ਬਜਰੰਗ ਨੇ ਅਭਿਨੰਦਨ ਨੂੰ ਸੋਨ ਤਮਗਾ ਕੀਤਾ ਸਮਰਪਿਤ, ਵਿਨੇਸ਼ ਨੇ ਚਾਂਦੀ ਜਿੱਤੀ

Monday, Mar 04, 2019 - 01:28 AM (IST)

ਬਜਰੰਗ ਨੇ ਅਭਿਨੰਦਨ ਨੂੰ ਸੋਨ ਤਮਗਾ ਕੀਤਾ ਸਮਰਪਿਤ, ਵਿਨੇਸ਼ ਨੇ ਚਾਂਦੀ ਜਿੱਤੀ

ਨਵੀਂ ਦਿੱਲੀ- ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਬੁਲਗਾਰੀਆ ਦੇ ਡਾਨ ਕੋਲੋਵ-ਨਿਕੋਲਾ ਪੇਤ੍ਰੋਵ ਟੂਰਨਾਮੈਂਟ ਵਿਚ ਸੋਨ ਤਮਗਾ ਆਪਣੇ ਨਾਂ ਕੀਤਾ ਤੇ ਇਸ ਜਿੱਤ ਨੂੰ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਸਮਰਪਿਤ ਕੀਤਾ। ਪੂਨੀਆ ਨੇ ਇਸ ਜਿੱਤ ਤੋਂ ਬਾਅਦ ਟਵੀਟ ਕੀਤਾ, ''ਮੈਂ ਆਪਣੇ ਤਮਗੇ ਨੂੰ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਉਸ ਨੇ ਮੈਨੂੰ ਉਤਸ਼ਾਹਿਤ ਕੀਤਾ। ਮੈਂ ਇਕ ਦਿਨ ਉਸ ਨਾਲ ਮਿਲ ਕੇ ਹੱਥ ਮਿਲਾਉਣਾ ਚਾਹੁੰਦਾ ਹਾਂ।''


ਬਜਰੰਗ ਮੁਕਾਬਲੇ ਵਿਚ 0-3 ਨਾਲ ਪਿਛੜ ਗਿਆ ਸੀ ਪਰ ਇਸ ਤੋਂ ਬਾਅਦ ਉਸ ਨੇ ਆਪਣੇ ਪ੍ਰਦਰਸ਼ਨ ਨੂੰ ਨਵੀਆਂ ਉਚਾਈਆਂ 'ਤੇ ਲਿਜਾਂਦੇ ਹੋਏ ਲਗਾਤਾਰ 12 ਅੰਕ ਹਾਸਲ ਕਰ ਕੇ ਸੋਨ ਤਮਗੇ 'ਤੇ ਕਬਜ਼ਾ ਕਰ ਲਿਆ। ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਟ ਨੂੰ ਯੂਨਾਈਟਿਡ ਵਿਸ਼ਵ ਕੁਸ਼ਤੀ ਰੈਂਕਿੰਗ ਸੀਰੀਜ਼ ਵਿਚ ਡੈਬਿਊ ਦੌਰਾਨ 53 ਕਿ. ਗ੍ਰਾ. ਦੇ ਫਾਈਨਲ ਵਿਚ ਚੀਨ ਦੀ ਕਿਆਨਯੂ ਪਾਂਗ ਤੋਂ 2-9 ਨਾਲ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਇਹ ਵਿਨੇਸ਼ ਦਾ 50 ਕਿਲੋਗ੍ਰਾਮ ਤੋਂ 53 ਕਿ. ਗ੍ਰਾ. ਭਾਰ ਵਰਗ ਵਿਚ ਆਉਣ ਤੋਂ ਬਾਅਦ ਪਹਿਲਾ ਟੂਰਨਾਮੈਂਟ ਹੈ।  
ਪੁਰਸ਼ਾਂ ਦੇ ਫ੍ਰੀ ਸਟਾਈਲ ਵਰਗ ਵਿਚ ਸੰਦੀਪ ਤੋਮਰ ਨੇ 61 ਕਿ. ਗ੍ਰਾ. ਵਰਗ ਵਿਚ ਚਾਂਦੀ ਤਮਗਾ ਜਿੱਤਿਆ। ਸੰਦੀਪ ਨੂੰ ਫਾਈਨਲ ਵਿਚ ਹਾਰ ਦੇ ਨਾਲ ਚਾਂਦੀ ਨਾਲ ਸਬਰ ਕਰਨਾ ਪਿਆ।  ਸੰਦੀਪ ਨੂੰ ਫਾਈਨਲ ਵਿਚ ਕਜ਼ਾਕਿਸਤਾਨ ਦੇ ਨੁਰਿਸਲਾਮ ਸਨਾਯੇਵ ਨੇ 10-0 ਨਾਲ ਹਰਾਇਆ।


author

Gurdeep Singh

Content Editor

Related News