ਦਿੱਲੀ ਗੁਰਦੁਆਰਾ ਕਮੇਟੀ ਨੇ 328 ਸਰੂਪ ਗਾਇਬ ਹੋਣ ਦੇ ਮਾਮਲੇ ’ਚ ਐੱਫਆਈਆਰ ਦਰਜ ਹੋਣ ਦਾ ਕੀਤਾ ਸਵਾਗਤ

Tuesday, Dec 09, 2025 - 07:43 AM (IST)

ਦਿੱਲੀ ਗੁਰਦੁਆਰਾ ਕਮੇਟੀ ਨੇ 328 ਸਰੂਪ ਗਾਇਬ ਹੋਣ ਦੇ ਮਾਮਲੇ ’ਚ ਐੱਫਆਈਆਰ ਦਰਜ ਹੋਣ ਦਾ ਕੀਤਾ ਸਵਾਗਤ

ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਹੋਣ ਦੇ ਮਾਮਲੇ ਵਿਚ ਪੰਜਾਬ ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕੀਤੇ ਜਾਣ ਦਾ ਸਵਾਗਤ ਕਰ‌ਿਆਂ ਕਿਹਾ ਹੈ ਕਿ ਆਸ ਹੈ ਕਿ ਇਸ ਐੱਫ. ਆਈ. ਆਰ. ਦੇ ਦਰਜ ਹੋਣ ਮਗਰੋਂ ਇਸ ਮਾਮਲੇ ਵਿਚ ਇਨਸਾਫ ਮਿਲੇਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਰ ਹਰ ਇਕ ਦਾ ਗੁਰੂ ਹੈ ਤੇ ਇਸ ਮਾਮਲੇ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤੇ ਕਾਰਜ ਦਾ ਉਹ ਸਵਾਗਤ ਕਰਦੇ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਹੋਈ ਕਾਨੂੰਨੀ ਕਾਰਵਾਈ ’ਤੇ ਸਮੁੱਚੇ ਪੰਥ ਨੂੰ ਤੱਸਲੀ ਹੋਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪੰਜ ਸਾਲ ਤੋਂ ਸੰਗਤ ਕਾਰਵਾਈ ਦੀ ਉਡੀਕ ਕਰ ਰਹੀ ਸੀ ਅਤੇ ਹੁਣ ਕਾਰਵਾਈ ਹੋਣ ਨਾਲ ਪੰਥ ਦੇ ਹਿਰਦੇ ਠਾਰੇ ਗਏ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਸਰਨਾ ਭਰਾਵਾਂ ਨੇ ਪਹਿਲਾਂ 328 ਸਰੂਪਾਂ ਦੇ ਲਾਪਤਾ ਹੋਣ ਦਾ ਮੁੱਦਾ ਬਣਾਇਆ ਸੀ ਪਰ ਅੱਜ ਪੰਜਾਬ ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕਰਨ ਦੇ ਬਾਅਦ ਉਹਨਾਂ ਚੁੱਪੀ ਧਾਰ ਲਈ ਹੈ ਜਿਸ ਤੋਂ ਸਾਬਤ ਹੋ ਗਿਆ ਹੈ ਕਿ ਉਹ ਸਿਰਫ ਸਿਆਸੀ ਰਾਜਨੀਤੀ ਕਰਦੇ ਹਨ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੂੰ ਹੁਣ ਮਾਮਲੇ ’ਤੇ ਚੁੱਪੀ ਤੋੜਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਅਕਾਲੀ ਦਲ ਬਹੁਤ ਵੱਡੇ ਕਟਹਿਰੇ ਵਿਚ ਖੜ੍ਹਾ ਹੋ ਚੁੱਕਾ ਹੈ ਜਿਸਦਾ ਜਵਾਬ ਸਰਨਾ ਭਰਾਵਾਂ ਕੋਲ ਨਹੀਂ ਹੈ।

ਇਹ ਵੀ ਪੜ੍ਹੋ : ਐਪਲ ਦੀ ਵੱਡੀ ਚਿਤਾਵਨੀ! ਤੁਰੰਤ ਬੰਦ ਕਰ ਦਿਓ Google Chrome ਤੇ Google ਐਪ ਦੀ ਵਰਤੋਂ

ਉਹਨਾਂ ਇਹ ਵੀ ਕਿਹਾ ਕਿ ਪੰਜ ਸਾਲ ਤੋਂ ਵੱਖ-ਵੱਖ ਸਿੱਖ ਜਥੇਬੰਦੀਆਂ 328 ਸਰੂਪ ਲਾਪਤਾ ਹੋਣ ਦੇ ਮਾਮਲੇ ’ਤੇ ਧਰਨੇ ਦੇ ਰਹੀਆਂ ਸਨ ਪਰ ਹੁਣ ਜਦੋਂ ਐੱਫ. ਆਈ. ਆਰ. ਦਰਜ ਹੋ ਗਈ ਹੈ ਤਾਂ ਸਾਰੀਆਂ ਜਥੇਬੰਦੀਆਂ ਦੇ ਮਨਾਂ ਵਿਚ ਵੱਡ ਧਰਵਾਸ ਹੈ। ਉਹਨਾਂ ਕਿਹਾ ਕਿ ਉਹ ਇਸ ਐੱਫ. ਆਈ. ਆਰ. ਦਾ ਸਵਾਗਤ ਕਰਦੇ ਹਨ। ਉਹਨਾਂ ਕਿਹਾ ਕਿ ਦੂਜਾ ਕੇਸ ਜਿਹੜਾ ਕਿਤਾਬ ਦੇ ਮਾਮਲੇ ਵਿਚ ਹੋਇਆ ਹੈ, ਉਸ ਮਾਮਲੇ ਵਿਚ ਵੀ ਉਹ ਸਵਾਗਤ ਕਰਦੇ ਹਨ। ਪ੍ਰਧਾਨ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਗੁਰੂ ਸਾਹਿਬਾਨ ਬਾਰੇ ਗਲਤ ਪ੍ਰਚਾਰ ਨਹੀਂ ਹੋਣਾ ਚਾਹੀਦਾ ਪਰ ਇਸ ਪੁਸਤਕ ਰਾਹੀਂ ਗਲਤ ਪ੍ਰਚਾਰ ਹੋ ਰਿਹਾ ਸੀ। ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਇਸ ਮਾਮਲੇ ਵਿਚ ਪਿਛਲੇ ਪੰਜ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਕਾਰਵਾਈ ਤੋਂ ਟੱਲਦੀ ਆ ਰਹੀ ਸੀ ਤੇ ਹੁਣ ਜਾ ਕੇ ਐੱਫ. ਆਈ. ਆਰ. ਦਰਜ ਹੋਣ ਨਾਲ ਕੇਸ ਵਿਚ ਨਿਆਂ ਹੋਣ ਦੀ ਆਸ ਬੱਝੀ ਹੈ।


author

Sandeep Kumar

Content Editor

Related News