ਅਜਾਕਸ ਨੇ ਟਾਟੇਨਹਮ ਨੂੰ 1-0 ਨਾਲ ਹਰਾਇਆ

Wednesday, May 01, 2019 - 11:22 PM (IST)

ਅਜਾਕਸ ਨੇ ਟਾਟੇਨਹਮ ਨੂੰ 1-0 ਨਾਲ ਹਰਾਇਆ

ਲੰਡਨ— ਚੈਂਪੀਅਨਜ਼ ਲੀਗ ਦੇ ਪਹਿਲੇ ਸੈਮੀਫਾਈਨਲ ਦੇ ਘਰੇਲੂ ਗੇੜ ਵਿਚ ਇੰਗਲਿਸ਼ ਫੁੱਟਬਾਲ ਕਲੱਬ ਟਾਟੇਨਹਮ ਨੂੰ ਡਚ ਕਲੱਬ ਅਜਾਕਸ ਖ਼ਿਲਾਫ਼ ਆਪਣੀਆਂ ਗ਼ਲਤੀਆਂ ਕਾਰਨ ਹੀ 0-1 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਟਾਟੇਨਹਮ ਦੇ ਮੈਨੇਜਰ ਮਾਰੀਸੀਓ ਪੋਚੇਟੀਨੋ ਨੇ ਮੰਨਿਆ ਕਿ ਉਨ੍ਹਾਂ ਤੋਂ ਟੀਮ ਦੀ ਰਣਨੀਤੀ ਤਿਆਰ ਕਰਨ ਵਿਚ ਗ਼ਲਤੀ ਹੋਈ। ਟਾਟੇਨਹਮ ਹਾਟਸਪਰ ਸਟੇਡੀਅਮ ਵਿਚ ਖੇਡ ਦੇ 15ਵੇਂ ਮਿੰਟ 'ਚ ਵਾਨ ਡੀ ਬੀਕ ਨੇ ਟਾਟੇਨਹਮ ਦੇ ਗੋਲਕੀਪਰ ਹੁਗੋ ਲਾਰਿਸ ਦੇ ਸੱਜੇ ਪਾਸਿਓਂ ਗੇਂਦ ਨੂੰ ਨੈੱਟਸ 'ਚ ਪਹੁੰਚਾ ਕੇ ਅਜਾਕਸ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਪਹਿਲੇ ਅੱਧ 'ਚ ਅਜਾਕਸ ਨੇ ਆਪਣਾ ਦਬਦਬਾ ਕਾਇਮ ਰੱਖਿਆ ਪਰ ਦੂਜੇ ਅੱਧ ਵਿਚ ਪੋਚੇਟੀਨੋ ਨੇ ਪੂਰੀ ਤਰ੍ਹਾਂ ਆਪਣਾ ਗੇਮ ਪਲਾਨ ਬਦਲ ਦਿੱਤਾ। ਮੁਕਾਬਲੇ ਵਿਚ 3-5-2 ਦੇ ਫਾਰਮੈਟ ਨਾਲ ਉਤਰਨ ਵਾਲੀ ਟਾਟੇਨਹਮ ਦੀ ਟੀਮ ਦੂਜੇ ਅੱਧ ਵਿਚ 4-4-2 ਦੇ ਫਾਰਮੈਟ ਨਾਲ ਉਤਰੀ। ਜੈਨ ਵਰਟੋਘੇਨ ਦੇ ਜ਼ਖ਼ਮੀ ਹੋਣ ਤੋਂ ਬਾਅਦ ਮਾਸਾ ਸਿਸੋਕਾ ਮੈਦਾਨ ਵਿਚ ਉਤਰੇ ਤੇ ਟਾਟੇਨਹਮ ਨੇ ਮੁਕਾਬਲੇ ਵਿਚ ਜ਼ਮੀਨ ਭਾਲਣੀ ਸ਼ੁਰੂ ਕਰ ਦਿੱਤੀ ਤੇ ਅਜਾਕਸ ਨੂੰ ਗੋਲ ਕਰਨ ਦਾ ਕੋਈ ਹੋਰ ਮੌਕਾ ਨਹੀਂ ਦਿੱਤਾ।


author

Gurdeep Singh

Content Editor

Related News