ਚੀਨ ’ਚ ਰਹਿਣਾ ਹੈ ਤਾਂ ਆਪਣੇ ਮੂੰਹ ’ਤੇ ਟੇਪ ਚਿਪਕਾ ਕੇ ਰਹੋ

12/20/2022 1:45:01 AM

ਚੀਨ ਦੀ ਕਮਿਊਨਿਸਟ ਪਾਰਟੀ ਦਾ ਆਪਣੇ ਦੇਸ਼ ’ਤੇ ਪੂਰਾ ਕਬਜ਼ਾ ਹੈ, ਇਸੇ ਕਾਰਨ ਸੀ. ਪੀ. ਸੀ. ਨੂੰ ਸ਼ਾਸਨ ਚਲਾਉਣ ’ਚ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਚੀਨ ਵਿਚ ਕਦੀ ਕਿਸੇ ਤਰ੍ਹਾਂ ਦਾ ਲੋਕ ਅੰਦੋਲਨ, ਵਿਰੋਧ ਵਿਖਾਵਾ, ਸਰਕਾਰ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਕੋਈ ਵਿਖਾਵਾ ਨਹੀਂ ਹੁੰਦਾ। ਇਸੇ ਨੂੰ ਵੇਖ ਕੇ ਦੁਨੀਆ ਭਰ ਵਿਚ ਲੋਕ ਇਹੀ ਮੰਨਦੇ ਸਨ ਕਿ ਚੀਨ ਆਪਣੇ ਲੋਕਾਂ ਨੂੰ ਬੜਾ ਖੁਸ਼ਹਾਲੀ ’ਚ ਰੱਖਦਾ ਹੈ, ਚੀਨ ਦੀ ਕਮਿਊਨਿਸਟ ਪਾਰਟੀ ਆਪਣੇ ਦੇਸ਼ ਦੇ ਲੋਕਾਂ ਦਾ ਬੜੇ ਚੰਗੇ ਢੰਗ ਨਾਲ ਖਿਆਲ ਰੱਖਦੀ ਹੈ ਅਤੇ ਨਿਪੁੰਨਤਾ ਨਾਲ ਪ੍ਰਸ਼ਾਸਨ ਦਾ ਕੰਮ ਸੰਭਾਲਦੀ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਚੀਨ ਸਰਕਾਰ ਦੇ ਵਿਰੁੱਧ ਜੇਕਰ ਕਿਸੇ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤਾਂ ਉਸ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ। ਭਾਵ ਸੀ. ਪੀ. ਸੀ. ਦਾ ਸਿੱਧਾ ਜਿਹਾ ਫਾਰਮੂਲਾ ਹੈ ਕਿ ਰਹਿਣਾ ਹੈ ਤਾਂ ਆਪਣੇ ਮੂੰਹ ’ਤੇ ਟੇਪ ਚਿਪਕਾ ਕੇ ਰਹੋ, ਸਰਕਾਰ ਦੇ ਵਿਰੁੱਧ ਕਦੀ ਕੁਝ ਨਾ ਬੋਲੋ, ਕੋਈ ਅੰਦੋਲਨ ਨਾ ਕਰੋ, ਨਹੀਂ ਤਾਂ ਗਾਇਬ ਕਰਵਾ ਦਿੱਤੇ ਜਾਓਗੇ।

ਦਹਾਕਿਆਂ ਤੋਂ ਚੀਨ ਦੀ ਕਮਿਊਨਿਸਟ ਪਾਰਟੀ ਦੇਸ਼ ਵਿਚ  ਇਸ ਤਰ੍ਹਾਂ ਹੀ ਸ਼ਾਸਨ ਚਲਾਉਂਦੀ ਆ ਰਹੀ ਹੈ। ਜਿਸ ਵਿਅਕਤੀ ਤੋਂ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਜਾਪਦਾ ਹੈ, ਉਹ ਵਿਅਕਤੀ ਗਾਇਬ ਹੋ ਜਾਂਦਾ ਹੈ। ਇਹੀ ਕਮਿਊਨਿਸਟ ਪਾਰਟੀ ਦੇ ਕੰਮ ਕਰਨ ਦਾ ਤਰੀਕਾ ਹੈ। ਜਿਸ ਤਰ੍ਹਾਂ ਚੀਨ ਦੀ ਕਮਿਊਨਿਸਟ ਪਾਰਟੀ ਸਰਕਾਰ ਨੇ ਸਾਲ 1995 ’ਚ ਪੰਚੇਨ ਲਾਮਾ ਨੂੰ ਗਾਇਬ ਕਰਵਾ ਦਿੱਤਾ ਸੀ ਪਰ ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਇੰਨੀ ਮਜ਼ਬੂਤ ਚੀਨ ਸਰਕਾਰ ਨੂੰ ਭਲਾ 6 ਸਾਲ ਦੇ ਇਕ ਬੱਚੇ ਤੋਂ ਕਿਵੇਂ ਖਤਰਾ ਹੋ ਸਕਦਾ ਸੀ?

ਦਰਅਸਲ ਪੰਚੇਨ ਲਾਮਾ ਦੇ ਮਾਮਲੇ ’ਚ ਚੀਨ ਨੇ ਲੰਬੀ ਖੇਡ ਖੇਡੀ ਸੀ। ਬੋਧੀ ਰਵਾਇਤਾਂ ਦੇ ਅਨੁਸਾਰ ਪੰਚੇਨ ਲਾਮਾ ਨੇ ਅਗਲਾ ਦਲਾਈ ਲਾਮਾ ਬਣਨਾ ਹੈ, ਇਸ ਲਈ ਕਮਿਊਨਿਸਟ ਪਾਰਟੀ ਨੇ ਉਸ ਪੰਚੇਨ ਲਾਮਾ ਨੂੰ ਗਾਇਬ ਕਰਵਾ ਦਿੱਤਾ ਅਤੇ ਆਪਣਾ ਪੰਚੇਨ ਲਾਮਾ ਉਸ ਦੀ ਥਾਂ ’ਤੇ ਬਿਠਾ ਦਿੱਤਾ, ਹੁਣ ਇਹ ਚੀਨੀ ਪੰਚੇਨ ਲਾਮਾ  ਚੀਨ ਦੀ ਕਮਿਊਨਿਸਟ ਪਾਰਟੀ ਦੀ ਸੁਰ ਵਿਚ ਸੁਰ ਬੋਲਣ ਲੱਗਾ। ‘ਸ਼ਿਨਹੁਆ’ ਵਿਚ ਛਪੀ ਖਬਰ ਦੇ ਅਨੁਸਾਰ ਚੀਨੀ ਪੰਚੇਨ ਲਾਮਾ ਕਾਮਰੇਡ ਸ਼ੀ ਜਿਨਪਿੰਗ ਨੂੰ ਕਮਿਊਨਿਸਟ ਪਾਰਟੀ ਦੇ ਮੁਖੀ ਦੇ ਤੌਰ ’ਤੇ ਆਪਣਾ ਮਜ਼ਬੂਤ ਸਮਰਥਨ ਦੇਣਗੇ। ਚੀਨੀ ਵਿਸ਼ੇਸ਼ਤਾਵਾਂ ਦੇ ਨਾਲ ਸਮਾਜਵਾਦ ਦਾ ਸਮਰਥਨ ਕਰਨਗੇ ਅਤੇ ਦੇਸ਼ ਤੇ ਧਰਮ ਨਾਲ ਪ੍ਰੇਮ ਕਰਨ ਦੇ ਇਤਿਹਾਸ ਨੂੰ ਪੰਚੇਨ ਲਾਮਾ ਦੀ ਮਾਣਮੱਤੀ ਰਵਾਇਤ ਨੂੰ ਜਾਰੀ ਰੱਖਣਗੇ।

ਚੀਨ ਦੀ ਕਮਿਊਨਿਸਟ ਪਾਰਟੀ ਦਾ ਲੋਕਾਂ ਨੂੰ ਗਾਇਬ ਕਰਾਉਣ ਦਾ ਇਤਿਹਾਸ ਰਿਹਾ ਹੈ ਜਿਸ ਵਿਚ ਉਨ੍ਹਾਂ ਦੇ ਆਪਣੇ ਲੋਕ ਵੀ ਸ਼ਾਮਲ ਰਹੇ ਹਨ। ਵਰ੍ਹਿਆਂ ਤੋਂ ਕਮਿਊਨਿਸਟ ਪਾਰਟੀ ’ਚ ਅੰਦਰੂਨੀ ਤੌਰ ’ਤੇ ਇਕ ਵਿਵਸਥਾ ਰਹੀ ਹੈ ਜਿਸ ਨੂੰ ਸ਼ੁਆਂਗਗੁਈ ਕਹਿੰਦੇ ਹਨ। ਇਸ ਵਿਚ ਕਮਿਊਨਿਸਟ ਪਾਰਟੀ ਦੇ ਲੋਕ ਆਪਣੀ ਹੀ ਪਾਰਟੀ ਦੇ ਕਿਸੇ ਇਕ ਟੀਚਾਬੱਧ ਵਿਅਕਤੀ ਨੂੰ ਫੜਦੇ ਹਨ, ਫਿਰ ਉਸ ਨੂੰ ਇਕਾਂਤ ’ਚ ਲਿਜਾ ਕੇ ਉਸ ’ਤੇ ਤਸ਼ੱਦਦ ਕਰਦੇ ਹਨ ਅਤੇ ਉਸ ਕੋਲੋਂ ਜ਼ਬਰਦਸਤੀ ਉਹ ਜੁਰਮ ਕਬੂਲ ਕਰਵਾਉਂਦੇ ਹਨ ਜੋ ਉਸ ਨੇ ਕੀਤਾ ਹੀ ਨਹੀਂ ਹੈ। ਇਹ ਟੀਚਾਬੱੱਧ ਵਿਅਕਤੀ ਪਾਰਟੀ ਦੇ ਉਹ ਕਾਮਰੇਡ ਹੁੰਦੇ ਹਨ ਜੋ ਕਮਿਊਨਿਸਟ ਪਾਰਟੀ ਅਤੇ ਸਰਕਾਰ ਦੇ ਵਿਰੁੱਧ ਜਾਂਦੇ ਹਨ।

ਕਮਿਊਨਿਸਟ ਪਾਰਟੀ ਦੇ ਲੋਕ ਦੁਨੀਆ ਨੂੰ ਇਹ ਦੱਸਦੇ ਹਨ ਕਿ ਜਿਨ੍ਹਾਂ ਨੂੰ ਉਹ ਸ਼ੁਆਂਗਗੁਈ ਦੇ ਤਹਿਤ ਫੜ ਰਹੇ ਹਨ, ਉਹ ਲੋਕ ਭ੍ਰਿਸ਼ਟ ਹਨ ਪਰ ਸਭ ਤੋਂ ਵੱਧ ਭ੍ਰਿਸ਼ਟ ਕਮਿਊਨਿਸਟ ਪਾਰਟੀ ਹੈ ਜੋ ਆਪਣੀਆਂ ਕਾਲੀਆਂ ਕਰਤੂਤਾਂ ਛੁਪਾਉਣ ਲਈ ਲੋਕਾਂ ਦਾ ਮੂੰਹ ਬੰਦ ਕਰਦੀ ਹੈ, ਜਿਸ ਦੇ ਲਈ ਉਹ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ।

ਸ਼ੁਆਂਗਗੁਈ ਦੇ ਤਹਿਤ ਫੜੇ ਲੋਕਾਂ ਨੂੰ ਲੰਬੇ ਸਮੇਂ ਤੱਕ ਸੌਣ ਨਹੀਂ ਦਿੱਤਾ ਜਾਂਦਾ, ਉਨ੍ਹਾਂ ਨੂੰ ਖਾਣਾ-ਪਾਣੀ ਵੀ ਨਹੀਂ ਦਿੱਤਾ ਜਾਂਦਾ, ਉਨ੍ਹਾਂ ਦੇ ਸਰੀਰ ਨੂੰ ਤਸੀਹੇ ਦਿੱਤੇ ਜਾਂਦੇ ਹਨ, ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਦੁਨੀਆ ਅਤੇ ਬਾਕੀ ਇਨਸਾਨਾਂ ਤੋਂ ਬੜਾ ਦੂਰ ਰੱਖਿਆ ਜਾਂਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨਾਲ ਵੀ ਨਹੀਂ ਮਿਲਣ ਦਿੱਤਾ ਜਾਂਦਾ। ਕਮਿਊਨਿਸਟ ਪਾਰਟੀ ਦੇ ਲੋਕ ਇਹ ਸਾਰੇ ਕੰਮ ਗੈਰ-ਕਾਨੂੰਨੀ ਢੰਗ ਨਾਲ ਕਰਦੇ ਹਨ। ਇਨ੍ਹਾਂ ਦੀ ਗ੍ਰਿਫਤ ਵਿਚ ਜੋ ਲੋਕ ਆਉਂਦੇ ਹਨ ਉਹ ਪੁਲਸ ਪ੍ਰਸ਼ਾਸਨ ’ਚ ਇਸ ਦੀ ਸ਼ਿਕਾਇਤ ਵੀ ਨਹੀਂ ਕਰ ਸਕਦੇ।


Anmol Tagra

Content Editor

Related News