Asia Cup : ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
Tuesday, Aug 30, 2022 - 10:40 PM (IST)
ਸਪੋਰਟਸ ਡੈਸਕ- ਮੁਜ਼ਬੀਮ ਉਰ ਰਹਿਮਾਨ ਤੇ ਰਾਸ਼ਿਦ ਖਾਨ ਦੀ ਫਿਰਕੀ ਦੇ ਜਾਦੂ ਤੋਂ ਬਾਅਦ ਨਜ਼ੀਬਉੱਲ੍ਹਾ ਜ਼ਾਦਰਾਨ ਤੇ ਇਬ੍ਰਾਹਿਮ ਜ਼ਾਦਰਾਨ ਦੀਆਂ ਅਜੇਤੂ ਪਾਰੀਆਂ ਨਾਲ ਅਫਗਾਨਿਸਤਾਨ ਮੰਗਲਵਾਰ ਨੂੰ ਇੱਥੇ ਗਰੁੱਪ-ਬੀ ਮੈਚ ਵਿਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦੇ ਨਾਲ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸੁਪਰ-4 ਵਿਚ ਜਗ੍ਹਾ ਬਣਾਉਣ ਵਾਲੀ ਪਹਿਲੀ ਟੀਮ ਬਣ ਗਿਆ। ਬੰਗਲਾਦੇਸ਼ ਦੀਆਂ 128 ਦੌੜਾਂ ਦੀ ਟੀਚੇ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ ਨੇ ਨਜ਼ੀਬਉੱਲ੍ਹਾ (17 ਗੇਂਦਾਂ ’ਤੇ 6 ਛੱਕਿਆਂ ਤੇ 1 ਚੌਕੇ ਨਾਲ ਅਜੇਤੂ 43) ਤੇ ਇਬ੍ਰਾਹਿਮ (41 ਗੇਂਦਾਂ ’ਤੇ 4 ਚੌਕਿਆਂ ਨਾਲ ਅਜੇਤੂ 42) ਵਿਚਾਲੇ ਚੌਥੀ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 9 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ’ਤੇ 131 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕਰ ਲਈ। ਨਜ਼ੀਬਉੱਲ੍ਹਾ ਨੇ ਮੋਸਾਦੇਕ ਹੁਸੈਨ ’ਤੇ ਛੱਕਾ ਲਾ ਕੇ ਅਫਗਾਨਿਸਤਾਨ ਨੂੰ ਜਿੱਤ ਦਿਵਾਈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ 2 ਭਾਰਤੀ ਬਾਲਗਾਂ ਦੀ ਝੀਲ 'ਚ ਡੁੱਬਣ ਕਾਰਨ ਹੋਈ ਮੌਤ
ਸ ਤੋਂ ਪਹਿਲਾਂ ਮੁਜ਼ੀਬ ਨੇ 16 ਜਦਕਿ ਰਾਸ਼ਿਦ ਨੇ 22 ਦੌੜਾਂ ਦੇ ਕੇ 3-3 ਵਿਕਟਾਂ ਲਈਆਂ, ਜਿਸ ਨਾਲ ਬੰਗਲਾਦੇਸ਼ ਦੀ ਟੀਮ 7 ਵਿਕਟਾਂ ’ਤੇ 127 ਦੌੜਾਂ ਹੀ ਬਣਾ ਸਕੀ। ਮੋਸਾਦੇਕ ਹੁਸੈਨ ਨੇ (31 ਗੇਂਦਾਂ ’ਤੇ 4 ਚੌਕੇ ਤੇ 1 ਛੱਕੇ ਨਾਲ ਅਜੇਤੂ 48) ਨੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡੀ ਜਦਕਿ ਮਹਿਮੂਦਉੱਲ੍ਹਾ (25) ਨੇ ਉਪਯੋਗੀ ਯੋਗਦਾਨ ਦੇ ਕੇ ਬੰਗਲਾਦੇਸ਼ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ ਸੀ। ਟੀਚੇ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਰਹਿਮਾਨ ਗੁਰਬਾਜ਼ (11) ਨੂੰ 6 ਦੌੜਾਂ ਦੇ ਸਕੋਰ ’ਤੇ ਸ਼ਾਕਿਬ ਅਲ ਹਸਨ (31 ਦੌੜਾਂ ’ਤੇ 1 ਵਿਕਟ) ਗੇਂਦ ’ਤੇ ਜੀਵਨਦਾਨ ਮਿਲਿਆ ਪਰ ਉਹ ਇਸਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਬੰਗਲਾਦੇਸ਼ ਦੇ ਕਪਤਾਨ ਦੀ ਗੇਂਦ ’ਤੇ ਹੀ ਸਟੰਪ ਹੋ ਗਿਆ।
ਸਲਾਮੀ ਬੱਲੇਬਾਜ਼ ਹਜ਼ਰਤਉੱਲ੍ਹਾ ਜਜ਼ਈ (25) ਨੇ ਮੇਹਦੀ ਹਸਨ ’ਤੇ ਦੋ ਚੌਕਿਆਂ ਦੇ ਨਾਲ ਪਾਵਰ ਪਲੇਅ ਵਿਚ ਟੀਮ ਦਾ ਸਕੋਰ ਇਕ ਵਿਕਟ ’ਤੇ 29 ਦੌੜਾਂ ਤਕ ਪਹੁੰਚਾਇਆ। ਇਬ੍ਰਾਹਿਮ ਨੇ ਵੀ ਤਾਸਕਿਨ ਅਹਿਮਦ ’ਤੇ ਚੌਕਾ ਲਾਇਆ ਪਰ ਮੋਸਾਦੇਕ (12 ਦੌੜਾਂ ’ਤੇ 1 ਵਿਕਟ) ਨੇ ਹਜ਼ਰਤਉੱਲ੍ਹਾ ਨੂੰ ਐੱਲ. ਬੀ. ਡਬਲਯੂ. ਕਰ ਦਿੱਤਾ। ਮੁਹੰਮਦ ਸੈਫਉੱਦੀਨ (27 ਦੌੜਾਂ ’ਤੇ 1 ਵਿਕਟ) ਨੇ ਅਫਗਾਨਿਸਤਾਨ ਦੇ ਕਪਤਾਨ ਮੁਹੰਮਦ ਨਬੀ (8) ਨੂੰ ਐੱਲ. ਬੀ. ਡਬਲਯੂ. ਕਰ ਕੇ 13ਵੇਂ ਓਵਰ ਵਿਚ ਅਫਗਾਨਿਸਤਾਨ ਦਾ ਸਕੋਰ 3 ਵਿਕਟਾਂ ’ਤੇ 62 ਦੌੜਾਂ ਕਰ ਦਿੱਤਾ ਪਰ ਇਸ ਤੋਂ ਬਾਅਦ ਨਜ਼ੀਬਉੱਲ੍ਹਾ ਤੇ ਇਬ੍ਰਾਹਿਮ ਨੇ ਸ਼ਾਨਦਾਰ ਜਿੱਤ ਆਪਣੀ ਟੀਮ ਦੀ ਝੋਲੀ ਵਿਚ ਪਾ ਦਿੱਤੀ।ਦੋਵੇਂ ਟੀਮਾਂ ਦੀਆਂ ਪਲੇਇੰਗ-11
ਬੰਗਲਾਦੇਸ਼ : ਮੁਹੰਮਦ ਨਈਮ, ਅਨਾਮੁਲ ਹੱਕ, ਸ਼ਾਕਿਬ ਅਲ ਹਸਨ (ਕਪਤਾਨ), ਅਫੀਫ ਹੁਸੈਨ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮੋਸਾਦਕ ਹੁਸੈਨ, ਮਹਿਮੂਦੁੱਲਾ, ਮੇਹੇਦੀ ਹਸਨ, ਮੁਹੰਮਦ ਸੈਫੂਦੀਨ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ
ਅਫਗਾਨਿਸਤਾਨ : ਹਜ਼ਰਤਉੱਲ੍ਹਾ ਜ਼ਜ਼ਈ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਨਜੀਬੁੱਲਾ ਜ਼ਦਰਾਨ, ਕਰੀਮ ਜਨਤ, ਮੁਹੰਮਦ ਨਬੀ (ਕਪਤਾਨ), ਰਾਸ਼ਿਦ ਖਾਨ, ਅਜ਼ਮਤੁੱਲਾ ਉਮਰਜ਼ਈ, ਨਵੀਨ-ਉਲ-ਹੱਕ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ
ਇਹ ਵੀ ਪੜ੍ਹੋ : ਫਿਲੀਪੀਨ : ਸ਼ੱਕੀ ਵਿਦਰੋਹੀਆਂ ਨੇ ਪੁਲਸ ਮੁਖੀ ਦਾ ਕੀਤਾ ਕਤਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।