ਪੰਜਾਬ ਕੇਸਰੀ 'ਤੇ ਸਰਕਾਰੀ ਜਬਰ ਜ਼ੁਲਮ ਕਰਨ 'ਤੇ ਤੁਲੀ ਹੋਈ ਹੈ ਮਾਨ ਸਰਕਾਰ: ਮਜੀਠੀਆ
Tuesday, Mar 17, 2026 - 10:03 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਸਰਕਾਰ ਵੱਲੋਂ ‘ਹਿੰਦ ਸਮਾਚਾਰ ਪੱਤਰ ਸਮੂਹ’ (ਜੱਗ ਬਾਣੀ ਅਤੇ ਪੰਜਾਬ ਕੇਸਰੀ) ਵਿਰੁੱਧ ਕੀਤੀ ਗਈ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੋ ਵੀ ਸਰਕਾਰ ਨਾਲ ਸਹਿਮਤ ਨਹੀਂ ਹੁੰਦਾ, ਉਸ 'ਤੇ ਬੁਲਡੋਜ਼ਰ ਚਲਾ ਕੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਭਗਵੰਤ ਮਾਨ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ, ਜਲੰਧਰ ਸਥਿਤ ਗਰੁੱਪ ਦੇ ਹੋਟਲ 'ਤੇ ਕੀਤੀ ਗਈ ਕਾਰਵਾਈ ਸਰਕਾਰ ਦੀ ਉਸ ਮਨਸ਼ਾ ਨੂੰ ਉਜਾਗਰ ਕਰਦੀ ਹੈ ਜਿੱਥੇ ਉਹ ਵਿਰੋਧੀ ਆਵਾਜ਼ਾਂ ਨੂੰ ਕੁਚਲ ਕੇ ਪੰਜਾਬ ਨੂੰ ਇੱਕ ‘ਪੁਲਸ ਸਟੇਟ’ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਐਡਹਾਕ ਡੀ.ਜੀ.ਪੀ. ਵੱਲੋਂ ‘ਸੁਪਰ ਸੀ.ਐਮ.’ (ਅਰਵਿੰਦ ਕੇਜਰੀਵਾਲ) ਦੇ ਇਸ਼ਾਰੇ 'ਤੇ ਸੱਚ ਬੋਲਣ ਵਾਲਿਆਂ ਵਿਰੁੱਧ ਤਾਕਤ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਚਾਹੁੰਦੀ ਹੈ ਕਿ ਅਖ਼ਬਾਰ ਉਨ੍ਹਾਂ ਦੇ ਮੁਤਾਬਕ ਖ਼ਬਰਾਂ ਨਸ਼ਰ ਕਰਨ ਅਤੇ ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਸਰਕਾਰੀ ਜਬਰ ਸਹਿਣ ਲਈ ਤਿਆਰ ਰਹਿਣਾ ਪੈਂਦਾ ਹੈ। ਉਨ੍ਹਾਂ ਪੰਜਾਬ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਸੂਬਾ ਇਸ ਸਮੇਂ ਗੈਂਗਲੈਂਡ, ਡਰੱਗਲੈਂਡ ਅਤੇ ਕਤਲਲੈਂਡ ਬਣ ਚੁੱਕਿਆ ਹੈ। ਸਰਕਾਰ ਨੂੰ ਇਹ ਮਨਜ਼ੂਰ ਨਹੀਂ ਕਿ ‘ਜੱਗ ਬਾਣੀ’ ਅਤੇ ‘ਪੰਜਾਬ ਕੇਸਰੀ’ ਰਾਹੀਂ ਲੋਕਾਂ ਨੂੰ ਇਸ ਸੱਚਾਈ ਦਾ ਪਤਾ ਲੱਗੇ, ਇਸ ਲਈ ਉਹ ਸਾਮ-ਦਾਮ-ਦੰਡ-ਭੇਦ ਨਾਲ ਇਨ੍ਹਾਂ ਖ਼ਬਰਾਂ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ।
ਬਿਕਰਮ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਿੰਦ ਸਮਾਚਾਰ ਪੱਤਰ ਸਮੂਹ ਦੀ ਮੈਨੇਜਮੈਂਟ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਪਾਰਟੀ ਹਰ ਸੰਘਰਸ਼ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪ੍ਰੈਸ ਦੀ ਆਵਾਜ਼ ਨੂੰ ਕਿਸੇ ਵੀ ਧੱਕੇਸ਼ਾਹੀ ਨਾਲ ਦਬਾਇਆ ਨਹੀਂ ਜਾ ਸਕਦਾ ਅਤੇ ‘ਜੱਗ ਬਾਣੀ’ ਤੇ ‘ਪੰਜਾਬ ਕੇਸਰੀ’ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ ਕਿਉਂਕਿ ਉਹ "ਨਾ ਡਰਨਗੇ ਨਾ ਝੁਕਣਗੇ"।
