ਆਸਟਰੇਲੀਆ ਵਰਲਡ ਕੱਪ 'ਚ 27 ਸਾਲਾਂ ਤੋਂ ਇੰਗਲੈਂਡ ਖਿਲਾਫ ਨਹੀਂ ਹਾਰਿਆ
Thursday, Jul 11, 2019 - 10:10 AM (IST)
 
            
            ਸਪੋਰਟਸ ਡੈਸਕ— ਵਰਲਡ ਕੱਪ 2019 ਦਾ ਦੂਜਾ ਸੈਮੀਫਾਈਨਲ ਵੀਰਵਾਰ ਨੂੰ ਬਰਮਿੰਘਮ ਦੇ ਐਜਬੈਸਟਨ ਮੈਦਾਨ 'ਤੇ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਆਸਟਰੇਲੀਆਈ ਟੀਮ 8ਵੀਂ ਵਾਰ ਸੈਮੀਫਾਈਨਲ ਖੇਡੇਗੀ। ਇਸ ਤੋਂ ਪਹਿਲਾਂ ਉਹ ਹਰ ਵਾਰ ਸੈਮੀਫਾਈਨਲ ਮੈਚ ਜਿੱਤੀ ਹੈ। ਦੂਜੇ ਪਾਸੇ ਇੰਗਲੈਂਡ ਦੀ ਟੀਮ ਛੇਵੀਂ ਵਾਰ ਅੰਤਿਮ-4 'ਚ ਪਹੁੰਚੀ ਹੈ। ਉਹ ਪਿਛਲੇ 5 ਸੈਮੀਫਾਈਨਲ 'ਚ 3 ਜਿੱਤੀ ਅਤੇ 2 ਹਾਰੀ। ਅੱਜ ਸੈਮੀਫਾਈਨਲ ਜਿੱਤਣ ਵਾਲੀ ਟੀਮ 14 ਜੁਲਾਈ ਨੂੰ ਫਾਈਨਲ 'ਚ ਨਿਊਜ਼ੀਲੈਂਡ ਖਿਲਾਫ ਖੇਡੇਗੀ। ਇਹ ਦੋਵੇਂ ਟੀਮਾਂ ਇਸ ਟੂਰਨਾਮੈਂਟ 'ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੀ ਵਾਰ ਆਸਟਰੇਲੀਆ ਨੇ ਇੰਗਲੈਂਡ ਨੂੰ ਗਰੁੱਪ ਮੈਚ 'ਚ 64 ਦੌੜਾਂ ਨਾਲ ਹਰਾ ਦਿੱਤਾ ਸੀ। ਆਸਟਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ 44 ਸਾਲ ਬਾਅਦ ਸੈਮੀਫਾਈਨਲ 'ਚ ਆਹਮੋ-ਸਾਹਮਣੇ ਹੋਣਗੀਆਂ। 

ਦੋਹਾਂ ਵਿਚਾਲੇ ਮੈਚਾਂ ਦੇ ਦਿਲਚਸਪ ਅੰਕੜੇ
1. ਆਸਟਰੇਲੀਆਈ ਟੀਮ ਵਰਲਡ ਕੱਪ 'ਚ 1992 ਦੇ ਬਾਅਦ ਇੰਗਲੈਂਡ ਖਿਲਾਫ ਨਹੀਂ ਹਾਰੀ। 5 ਮਾਰਚ 1992 ਨੂੰ ਸਿਡਨੀ ਕ੍ਰਿਕਟ ਗਰਾਊਂਡ 'ਤੇ ਇੰਗਲੈਂਡ ਦੀ ਟੀਮ 8 ਵਿਕਟਾਂ ਨਾਲ ਜਿੱਤੀ ਸੀ। ਇਸ ਤੋਂ ਬਾਅਦ ਆਸਟਰੇਲੀਆਈ ਟੀਮ ਨੇ ਉਸ ਨੂੰ ਵਰਲਡ ਕੱਪ 'ਚ 4 ਵਾਰ ਹਰਾਇਆ। ਉਹ ਇਸ ਜਿੱਤ ਦੇ ਸਿਲਸਿਲੇ ਨੂੰ ਜਾਰੀ ਰਖਣਾ ਚਾਹੇਗੀ। ਜਦਕਿ ਇੰਗਲੈਂਡ ਦੀ ਟੀਮ ਹਾਰ ਦੇ ਇਸ ਸਿਲਸਿਲੇ ਨੂੰ ਤੋੜਨਾ ਚਾਹੇਗੀ।
2. ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਕੁਲ 148 ਵਨ-ਡੇ ਮੈਚ ਹੋਏ ਹਨ। ਇਨ੍ਹਾਂ 'ਚੋਂ ਆਸਟਰੇਲੀਆ ਨੇ 82 ਮੈਚ ਜਿੱਤੇ ਹਨ ਜਦਕਿ ਇੰਗਲੈਂਡ 61 ਮੈਚ ਜਿੱਤਣ 'ਚ ਸਫਲ ਰਿਹਾ। 2 ਮੈਚ ਟਾਈ ਰਹੇ ਅਤੇ 2 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
3. ਵਰਲਡ ਕੱਪ 'ਚ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਕੁਲ 8 ਮੁਕਾਬਲੇ ਹੋ ਚੁੱਕੇ ਹਨ। ਇਨ੍ਹਾਂ 'ਚੋਂ 6 ਮੈਚ ਆਸਟਰੇਲੀਆ ਨੇ ਜਿੱਤੇ ਹਨ ਜਦਕਿ ਇੰਗਲੈਂਡ ਸਿਰਫ 2 ਮੈਚ ਜਿੱਤਣ 'ਚ ਸਫਲ ਰਿਹਾ। 
4. ਇੰਗਲੈਂਡ ਦੀ ਧਰਤੀ 'ਤੇ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਕੁਲ 69 ਮੈਚ ਖੇਡੇ ਗਏ ਹਨ। ਇਨ੍ਹਾਂ 'ਚੋਂ 31 ਮੈਚ ਆਸਟਰੇਲੀਆ ਨੇ ਜਿੱਤੇ ਹਨ ਜਦਕਿ 34 ਮੈਚ ਇੰਗਲੈਂਡ ਨੇ ਜਿੱਤੇ ਹਨ। 2 ਮੈਚ ਟਾਈ ਰਹੇ ਅਤੇ 2 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੱਖ ਫੈਕਟਰ
1. ਪਿੱਚ ਦੀ ਸਥਿਤੀ : ਐਜਬੈਸਟਨ ਦੀ ਪਿੱਚ ਨਾਲ ਬੱਲੇਬਾਜ਼ਾਂ ਨੂੰ ਮਦਦ ਮਿਲਦੀ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ।
2. ਮੌਸਮ ਦਾ ਮਿਜਾਜ਼ : ਬਰਮਿੰਘਮ 'ਚ ਮੈਚ ਦੇ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਦਿਨ ਭਰ ਆਸਮਾਨ 'ਚ ਬੱਦਲ ਛਾਏ ਰਹਿ ਸਕਦੇ ਹਨ। ਤਾਪਮਾਨ 19 ਤੋਂ 23 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            