ਇਹ ਚੋਣਾਂ ਭਾਰਤ ਨੂੰ ਅਗਲੇ 5 ਸਾਲਾਂ ''ਚ ਇਕ ਵੱਡੀ ਗਲੋਬਲ ਸ਼ਕਤੀ ਬਣਾਉਣ ਲਈ ਹੈ: PM ਮੋਦੀ
Friday, Apr 19, 2024 - 04:32 PM (IST)
ਦਮੋਹ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਅਗਲੇ 5 ਸਾਲਾਂ 'ਚ ਭਾਰਤ ਨੂੰ ਇਕ ਵੱਡੀ ਗਲੋਬਲ ਸ਼ਕਤੀ ਬਣਾਉਣ ਲਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੁਨੀਆ ਵਿਚ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਦੇਸ਼ 'ਚ ਇਕ ਮਜ਼ਬੂਤ ਅਤੇ ਸਥਿਰ ਸਰਕਾਰ ਦੀ ਲੋੜ ਹੈ। ਮੱਧ ਪ੍ਰਦੇਸ਼ ਦੇ ਦਮੋਹ ਵਿਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਕਾਂਗਰਸ 'ਤੇ ਦਹਾਕਿਆਂ ਤੱਕ ਸੱਤਾ 'ਚ ਰਹਿਣ ਦੌਰਾਨ ਰੱਖਿਆ ਖੇਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਵਿਰੋਧੀ ਧਿਰ ਨਹੀਂ ਚਾਹੁੰਦਾ ਸੀ ਕਿ ਫਰਾਂਸ ਨਿਰਮਿਤ ਰਾਫੇਲ ਲੜਾਕੂ ਜਹਾਜ਼ ਭਾਰਤ ਆਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਸਾਡੇ ਰੱਖਿਆ ਬਲਾਂ ਨੂੰ ਆਤਮਨਿਰਭਰ ਬਣਾ ਰਹੀ ਹੈ। ਭਾਰਤ ਕਈ ਦੇਸ਼ਾਂ ਨੂੰ ਹਥਿਆਰ ਨਿਰਯਾਤ ਕਰ ਰਿਹਾ ਹੈ।
ਪਾਕਿਸਤਾਨ ਦੇ ਸੰਦਰਭ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਕ ਗੁਆਂਢੀ ਦੇ ਜੋ ਅੱਤਵਾਦ ਦੀ ਸਪਲਾਈ ਕਰ ਰਿਹਾ ਹੈ, ਹੁਣ ਉਹ ਆਟੇ ਲਈ ਸੰਘਰਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗਰੀਬਾਂ ਦੇ ਕਲਿਆਣ ਲਈ ਵਚਨਬੱਧ ਹੈ ਅਤੇ ਕੇਂਦਰ ਨੇ ਲੱਗਭਗ 80 ਕਰੋੜ ਲਾਭਪਾਤਰੀਆਂ ਲਈ ਮੁਫ਼ਤ ਰਾਸ਼ਨ ਯੋਜਨਾ ਨੂੰ 5 ਸਾਲਾਂ ਲਈ ਵਧਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਦੇ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਸਵੀਕਾਰ ਕਰਨ ਲਈ ਰਾਮ ਜਨਮਭੂਮੀ-ਬਾਬਰੀ-ਮਸਜਿਦ ਮਾਮਲੇ ਦੇ ਸਾਬਕਾ ਵਾਦੀ ਇਕਬਾਲ ਅੰਸਾਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਇਸ ਸਮਾਗਮ ਦਾ ਬਾਈਕਾਟ ਕਰਨ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ।