ਜੇਲ ’ਚ 3 ਦਹਾਕੇ ਕੱਟਣ ਤੋਂ ਬਾਅਦ ਵੀ ਜ਼ਿੰਦਾ ਰਿਹਾ ਪਿਆਰ

Monday, Oct 15, 2018 - 06:26 AM (IST)

ਡਕੈਤੀ ਅਤੇ ਕਤਲ ਦੇ ਮਾਮਲੇ ’ਚ ਵੇਲੂਰ ਜੇਲ ’ਚ 3 ਦਹਾਕੇ ਕੱਟਣ ਤੋਂ ਬਾਅਦ ਇਕ ਜੋੜਾ 6 ਅਕਤੂਬਰ ਨੂੰ ਮੁੜ ਤੋਂ ਇਕ ਹੋ ਗਿਆ। ਸੁਬਰਾਮਣੀ ਅਤੇ ਵਿਜਯਾ, ਜਿਨ੍ਹਾਂ ਦੀ ਉਮਰ ਹੁਣ 60 ਤੋਂ ਉੱਪਰ ਹੈ, ਤਿਰੂਪੁਰ ਲਈ ਰਵਾਨਾ ਹੋ ਗਏ, ਜਿਥੇ ਉਹ ਮੁੜ ਤੋਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨਗੇ।
ਤਿਰੂਪੁਰ ਦੇ ਨੱਚੀਪਲਯਮ ਪਿੰਡ ਦੇ ਸੁਬਰਾਮਣੀ ਲਈ ਇਹ ਪਹਿਲੀ ਨਜ਼ਰ ਦਾ ਪਿਆਰ ਸੀ, ਜਦੋਂ ਉਸ ਨੇ ਸ਼੍ਰੀਲੰਕਾ ਦੀ ਲੋਕ ਕਲਾਕਾਰ ਵਿਜਯਾ ਨੂੰ ਵੇਖਿਆ ਸੀ। ਵਿਜਯਾ, ਜਿਸ ਨੂੰ ‘ਪੱਕਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਹੁਣ  ਪਿਆਰ ਦਾ ਜਵਾਬ ਦਿੱਤਾ ਹੈ। ਭਾਵੇਂ ਸੁਬਰਾਮਣੀ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਸੀ ਪਰ ਫਿਰ ਵੀ ਉਸ ਨੇ ਪੈਸਿਅਾਂ ਦੀ ਬਜਾਏ ਪਿਆਰ ਨੂੰ ਪਹਿਲ ਦਿੱਤੀ ਅਤੇ ਵਿਜਯਾ ਨਾਲ ਰਹਿਣਾ ਸ਼ੁਰੂ ਕਰ ਦਿੱਤਾ। 
1987 ’ਚ ਇਕ ਵਾਰ ਜਦੋਂ ਦੋਵੇਂ ਸੁਲੂਰ ਵਿਖੇ ਸੜਕ ਦੇ ਕੰਢੇ ਸੁੱਤੇ ਹੋਏ ਸਨ ਤਾਂ ਇਕ ਵਿਅਕਤੀ ਨੇ ਨਸ਼ੇ ’ਚ ਵਿਜਯਾ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਜੋੜਾ ਆਪਣੇ ਬਚਾਅ ਲਈ ਉਕਤ ਨਸ਼ੇੜੀ ਨਾਲ ਭਿੜ ਗਿਆ। ਸੁਬਰਾਮਣੀ ਦਾ ਕਹਿਣਾ ਹੈ ਕਿ ਇਸ ਝਗੜੇ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਸੁਬਰਾਮਣੀ ਅਤੇ ਵਿਜਯਾ ਦੋਹਾਂ ਨੂੰ ਕਤਲ ਅਤੇ ਡਕੈਤੀ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ। ਰਿਸ਼ਤੇਦਾਰਾਂ ਤੋਂ ਕੋਈ ਵੀ ਮਦਦ ਨਾ ਮਿਲਣ ਕਾਰਨ ਅਦਾਲਤ ਨੇ ਦੋਹਾਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ। ਇਸ ਕਾਰਨ ਦੋਹਾਂ ਨੂੰ ਵੇਲੂਰ ਦੀ ਜੇਲ ’ਚ ਭੇਜ ਦਿੱਤਾ ਗਿਆ, ਜਿਥੇ ਸੁਬਰਾਮਣੀ ਨੂੰ ਸੈਂਟਰਲ ਜੇਲ ’ਚ ਰੱਖਿਆ  ਗਿਆ, ਉਥੇ  ਹੀ ਵਿਜਯਾ ਨੂੰ ਸਪੈਸ਼ਲ ਮਹਿਲਾ ਜੇਲ ’ਚ ਪਹੁੰਚਾਇਆ ਗਿਆ।
ਰਾਜੀਵ ਗਾਂਧੀ ਕਤਲ ਕਾਂਡ ਦੀ ਦੋਸ਼ੀ ਨਲਿਨੀ ਦੇ ਵਕੀਲ ਦੀ ਮਦਦ ਨਾਲ ਉਕਤ ਜੋੜੇ ਨੂੰ ਜੇਲ ਵਿਭਾਗ ਵਲੋਂ ਹਰ 15 ਦਿਨ ’ਚ ਇਕ ਵਾਰ ਮੁਲਾਕਾਤ ਕਰਨ ਦੀ ਆਗਿਆ ਦੇ ਦਿੱਤੀ ਗਈ। 2013 ’ਚ ਵਿਜਯਾ ਰਿਹਾਅ ਹੋ ਗਈ ਅਤੇ ਉਹ ਉਨ੍ਹਾਂ ਲੋਕਾਂ ਲਈ ਬਣਾਏ ਗਏ ਘਰ ’ਚ ਰਹਿਣ ਲੱਗੀ, ਜੋ ਸਿੱਖਣ ’ਚ ਕਮਜ਼ੋਰ ਲੋਕਾਂ ਲਈ ਬਣਿਆ ਸੀ। ਇਸ ਸਾਲ 6 ਅਕਤੂਬਰ ਨੂੰ ਜਦੋਂ ਸੁਬਰਾਮਣੀ ਰਿਹਾਅ ਹੋਇਆ ਤਾਂ ਉਸ ਨੂੰ ਉਸ ਘਰ ’ਚ ਲਿਜਾਇਆ ਗਿਆ, ਜਿਥੇ ਵਿਜਯਾ ਰਹਿ ਰਹੀ ਸੀ। ਸੁਬਰਾਮਣੀ ਨੂੰ ਦੇਖਦਿਅਾਂ  ਹੀ ਵਿਜਯਾ ਬੱਚਿਅਾਂ ਵਾਂਗ ਉਸ ਵੱਲ ਦੌੜੀ ਅਤੇ ਉਸ ਨੇ ਉਸ ਦੇ ਹੱਥ ਘੁੱਟ ਕੇ ਫੜ ਲਏ। ਸੁਬਰਾਮਣੀ ਨੇ ਕਿਹਾ ਕਿ ਸਾਨੂੰ ਆਪਣੇ ਬਚਾਅ ਲਈ ਚੁੱਕੇ ਗਏ ਕਦਮ ਲਈ ਸਜ਼ਾ ਦਿੱਤੀ ਗਈ। ਮੇਰੀ ਵਿਜਯਾ ਦਾ ਦੁਨੀਆ ’ਚ ਇਸ ਸਮੇਂ ਕੋਈ ਨਹੀਂ ਹੈ। ਮੈਂ ਉਸ ਦੀ ਦੇਖਭਾਲ ਕਰਾਂਗਾ ਅਤੇ ਉਸ ਲਈ ਜੀਵਾਂਗਾ।   (ਟ.)


Related News