ ਸਮਾਂ ਨਹੀਂ ਮਿਲਿਆ।