ਜ਼ਹਿਰੀਲੀ ਵਸਤੂ ਦਾ ਸੇਵਨ ਕਰ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
Wednesday, Oct 23, 2024 - 01:42 PM (IST)
ਡੇਰਾਬੱਸੀ (ਗੁਰਜੀਤ) : ਮੋਹਨ ਨਗਰ ਕਾਲੋਨੀ ’ਚ ਬੀਤੀ ਰਾਤ 63 ਸਾਲਾ ਵਿਅਕਤੀ ਨੇ ਜ਼ਹਿਰੀਲੀ ਵਸਤੂ ਖਾ ਕੇ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ ਸੁਸ਼ੀਲ ਪੁੱਤਰ ਰੁਲਦਾ ਵਾਸੀ ਗਲੀ ਨੰਬਰ ਦੋ ਮੋਹਨ ਨਗਰ ਡੇਰਾਬੱਸੀ ਵਜੋਂ ਹੋਈ ਹੈ। ਸੁਸ਼ੀਲ ਨੇ ਖ਼ੁਦਕੁਸ਼ੀ ਨੋਟ ’ਚ ਪਿੰਡ ਮਨੌਲੀ ਸੂਰਤ ਦੇ ਪਵਨ ਕੁਮਾਰ ’ਤੇ ਮਾਨਸਿਕ ਤੌਰ ’ਤੇ ਤੰਗ ਕਰਨ ਦਾ ਦੋਸ਼ ਲਾਇਆ। ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਪੁਲਸ ਨੇ ਸੁਸ਼ੀਲ ਦੇ ਪੁੱਤਰ ਚਰਨਦੀਪ ਦੀ ਸ਼ਿਕਾਇਤ ’ਤੇ ਪਵਨ ਕੁਮਾਰ ਖ਼ਿਲਾਫ਼ ਕਤਲ ਲਈ ਮਜਬੂਰ ਦਾ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਸੁਸੀਲ ਡਾਕਘਰ ਤੇ ਐੱਲ. ਆਈ. ਸੀ. ਦਾ ਏਜੰਟ ਸੀ। ਸੋਮਵਾਰ ਰਾਤ ਸੁਸ਼ੀਲ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ। ਰਾਤ ਕਰੀਬ 8.45 ’ਤੇ ਉਸ ਨੂੰ ਡੇਰਾਬੱਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਉਸ ਦੀ ਜੇਬ ’ਚੋਂ ਖ਼ੁਦਕੁਸ਼ੀ ਨੋਟ ’ਚ ਲਿਖਿਆ ਸੀ ਕਿ ਕਰੀਬ 20 ਸਾਲ ਤੋਂ ਮਨੌਲੀ ਸੂਰਤ ਪਿੰਡ ਦੇ ਪਵਨ ਕੁਮਾਰ ਵੱਲੋਂ ਉਸ ਨੂੰ ਪੈਸਿਆਂ ਦੇ ਲੈਣ-ਲੈਣ ਕਰ ਕੇ ਬਦਨਾਮ ਕੀਤਾ ਜਾ ਰਿਹਾ ਹੈ।
ਐੱਫ. ਡੀ. ਦੇ ਪੈਸੇ ਤੁੜਵਾਉਣ ਨੂੰ ਲੈ ਕੇ ਉਸ ਦੀ ਵਾਰ-ਵਾਰ ਜ਼ਲੀਲ ਕੀਤਾ ਜਾ ਰਿਹਾ ਸੀ, ਜਦੋਂਕਿ ਉਹ ਮਾਮਲਾ ਸੁਲਝਾ ਚੁੱਕਾ ਸੀ। ਹੁਣ ਉਸ ਨੇ ਡੇਰਾਬੱਸੀ ਅਦਾਲਤ ’ਚ ਵੀ ਉਸ ’ਤੇ ਕੇਸ ਕਰ ਦਿੱਤਾ ਹੈ, ਜਿਸ ਨਾਲ ਉਸ ਦੀ ਮਾਨਸਿਕ ਪਰੇਸ਼ਾਨੀ ਵੱਧ ਗਈ ਹੈ ਤੇ ਉਹ ਪਰੇਸ਼ਾਨੀ ਬਰਦਾਸ਼ਤ ਨਾ ਕਰਦੇ ਹੋਏ ਖ਼ੁਦਕੁਸ਼ੀ ਕਰ ਰਿਹਾ ਹੈ। ਡੇਰਾਬੱਸੀ ਸਿਵਲ ਹਸਪਤਾਲ ’ਚ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ।