ਆਪਣੀ ਹੀ ਪਾਰਟੀ ਦਾ ਅਕਸ ਖਰਾਬ ਕਰ ਰਹੀ ਹੈ ਪ੍ਰੱਗਿਆ ਠਾਕੁਰ

Monday, Apr 29, 2019 - 06:52 AM (IST)

ਰਾਹਿਲ ਨੋਰਾ ਚੋਪੜਾ
ਭੋਪਾਲ ਤੋਂ ਦਿੱਗਵਿਜੇ ਸਿੰਘ ਵਿਰੁੱਧ ਭਾਜਪਾ ਦੀ ਉਮੀਦਵਾਰ ਪ੍ਰੱਗਿਆ ਠਾਕੁਰ ਸਿਰਦਰਦ ਬਣਦੀ ਜਾ ਰਹੀ ਹੈ ਪਰ ਉਹ ਜ਼ਿਆਦਾ ਸਮੱਸਿਆ ਮਹਾਰਾਸ਼ਟਰ ਦੇ ਭਾਜਪਾ ਉਮੀਦਵਾਰਾਂ ਲਈ ਪੈਦਾ ਕਰ ਰਹੀ ਹੈ ਕਿਉਂਕਿ ਉਹ ਅੱਤਵਾਦ ਰੋਕੂ ਦਸਤੇ ਦੇ ਮੁਖੀ ਹੇਮੰਤ ਕਰਕਰੇ ’ਤੇ ਤਸ਼ੱਦਤ ਦਾ ਦੋਸ਼ ਲਗਾ ਰਹੀ ਹੈ। ਮੁੰਬਈ ’ਚ 26/11 ਦੇ ਹਮਲੇ ’ਚ ਹੇਮੰਤ ਕਰਕਰੇ ਸ਼ਹੀਦ ਹੋ ਗਏ ਸਨ। ਮਹਾਰਾਸ਼ਟਰ ਦੇ ਇਕ ਭਾਜਪਾ ਨੇਤਾ ਨੇ ਪਛਾਣ ਜਾਰੀ ਨਾ ਕਰਨ ਦੀ ਸ਼ਰਤ ’ਤੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਦੀ ਪੁਸ਼ਟੀ ਕਰਨ ਦਾ ਕੋਈ ਮਾਧਿਅਮ ਨਹੀਂ ਹੈ ਕਿਉਂਕਿ ਕਰਕਰੇ ਆਪਣਾ ਬਚਾਅ ਕਰਨ ਲਈ ਹੁਣ ਇਸ ਦੁਨੀਆ ਵਿਚ ਨਹੀਂ ਹਨ। ਉਨ੍ਹਾਂ ਦੇ ਅਤੇ ਸ਼ਿਵ ਸੈਨਾ ਦੇ ਇਕ ਸੀਨੀਅਰ ਨੇਤਾ ਅਨੁਸਾਰ ਪ੍ਰੱਗਿਆ ਠਾਕੁਰ ਦੀ ਉਮੀਦਵਾਰੀ ਮੱਧ ਪ੍ਰਦੇਸ਼ ’ਚ ਭਾਜਪਾ ਉਮੀਦਵਾਰਾਂ ਲਈ ਓਨੀ ਨੁਕਸਾਨਦਾਇਕ ਨਹੀਂ ਹੈ, ਜਿੰਨੀ ਕਿ ਮਹਾਰਾਸ਼ਟਰ ਤੋਂ ਚੋਣ ਲੜ ਰਹੇ ਉਮੀਦਵਾਰਾਂ ਲਈ। ਇਨ੍ਹਾਂ ਲੋਕਾਂ ਨੇ ਕਰਕਰੇ ਨੂੰ ਸ਼ਹੀਦ ਦੱਸਿਆ ਅਤੇ ਪ੍ਰੱਗਿਆ ਦੀਆਂ ਟਿੱਪਣੀਆਂ ਨੂੰ ਉਨ੍ਹਾਂ ਦਾ ਨਿੱਜੀ ਮਤ ਕਰਾਰ ਦਿੱਤਾ। ਸ਼੍ਰੀਮੰਤ ਮਾਣੇ ਦਾ ਕਹਿਣਾ ਹੈ ਕਿ ਹੇਮੰਤ ਕਰਕਰੇ ਮਹਾਰਾਸ਼ਟਰ ਦੇ ਲੋਕਾਂ ਦੇ ਹੀਰੋ ਹਨ। ਇਸ ਸਿਆਸੀ ਵਿਸ਼ਲੇਸ਼ਕ ਦਾ ਮੰਨਣਾ ਹੈ ਕਿ ਪ੍ਰੱਗਿਆ ਦਾ ਬਿਆਨ ਪਾਰਟੀ ਦੇ ਹਿੱਤ ’ਚ ਨਹੀਂ ਹੈ। ਸੈਂਕੜੇ ਨੌਜਵਾਨਾਂ ਨੇ ਟਵਿਟਰ ’ਤੇ ਸਾਧਵੀ ਦੇ ਬਿਆਨਾਂ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਆਈ. ਪੀ. ਐੱਸ. ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕਰ ਕੇ ਪ੍ਰੱਗਿਆ ਦੀ ਟਿੱਪਣੀ ਦੀ ਨਿੰਦਾ ਕੀਤੀ ਹੈ ਅਤੇ ਇਹ ਮੰਗ ਕੀਤੀ ਹੈ ਕਿ ਸ਼ਹੀਦਾਂ ਦਾ ਸਨਮਾਨ ਹੋਣਾ ਚਾਹੀਦਾ ਹੈ।

ਮੋਦੀ ਦੀ ਨਿਮਰਤਾ

ਵਾਰਾਨਸੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਾਮਜ਼ਦਗੀ ਭਰਨ ਦੇ ਦੌਰਾਨ ਕਾਫੀ ਵੱਡਾ ਰੋਡ ਸ਼ੋਅ ਆਯੋਜਿਤ ਕੀਤਾ ਗਿਆ ਪਰ ਵਿਰੋਧੀ ਖੇਮੇ ’ਚ ਚਰਚਾ ਰੋਡ ਸ਼ੋਅ ਜਾਂ ਗੰਗਾ ਆਰਤੀ ਦੀ ਫੋਟੋ ਲਈ ਨਹੀਂ ਹੈ ਅਤੇ ਨਾ ਹੀ ਭੀੜ ਨੂੰ ਲੈ ਕੇ ਚਰਚਾ ਹੋ ਰਹੀ ਹੈ, ਸਗੋਂ ਚਰਚਾ ਇਸ ਗੱਲ ਦੀ ਹੈ ਕਿ ਇਸ ਦੌਰਾਨ ਨਰਿੰਦਰ ਮੋਦੀ ਨੇ ਜਨਤਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੂਹੇ। ਨਰਿੰਦਰ ਮੋਦੀ ਨੇ ਆਪਣੀ ਨਾਮਜ਼ਦਗੀ ਦੇ ਸਮੇਂ ਸਮਰਥਨ ਲਈ ਸਾਰੇ ਐੱਨ. ਡੀ. ਏ. ਸਹਿਯੋਗੀਆਂ ਨੂੰ ਸੱਦਾ ਦਿੱਤਾ ਸੀ। ਇਸ ਦੇ ਸਿੱਟੇ ਵਜੋਂ ਵਿਰੋਧੀ ਧਿਰ ’ਚ ਇਹ ਚਰਚਾ ਵੀ ਸਾਹਮਣੇ ਆਈ ਕਿ ਭਾਜਪਾ ਨੂੰ ਸ਼ਾਇਦ ਬਹੁਮਤ ਨਾ ਮਿਲੇ ਅਤੇ ਇਹ ਸ਼ਾਇਦ 160 ਸੀਟਾਂ ਤੋਂ ਹੇਠਾਂ ਸਿਮਟ ਕੇ ਰਹਿ ਜਾਵੇ।

ਫਿਰ ਚਮਕਿਆ ਮਿਨਾਕਸ਼ੀ ਲੇਖੀ ਦਾ ਸਿਆਸੀ ਭਵਿੱਖ

ਦਿੱਲੀ ’ਚ ਭਾਜਪਾ ਉਮੀਦਵਾਰਾਂ ਨੂੰ ਟਿਕਟ ਦੇਣ ਦੇ ਐਲਾਨ ਤੋਂ ਪਹਿਲਾਂ ਭਾਜਪਾ ਨੇ ਗਲਿਆਰਿਆਂ ’ਚ ਇਸ ਗੱਲ ਦੀ ਚਰਚਾ ਕੀਤੀ ਸੀ ਕਿ ਨਵੀਂ ਦਿੱਲੀ ਸੀਟ ਤੋਂ ਪਾਰਟੀ ਮਿਨਾਕਸ਼ੀ ਲੇਖੀ ਦੀ ਜਗ੍ਹਾ ਗੌਤਮ ਗੰਭੀਰ ਨੂੰ ਟਿਕਟ ਦੇਵੇਗੀ ਅਤੇ ਕਿਉਂਕਿ ਅਮਿਤ ਸ਼ਾਹ ਤੇ ਮੋਦੀ ਦੋਵੇਂ ਉਸ ਦੇ ਕੰਮਕਾਜ ਤੋਂ ਖੁਸ਼ ਨਹੀਂ ਸਨ ਪਰ ਰਾਹੁਲ ਗਾਂਧੀ ਵਲੋਂ ਸੁਪਰੀਮ ਕੋਰਟ ਦੇ ਹਵਾਲੇ ਨਾਲ ‘ਚੌਕੀਦਾਰ ਚੋਰ ਹੈ’ ਕਹੇ ਜਾਣ ’ਤੇ ਜਦੋਂ ਮਿਨਾਕਸ਼ੀ ਲੇਖੀ ਨੇ ਰਾਹੁਲ ਗਾਂਧੀ ਵਿਰੁੱਧ ਕੋਰਟ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਤਾਂ ਉਸ ਦੇ ਸਿਤਾਰੇ ਫਿਰ ਚਮਕ ਉੱਠੇ। ਮਿਨਾਕਸ਼ੀ ਵਲੋਂ ਕੇਸ ਕੀਤੇ ਜਾਣ ’ਤੇ ਸੁਪਰੀਮ ਕੋਰਟ ਨੇ ਉਸ ਦਾ ਨੋਟਿਸ ਲੈ ਕੇ ਨਾ ਸਿਰਫ ਕਾਂਗਰਸ ਪ੍ਰਧਾਨ ਨੂੰ ਨੋਟਿਸ ਜਾਰੀ ਕੀਤਾ, ਸਗੋਂ ਮਿਨਾਕਸ਼ੀ ਨੂੰ ਨਵੀਂ ਦਿੱਲੀ ਤੋਂ ਟਿਕਟ ਵੀ ਮਿਲ ਗਈ। ਅਰੁਣ ਜੇਤਲੀ ਨੇ ਮਿਨਾਕਸ਼ੀ ਲੇਖੀ ਨੂੰ ਬੁਲਾ ਕੇ ਰਾਹੁਲ ਗਾਂਧੀ ਵਿਰੁੁੱਧ ਕੇਸ ’ਚ ਕੁਝ ਪੁਆਇੰਟ ਲਿਖਵਾਏ। ਸਿੱਟਾ ਇਹ ਨਿਕਲਿਆ ਕਿ ਗੰਭੀਰ ਨੂੰ ਪੂਰਬੀ ਦਿੱਲੀ ਤੋਂ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਵਿਰੁੱਧ ਟਿਕਟ ਦੇ ਦਿੱਤੀ ਗਈ।

ਓਡਿਸ਼ਾ ’ਚ ਕਾਂਗਰਸ ਕਮਜ਼ੋਰ ਸਥਿਤੀ ’ਚ

ਓਡਿਸ਼ਾ ’ਚ ਕਾਂਗਰਸ ਕਮਜ਼ੋਰ ਵਿਕਟ ’ਤੇ ਹੈ, ਜਿਸ ਦੇ ਲਈ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਿਰੰਜਨ ਪਟਨਾਇਕ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਦਿੱਲੀ ਹਾਈਕਮਾਨ ਦੇ ਜ਼ਿਆਦਾ ਰੁਝੇਵੇਂ ਕਾਰਨ ਨਿਰੰਜਨ ਨੇ ਲੋਕ ਸਭਾ ਅਤੇ ਵਿਧਾਨ ਸਭਾ ਲਈ ਖ਼ੁਦ ਹੀ ਉਮੀਦਵਾਰਾਂ ਦੀ ਚੋਣ ਕੀਤੀ ਹੈ। ਸਥਿਤੀ ਇੰਨੀ ਖਰਾਬ ਹੈ ਕਿ ਪੀ. ਸੀ. ਸੀ. ਦੇ ਸਾਰੇ ਜਥੇਬੰਦਕ ਮੁਖੀਆਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ 15 ’ਚੋਂ 5 ਐੱਮ. ਐੱਲ. ਏ. ਪਾਰਟੀ ਛੱਡ ਕੇ ਭਾਜਪਾ ਜਾਂ ਬੀਜਦ ’ਚ ਚਲੇ ਗਏ ਹਨ। ਕੁਝ ਇਕ ਮਜ਼ਬੂਤ ਦਾਅਵੇਦਾਰਾਂ ਨੂੰ, ਜਿਵੇਂ ਕਿ ਸੁਚਿੱਤਰ ਸੇਨ ਮੋਹੰਤੀ, ਜਿਨ੍ਹਾਂ ਨੇ 2014 ਦੀਆਂ ਚੋਣਾਂ ’ਚ ਪੁਰੀ ਤੋਂ 2 ਲੱਖ 60 ਹਜ਼ਾਰ ਵੋਟਾਂ ਹਾਸਿਲ ਕੀਤੀਆਂ ਸਨ, ਨੂੰ ਆਖਰੀ ਸਮੇਂ ’ਚ ਬਦਲ ਕੇ ਉਨ੍ਹਾਂ ਦੀ ਜਗ੍ਹਾ ਅਣਜਾਣ ਚਿਹਰੇ ਨੂੰ ਟਿਕਟ ਦਿੱਤੀ ਗਈ। ਪਾਰਟੀ ਦੇ ਅੰਦਰ ਆਲੋਚਕਾਂ ਨੂੰ ਸ਼ਾਂਤ ਕਰਨ ਲਈ ਨਿਰੰਜਨ ਪਟਨਾਇਕ ਕੁਝ ਸੀਨੀਅਰ ਨੇਤਾਵਾਂ ਦੇ ਧੀਆਂ-ਪੁੱਤਰਾਂ ਨੂੰ ਟਿਕਟ ਦੇ ਰਹੇ ਹਨ।


Bharat Thapa

Content Editor

Related News