''ਇਹ ਮੋਦੀ ਦੀ ਭਾਜਪਾ ਹੈ!''

04/18/2018 2:16:52 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੁਣ ਭਾਜਪਾ ਵਿਚ ਸਭ ਕੁਝ ਹਨ। ਉਨ੍ਹਾਂ ਨੇ ਆਪਣੇ ਇਕ ਨੇੜਲੇ ਸਿਪਾਹਸਾਲਾਰ ਅਮਿਤ ਸ਼ਾਹ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ 'ਤੇ ਬਿਠਾਇਆ ਹੋਇਆ ਹੈ ਪਰ ਲੋਕਾਂ ਦੀ ਯਾਦਦਾਸ਼ਤ ਕਮਜ਼ੋਰ ਹੈ। ਪਾਰਟੀ ਦੇ ਬਾਨੀ ਅਟਲ ਬਿਹਾਰੀ ਵਾਜਪਾਈ ਸਨ, ਜੋ ਬਾਅਦ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ਕਈ ਪਾਰਟੀਆਂ ਦੇ ਗੱਠਜੋੜ ਵਾਲੀ ਸਰਕਾਰ ਦੀ ਉਨ੍ਹਾਂ ਨੇ ਅਗਵਾਈ ਕੀਤੀ। 
ਕਾਂਗਰਸ ਦੇ ਖਾਤਮੇ ਦਾ ਕ੍ਰਿਸ਼ਮਾ ਗਾਂਧੀਵਾਦੀ-ਸਮਾਜਵਾਦੀ ਜੈਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਹੋਇਆ। ਅੰਦੋਲਨ ਇੰਨਾ ਮਜ਼ਬੂਤ ਸੀ ਕਿ ਸਾਰੀਆਂ ਗੈਰ-ਕਾਂਗਰਸੀ ਪਾਰਟੀਆਂ ਇਕ ਮੰਚ 'ਤੇ ਆ ਗਈਆਂ। ਜਨਸੰਘ ਦੇ ਪੁਰਾਣੇ ਮੈਂਬਰਾਂ ਨੇ ਇਸ ਗੱਲ ਦਾ ਨਿਸ਼ਚਾ ਕੀਤਾ ਹੋਇਆ ਸੀ ਕਿ ਆਰ. ਐੱਸ. ਐੱਸ. ਨਾਲ ਉਨ੍ਹਾਂ ਦਾ ਸੰਬੰਧ ਬਣਿਆ ਰਹੇ। ਇਸ ਦਾ ਮਤਲਬ ਇਹ ਸੀ ਕਿ ਹਿੰਦੂਵਾਦ ਦੀ ਵਿਚਾਰਧਾਰਾ ਪਾਰਟੀ ਦਾ ਫਿਰਕੂ ਏਜੰਡਾ ਤੈਅ ਕਰੇਗੀ।
ਜੇ. ਪੀ. ਦੇ ਸੈਕੁਲਰਿਜ਼ਮ ਦਾ ਲਿਬਾਸ ਹਿੰਦੂ ਸਮਰਥਕ ਜਨਸੰਘ ਨੂੰ ਫਿੱਟ ਨਹੀਂ ਹੁੰਦਾ ਸੀ। ਇਹ ਜੇ. ਪੀ. ਹੀ ਸਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨਾਲ ਲੜਨ ਲਈ ਇਸ ਨੂੰ ਵਿਰੋਧੀ ਧਿਰ ਦੇ ਗੱਠਜੋੜ ਵਿਚ ਸ਼ਾਮਿਲ ਕੀਤਾ ਸੀ। ਜੇ. ਪੀ. ਜਾਣਦੇ ਸਨ ਕਿ ਜਨਸੰਘ ਆਰ. ਐੱਸ. ਐੱਸ. ਦੀ ਹੀ ਇਕ ਸਿਆਸੀ ਬ੍ਰਾਂਚ ਹੈ ਪਰ ਉਨ੍ਹਾਂ ਨੂੰ ਵਚਨ ਦਿੱਤਾ ਗਿਆ ਸੀ ਕਿ ਦੋਵੇਂ ਅੱਡ ਹੋ ਜਾਣਗੇ। 
ਜਦੋਂ ਜਨਤਾ ਪਾਰਟੀ ਦੀ ਸਰਕਾਰ ਆਈ ਤਾਂ ਜੇ. ਪੀ. ਨੇ ਜਨਸੰਘ ਦੇ ਮੈਂਬਰਾਂ, ਜੋ ਜਨਤਾ ਪਾਰਟੀ ਅਤੇ ਸਰਕਾਰ ਵਿਚ ਅਹਿਮ ਅਹੁਦਿਆਂ 'ਤੇ ਬੈਠ ਗਏ ਸਨ, ਉੱਤੇ ਜ਼ੋਰ ਪਾਇਆ ਕਿ ਉਹ ਆਰ. ਐੱਸ. ਐੱਸ. ਨਾਲੋਂ ਆਪਣਾ ਨਾਤਾ ਤੋੜ ਲੈਣ।
ਜੇ. ਪੀ. ਨੂੰ ਪਤਾ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਅਜਿਹਾ ਮਾਹੌਲ ਬਣਾ ਦਿੱਤਾ ਕਿ ਇਕ ਹਿੰਦੂ ਨੇ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ। ਨੱਥੂਰਾਮ ਗੌਡਸੇ ਨੇ ਗਾਂਧੀ ਦੇ ਪੈਰੀਂ ਹੱਥ ਲਾਇਆ ਤੇ ਉਨ੍ਹਾਂ ਨੂੰ ਨੇੜਿਓਂ ਗੋਲੀ ਮਾਰ ਦਿੱਤੀ। ਉਸ ਤੋਂ ਬਾਅਦ ਆਰ. ਐੱਸ. ਐੱਸ. 'ਤੇ ਪਾਬੰਦੀ ਲਾ ਦਿੱਤੀ ਗਈ ਸੀ। 
ਆਰ. ਐੱਸ. ਐੱਸ. ਦੇ ਮੁਖੀ ਐੱਮ. ਐੱਸ. ਗੋਲਵਲਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਸਾਲ ਬਾਅਦ ਇਸ ਭਰੋਸੇ ਨਾਲ ਰਿਹਾਅ ਕੀਤਾ ਗਿਆ ਕਿ ਆਰ. ਐੱਸ. ਐੱਸ. ਚੋਣ ਸਿਆਸਤ ਵਿਚ ਹਿੱਸਾ ਨਹੀਂ ਲਵੇਗਾ। ਅੱਜ ਇਹ ਸੰਗਠਨ ਵਿਧਾਨ ਸਭਾ ਵਿਚ ਭਾਜਪਾ ਦੇ ਉਮੀਦਵਾਰਾਂ ਦੀ ਚੋਣ ਕਰਦਾ ਹੈ ਤੇ ਅਗਾਂਹ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੀ ਇਹੋ ਹੋਵੇਗਾ।
ਆਰ. ਐੱਸ. ਐੱਸ. ਨੂੰ ਲੈ ਕੇ ਦਿੱਤਾ ਗਿਆ ਵਚਨ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਲਈ ਇਕ ਚਾਲ ਸਿੱਧ ਹੋਇਆ। ਵਚਨ ਪੂਰਾ ਕਰਨ ਬਾਰੇ ਜੇ. ਪੀ. ਵਲੋਂ ਕਈ ਵਾਰ ਚੇਤਾ ਕਰਵਾਉਣ ਦਾ ਵੀ ਕੋਈ ਅਸਰ ਨਹੀਂ ਹੋਇਆ। 
ਉਹ ਅਜਿਹਾ ਕਿਵੇਂ ਕਰ ਸਕਦੇ ਸਨ, ਜਦ ਹਿੰਦੂ ਰਾਸ਼ਟਰ ਬਣਾਉਣ ਦੇ ਤੈਅਸ਼ੁਦਾ ਉਦੇਸ਼ ਨਾਲ ਆਰ. ਐੱਸ. ਐੱਸ. ਨੇ ਹੀ ਜਨਸੰਘ ਨੂੰ ਜਨਮ ਦਿੱਤਾ ਸੀ? ਸ਼ੁਰੂ ਵਿਚ ਜਨਸੰਘ ਦੇ ਮੈਂਬਰਾਂ ਨੇ ਜੇ. ਪੀ. ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਰ. ਐੱਸ. ਐੱਸ. ਉਹੋ ਜਿਹਾ ਨਹੀਂ ਹੈ, ਜਿਹੋ ਜਿਹਾ ਇਸ ਨੂੰ ਸਮਝਿਆ ਜਾਂਦਾ ਹੈ। 
ਜਦੋਂ ਸੰਕਟ ਦੀ ਘੜੀ ਆਈ ਤਾਂ ਉਨ੍ਹਾਂ ਨੇ ਆਰ. ਐੱਸ. ਐੱਸ. ਨਾਲੋਂ ਸੰਬੰਧ ਤੋੜਨ ਤੋਂ ਸਾਫ ਨਾਂਹ ਕਰ ਦਿੱਤੀ ਤੇ ਜੇ. ਪੀ. ਨੂੰ ਲੱਗਾ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ ਪਰ ਉਦੋਂ ਤਕ ਉਹ ਇੰਨੇ ਬੀਮਾਰ ਹੋ ਗਏ ਸਨ ਕਿ ਜਨਸੰਘ ਨੂੰ ਬੇਨਕਾਬ ਕਰਨ ਲਈ ਉਹ ਲੋਕਾਂ ਕੋਲ ਨਹੀਂ ਜਾ ਸਕਦੇ ਸਨ। ਉਨ੍ਹਾਂ ਨੇ ਇਹ ਗੱਲ ਜਨਤਕ ਕਰ ਦਿੱਤੀ ਕਿ ਉਨ੍ਹਾਂ ਦਾ ਭਰੋਸਾ ਤੋੜਿਆ ਗਿਆ ਹੈ ਪਰ ਆਪਣੀ ਸਿਹਤ ਖਰਾਬ ਹੋਣ ਕਾਰਨ ਉਹ ਲਾਚਾਰ ਸਨ। 
ਜਨਤਾ ਪਾਰਟੀ ਦੇ ਮੈਂਬਰਾਂ ਨੇ ਜਦੋਂ ਮੈਂਬਰਸ਼ਿਪ ਦਾ ਸਵਾਲ ਉਠਾਇਆ ਤਾਂ ਜਨਸੰਘ ਦੇ ਮੈਂਬਰਾਂ ਨੇ ਬਾਹਰ ਨਿਕਲਣਾ ਹੀ ਬਿਹਤਰ ਸਮਝਿਆ। ਦਿਲਚਸਪ ਗੱਲ ਇਹ ਹੈ ਕਿ ਉਦੋਂ ਤਕ ਜਨਸੰਘ (ਜੋ ਹੁਣ ਭਾਜਪਾ ਹੈ) ਨੇ ਇਹ ਭਰੋਸੇਯੋਗਤਾ ਹਾਸਿਲ ਕਰ ਲਈ ਸੀ, ਜੋ ਉਹ ਗਾਂਧੀ ਜੀ ਦੀ ਹੱਤਿਆ ਤੋਂ ਕੁਝ ਦਹਾਕਿਆਂ ਬਾਅਦ ਵੀ ਹਾਸਿਲ ਨਹੀਂ ਕਰ ਸਕੀ ਸੀ। 
ਜਨਤਾ ਪਾਰਟੀ ਵਿਚ 2 ਸਾਲ ਰਹਿਣ ਅਤੇ ਕੇਂਦਰ ਸਰਕਾਰ ਵਿਚ ਅਹਿਮ ਮੰਤਰਾਲੇ ਰੱਖਣ ਨਾਲ ਭਾਜਪਾ ਨੂੰ ਬਹੁਤ ਫਾਇਦਾ ਮਿਲਿਆ। ਇਕ ਪਾਸੇ ਉਨ੍ਹਾਂ ਨੇ ਮੈਂਬਰਾਂ ਨੂੰ ਭਗਵੇ ਰੰਗ ਵਿਚ ਰੰਗਿਆ ਤਾਂ ਦੂਜੇ ਪਾਸੇ ਸੂਚਨਾ ਪ੍ਰਸਾਰਣ ਵਰਗੇ ਪ੍ਰਮੁੱਖ ਮੰਤਰਾਲਿਆਂ ਲਈ ਆਪਣੇ ਬੰਦੇ ਚੁਣੇ। ਹੁਣ ਤਾਂ ਲੱਗਦਾ ਹੈ ਕਿ ਆਰ. ਐੱਸ. ਐੱਸ. ਇਸ ਨੂੰ ਹਰ ਰੋਜ਼ ਚਲਾ ਰਿਹਾ ਹੈ। 
ਭਾਜਪਾ ਨੇ ਸਮੇਂ-ਸਮੇਂ 'ਤੇ ਹਾਂ-ਪੱਖੀ ਰਵੱਈਆ ਅਪਣਾਇਆ, ਜਿਸ ਨਾਲ ਹਿੰਦੂ ਬੁੱਧੀਜੀਵੀ ਭਰਮ ਵਿਚ ਪੈ ਗਏ। ਜਦੋਂ ਅਟਲ ਬਿਹਾਰੀ ਵਾਜਪਾਈ ਵਰਗੇ ਨੇਤਾ ਕੇਂਦਰੀ ਭੂਮਿਕਾ ਵਿਚ ਸਨ ਤਾਂ ਉਹ ਸੰਤੁਲਨ ਬਣਾਉਣ ਦਾ ਕੰਮ ਕਰਦੇ ਸਨ ਤੇ ਇਕੱਠੇ ਦੋ ਘੋੜਿਆਂ 'ਤੇ ਸਵਾਰੀ ਕਰਦੇ ਸਨ। 
ਅਯੁੱਧਿਆ-ਬਾਬਰੀ ਮਸਜਿਦ ਵਿਵਾਦ ਅਤੇ ਹੋਰ ਮੁੱਦਿਆਂ ਦੇ ਹੇਠਾਂ ਤਕ ਜਾਣ ਨਾਲ 545 ਸੀਟਾਂ ਵਾਲੇ ਸਦਨ ਵਿਚ ਸਿਰਫ 2 ਸੀਟਾਂ ਰੱਖਣ ਵਾਲੀ ਭਾਜਪਾ 1991 ਵਿਚ 181 ਸੀਟਾਂ ਜਿੱਤ ਗਈ। ਫਿਰ ਤਾਂ ਜੇ. ਪੀ. ਦੇ ਨੇੜਲੇ ਸਮਰਥਕਾਂ ਨੂੰ ਵੀ ਰਾਜਗ ਵਿਚ ਭਾਜਪਾ ਨਾਲ ਹੱਥ ਮਿਲਾਉਣ ਦਾ ਬਹਾਨਾ ਮਿਲ ਗਿਆ ਤਾਂ ਕਿ ਉਹ ਡਰਾਈਵਰ ਵਾਲੀ ਸੀਟ 'ਤੇ ਬਣੇ ਰਹਿ ਸਕਣ। 
ਉਦੋਂ ਤਕ ਇਹ ਸਪੱਸ਼ਟ ਹੋ ਗਿਆ ਸੀ ਕਿ ਭਾਜਪਾ ਆਪਣਾ ਆਧਾਰ ਵਧਾਉਣ ਲਈ ਬੇਚੈਨ ਸੀ। ਤੱਤਕਾਲੀ ਉਪ-ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਸਿਆਸੀ ਭਾਜਪਾ ਤੇ ਤਾਨਾਸ਼ਾਹ ਆਰ. ਐੱਸ. ਐੱਸ. ਵਿਚਲਾ ਫਰਕ ਘੱਟ ਕਰ ਦਿੱਤਾ ਸੀ। ਉਨ੍ਹਾਂ ਨੇ ਹਿੰਦੂਆਂ ਨੂੰ ਇਕਜੁੱਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਸਭ ਤੋਂ ਖਤਰਨਾਕ ਸੀ ਉੱਤਰ ਭਾਰਤ ਵਿਚ ਉਨ੍ਹਾਂ ਵਲੋਂ ਕੱਢੀ ਗਈ ਰੱਥ ਯਾਤਰਾ, ਜੋ ਸਦੀਆਂ ਤੋਂ ਇਕੱਠੇ ਰਹਿਣ ਵਾਲੇ ਹਿੰਦੂਆਂ-ਮੁਸਲਮਾਨਾਂ ਨੂੰ ਵੰਡਣ ਵਾਲੀ ਸੀ।
ਅਡਵਾਨੀ ਦੋ ਭਾਈਚਾਰਿਆਂ ਵਿਚਾਲੇ ਸਾਫ ਲਾਈਨ ਖਿੱਚੇ ਜਾਣ ਦੇ ਇਸ ਦੇ ਨਤੀਜਿਆਂ ਤੋਂ ਇੰਨੇ ਸੰਤੁਸ਼ਟ ਸਨ ਕਿ ਉਨ੍ਹਾਂ ਨੇ ਅਯੁੱਧਿਆ ਦੀ ਰੱਥ ਯਾਤਰਾ ਦੀ ਤੁਲਨਾ ਗਾਂਧੀ ਜੀ ਦੀ ਦਾਂਡੀ ਨਮਕ ਯਾਤਰਾ ਨਾਲ ਕਰ ਦਿੱਤੀ। 
ਮੋਦੀ ਹਰ ਵਾਰ ਦੱਸਦੇ ਰਹਿੰਦੇ ਹਨ ਕਿ ਉਹ ਪਾਰਟੀ ਤੋਂ ਵੱਡੇ ਹਨ। ਉਨ੍ਹਾਂ ਦੇ 4 ਵਰ੍ਹਿਆਂ ਦੇ ਸ਼ਾਸਨ ਤੋਂ ਬਾਅਦ ਵੀ ਇਹ ਸਪੱਸ਼ਟ ਨਹੀਂ ਹੈ ਕਿ ਦੇਸ਼ ਨੂੰ ਉਹ ਕਿਸ ਦਿਸ਼ਾ ਵਿਚ ਲਿਜਾ ਰਹੇ ਹਨ। ਮੰਨਿਆ ਕਿ ਦੇਸ਼ ਵਿਚ ਹਿੰਦੂਵਾਦ ਦਾ ਫਿੱਕਾ ਰੂਪ ਫੈਲ ਰਿਹਾ ਹੈ ਪਰ ਦੱਖਣ ਦੇ ਸੂਬੇ ਇਸ ਵਿਚ ਪੂਰੀ ਤਰ੍ਹਾਂ ਭਾਈਵਾਲ ਹੋਣ ਦੀ ਧਾਰਨਾ ਨਹੀਂ ਬਣਨ ਦੇਣਾ ਚਾਹੁੰਦੇ। 
ਇਕ ਵਾਰ ਫਿਰ ਹਿੰਦੀ ਨੂੰ ਲਿਆਉਣ ਨਾਲ ਉਹੋ ਜਿਹੀ ਹੀ ਸਮੱਸਿਆ ਪੈਦਾ ਹੋ ਰਹੀ ਹੈ, ਜਿਹੋ ਜਿਹੀ ਪੰ. ਨਹਿਰੂ ਦੇ ਆਖਰੀ ਦਿਨਾਂ ਵਿਚ ਹੋਈ ਸੀ। ਉਦੋਂ ਉਨ੍ਹਾਂ ਦੇ ਉਤਰਾਧਿਕਾਰੀ ਲਾਲ ਬਹਾਦੁਰ ਸ਼ਾਸਤਰੀ ਨੇ ਸਦਨ ਵਿਚ ਭਰੋਸਾ ਦਿੱਤਾ ਸੀ ਕਿ ਹਿੰਦੀ ਵੱਲ ਜਾਣਾ ਸਿਰਫ ਗੈਰ-ਹਿੰਦੀ ਭਾਸ਼ੀ ਸੂਬਿਆਂ 'ਤੇ ਨਿਰਭਰ ਕਰਦਾ ਹੈ, ਜੋ ਇਹ ਕਹਿਣ ਕਿ ਉਹ  ਇਸ ਤਬਦੀਲੀ ਲਈ ਤਿਆਰ ਹਨ। 
ਇਹ ਮੋਦੀ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੋ ਵੱਖ-ਵੱਖ ਵਿਚਾਰਧਾਰਾਵਾਂ ਵਿਚਾਲੇ ਮੇਲ-ਮਿਲਾਪ ਕਰਵਾਉਂਦੇ ਹਨ। ਇਹ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਹਿੰਦੀ-ਭਾਸ਼ੀ ਸੂਬਿਆਂ ਨੂੰ 'ਕੂਹਣੀ ਮਾਰ ਕੇ' ਇਸ਼ਾਰਾ ਕਰਨਾ ਪਵੇਗਾ ਪਰ ਇਹ ਸਮਾਂ ਹੀ ਦੱਸੇਗਾ ਕਿ ਉਹ ਅਜਿਹਾ ਕਰ ਸਕਦੇ ਹਨ ਜਾਂ ਨਹੀਂ? 


Related News