ਐੱਨ. ਡੀ. ਏ. ਦੇ ਸ਼ਾਸਨਕਾਲ ’ਚ ਚੀਜ਼ਾਂ ਸਸਤੀਆਂ ਅਤੇ ਸੇਵਾਵਾਂ ਮਹਿੰਗੀਆਂ

Saturday, Apr 27, 2019 - 06:28 AM (IST)

ਦਿਲਾਸ਼ਾ ਸੇਠ
ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਿਦਿਆਰਥੀਆਂ ਲਈ ਪ੍ਰਾਈਵੇਟ ਕੋਚਿੰਗ ਮਹਿੰਗੀ ਹੋ ਗਈ ਹੈ। ਇਹ ਗੱਲ ਖਪਤਕਾਰ ਮੁੱਲ ਮੁਦਰਾਸਫਿਤੀ ਦਰ (ਸੀ. ਪੀ. ਆਈ.) ’ਚ ਸਾਹਮਣੇ ਆਈ ਹੈ, ਜੋ ਕਿ ਦਹਾਈ ਦੇ ਅੰਕ ’ਚ ਪਹੁੰਚ ਗਈ ਹੈ। ਆਮ ਆਦਮੀ ਵਲੋਂ ਇਸਤੇਮਾਲ ਕੀਤੀਆਂ ਜਾਂਦੀਆਂ ਹੋਰ ਬਹੁਤ ਸਾਰੀਆਂ ਸੇਵਾਵਾਂ, ਜਿਨ੍ਹਾਂ ’ਚ ਹਸਪਤਾਲ ਅਤੇ ਨਰਸਿੰਗ, ਕੁੱਕ, ਘਰੇਲੂ ਸਹਾਇਕ ਅਤੇ ਬੱਸ ਕਿਰਾਇਆ ਤੇ ਹੋਰ ਸ਼ਾਮਿਲ ਹਨ, ਪਿਛਲੇ 4 ਸਾਲਾਂ ’ਚ ਦਹਾਈ ਦੇ ਅੰਕ ’ਚ ਪਹੁੰਚ ਗਈਆਂ ਹਨ, ਜਿਸ ਨਾਲ ਆਮ ਲੋਕਾਂ ’ਤੇ ਬੋਝ ਪਿਆ ਹੈ। ਹਾਲਾਂਕਿ ਜੀ. ਐੱਸ. ਟੀ. ਦੀਆਂ ਦਰਾਂ ਘਟਾਉਣ ਨਾਲ ਚੀਜ਼ਾਂ ਦੀਆਂ ਕੀਮਤਾਂ ’ਚ ਆਈ ਕਮੀ ਨਾਲ ਕੁਝ ਸੰਤੁਲਨ ਬਣਿਆ ਹੈ। ਕੋਚਿੰਗ ’ਚ ਸੀ. ਪੀ. ਆਈ. ਆਧਾਰਿਤ ਮੁਦਰਾਸਫਿਤੀ ਦਰ 2015 ’ਚ 7.25 ਫੀਸਦੀ ਤੋਂ ਵਧ ਕੇ ਇਸ ਸਾਲ ਜਨਵਰੀ ’ਚ 12.25 ਫੀਸਦੀ ਹੋ ਗਈ ਹੈ।ਹਸਪਤਾਲ ਅਤੇ ਨਰਸਿੰਗ ਚਾਰਜਿਜ਼ ਦੇ ਮਾਮਲੇ ’ਚ ਮੁਦਰਾਸਫਿਤੀ ਦੀ ਦਰ ਦੁੱਗਣੀ ਤੋਂ ਜ਼ਿਆਦਾ ਹੋ ਗਈ ਹੈ ਅਤੇ ਇਹ ਜਨਵਰੀ 2015 ਦੇ 6 ਫੀਸਦੀ ਤੋਂ ਵਧ ਕੇ ਇਸ ਸਾਲ ਜਨਵਰੀ ’ਚ 13.5 ਫੀਸਦੀ ਹੋ ਗਈ ਹੈ। ਖਾਨਸਾਮਿਆਂ ਜਾਂ ਘਰੇਲੂ ਸਹਾਇਕਾਂ ਦੀ ਸੀ. ਪੀ. ਆਈ. ਮੁਦਰਾਸਫਿਤੀ 6 ਤੋਂ ਵਧ ਕੇ 10 ਫੀਸਦੀ ਤਕ ਪਹੁੰਚ ਗਈ ਹੈ। ਸਵੀਪਰਜ਼ ਦੇ ਮਾਮਲੇ ’ਚ ਇਹ 2015 ਦੇ 5 ਫੀਸਦੀ ਦੇ ਮੁਕਾਬਲੇ 12 ਫੀਸਦੀ ਤਕ ਪਹੁੰਚ ਗਈ।

ਸਟੇਟ ਬੈਂਕ ਆਫ ਇੰਡੀਆ ਗਰੁੱਪ ਦੇ ਮੁੱਖ ਆਰਥਿਕ ਅਧਿਕਾਰੀ ਸੌਮਯਕਾਂਤੀ ਘੋਸ਼ ਨੇ ਹਸਪਤਾਲ ਅਤੇ ਸਿੱਖਿਆ ਸਬੰਧੀ ਖੇਤਰਾਂ ’ਚ ਸੇਵਾਵਾਂ ਦੀ ਮੁਦਰਾਸਫਿਤੀ ਵਧਣ ਲਈ ਮੰਗ ਦੇ ਮੁਕਾਬਲੇ ਮੁੱਢਲੀਆਂ ਸਹੂਲਤਾਂ ’ਚ ਕਮੀ ਨੂੰ ਜ਼ਿੰਮੇਵਾਰ ਮੰਨਿਆ ਹੈ। ਇਸ ਤੋਂ ਇਲਾਵਾ ਸੇਵਾਵਾਂ ’ਚ ਮੁਦਰਾਸਫਿਤੀ ਦਰ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਚੀਜ਼ਾਂ ਦੇ ਮੁਕਾਬਲੇ ਸੇਵਾਵਾਂ ’ਚ ਜੀ. ਐੱਸ. ਟੀ. ਦਰਾਂ ਜ਼ਿਆਦਾ ਲਾਈਆਂ ਗਈਆਂ ਹਨ, ਜਦਕਿ ਖਪਤਕਾਰ ਵਸਤਾਂ ਸਮੇਤ ਕਈ ਚੀਜ਼ਾਂ ’ਚ ਜੀ. ਐੱਸ. ਟੀ. ਦੀ ਦਰ ਘਟਾਈ ਗਈ ਹੈ। ਸਿਗਰਟ ਅਤੇ ਬੀਅਰ ਆਦਿ ਦੀ ਮੁਦਰਾਸਫਿਤੀ ਦਰ 4 ਸਾਲ ਪਹਿਲਾਂ ਦੇ ਮੁਕਾਬਲੇ ਅੱਧੀ ਰਹਿ ਗਈ ਹੈ। ਵਿਦੇਸ਼ੀ ਸ਼ਰਾਬ ਦੀ ਕੀਮਤ ਵਾਧਾ ਦਰ 2015 ਦੇ 8.28 ਫੀਸਦੀ ਤੋਂ ਘਟ ਕੇ ਜਨਵਰੀ 2019 ’ਚ 1.76 ਫੀਸਦੀ ਰਹਿ ਗਈ ਹੈ। ਨਸ਼ੇ ਵਾਲੇ ਪਦਾਰਥਾਂ ’ਤੇ ਜੀ. ਐੱਸ. ਟੀ. ਦੀ ਦਰ (28 ਫੀਸਦੀ) ਉੱਤੇ ਵਾਧੂ ਸੈੱਸ ਲਾਇਆ ਜਾਂਦਾ ਹੈ, ਜਦਕਿ ਸ਼ਰਾਬ ਨੂੰ ਅਜੇ ਤਕ ਜੀ. ਐੱਸ. ਟੀ. ਦੇ ਘੇਰੇ ’ਚ ਨਹੀਂ ਲਿਆਂਦਾ ਗਿਆ ਹੈ।

ਪਿਛਲੇ ਸਾਲ ਜੁਲਾਈ ’ਚ ਹੋਈ ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ ’ਚ ਕਈ ਖਪਤਕਾਰ ਵਸਤਾਂ ਦੀਆਂ ਦਰਾਂ ਘਟਾਈਆਂ ਗਈਆਂ ਸਨ। ਸਮਾਲ ਸਕ੍ਰੀਨ ਟੀ. ਵੀ., ਫਰਿੱਜਾਂ ਅਤੇ ਵਾਸ਼ਿੰਗ ਮਸ਼ੀਨਾਂ ’ਤੇ ਜੀ. ਐੱਸ. ਟੀ. ਦੀ ਦਰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤੀ ਗਈ ਸੀ। ਨਵੰਬਰ 2018 ’ਚ ਡਿਟਰਜੈਂਟ, ਸ਼ੈਂਪੂ ਅਤੇ ਹੋਰ ਸੁੰਦਰਤਾ ਉਤਪਾਦਾਂ ਸਮੇਤ 178 ਚੀਜ਼ਾਂ ’ਤੇ ਵੀ ਜੀ. ਐੱਸ. ਟੀ. ਦੀ ਦਰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤੀ ਗਈ ਸੀ। ਕੇਅਰ ਰੇਟਿੰਗਜ਼ ਦੇ ਮੁੱਖ ਅਰਥ ਸ਼ਾਸਤਰੀ ਮਦਨ ਸਬਨਵੀਸ ਦਾ ਕਹਿਣਾ ਹੈ ਕਿ ਹਸਪਤਾਲ ਅਤੇ ਪ੍ਰਾਈਵੇਟ ਕੋਚਿੰਗ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ ਕਿਉਂਕਿ ਇਨ੍ਹਾਂ ਖੇਤਰਾਂ ’ਚ ਕੀਮਤਾਂ ‘ਰਿਵਾਈਜ਼’ ਹੁੰਦੀਆਂ ਰਹਿੰਦੀਆਂ ਹਨ।


 


Bharat Thapa

Content Editor

Related News