ਡਾ. ਜਸਮਿੰਦਰ ਨੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਤੇ ਡਾ. ਸੁਮਨ ਬਾਲੀ ਨੇ ਡਾਇਰੈਕਟਰ (ਸਮਾਜਿਕ ਬੀਮਾ) ਦਾ ਚਾਰਜ ਸੰਭਾਲਿਆ
Friday, Sep 20, 2024 - 07:12 PM (IST)
ਚੰਡੀਗੜ੍ਹ- ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਪ੍ਰਬੰਧਕੀ ਹਿਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਡਾ. ਜਸਮਿੰਦਰ ਨੂੰ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਅਤੇ ਡਾ. ਸੁਮਨ ਬਾਲੀ ਨੂੰ ਡਾਇਰੈਕਟਰ ਸਿਹਤ ਸੇਵਾਵਾਂ (ਸਮਾਜਿਕ ਬੀਮਾ) ਵਜੋਂ ਨਿਯੁਕਤ ਕੀਤਾ ਗਿਆ ਹੈ। ਅੱਜ ਦੋਵਾਂ ਅਧਿਕਾਰੀਆਂ ਵੱਲੋਂ ਸਿਹਤ ਵਿਭਾਗ ਦੇ ਡਾਇਰੈਕਟੋਰੇਟ ਦਫ਼ਤਰ ਵਿਖੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ।
ਡਾ. ਜਸਮਿੰਦਰ ਨੇ ਆਪਣੀਆਂ ਸੇਵਾਵਾਂ ਦੀ ਸ਼ੁਰੁਆਤ ਬਤੌਰ ਮੈਡੀਕਲ ਅਫਸਰ ਸਾਲ 1991 ਵਿੱਚ ਜਲੰਧਰ ਜਿਲ੍ਹੇ ਤੋਂ ਕੀਤੀ। ਇਸ ਉਪਰੰਤ ਸਾਲ 2016 ਵਿੱਚ ਉਨ੍ਹਾਂ ਨੇ ਬਤੌਰ ਐੱਸ.ਐੱਮ.ਓ. ਜਲੰਧਰ ਦੇ ਈ.ਐੱਸ.ਆਈ. ਹਸਪਤਾਲ ਦਾ ਅਹੁਦਾ ਸੰਭਾਲਿਆ। ਸਾਲ 2022 ਵਿੱਚ ਡਿਪਟੀ ਡਾਇਰੈਕਟਰ ਵਜੋਂ ਪ੍ਰਮੋਸ਼ਨ ਹੋਣ 'ਤੇ ਮੈਡੀਕਲ ਸੁਪਰਡੈਂਟ ਈ.ਐੱਸ.ਆਈ. ਜਲੰਧਰ ਵਜੋਂ ਨਿਯੁਕਤ ਹੋਏ।
ਡਾ. ਸੁਮਨ ਬਾਲੀ ਨੇ ਸਿਹਤ ਵਿਭਾਗ ਵਿਚ ਆਪਣੀਆਂ ਸੇਵਾਵਾਂ ਸਾਲ 1991 ਵਿੱਚ ਬਤੌਰ ਮੈਡੀਕਲ ਅਫ਼ਸਰ ਪੀ.ਐੱਚ.ਸੀ. ਘੜੂੰਆ ਤੋਂ ਸ਼ੁਰੂ ਕੀਤੀਆਂ। ਤਰੱਕੀ ਉਪਰੰਤ ਸਾਲ 2016 ਵਿੱਚ ਉਨ੍ਹਾਂ ਦੀ ਤਾਇਨਾਤੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਮੋਹਾਲੀ ਵਿਖੇ ਹੋਈ। ਸਾਲ 2023 ਵਿੱਚ ਬਤੌਰ ਡਿਪਟੀ ਡਾਇਰੈਕਟਰ ਉਨ੍ਹਾਂ ਨੂੰ ਰਾਜ ਸਿਹਤ ਸਿਖਲਾਈ ਸੰਸਥਾ ਮੋਹਾਲੀ ਵਿਖੇ ਪ੍ਰਿੰਸੀਪਲ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ।
ਚਾਰਜ ਸੰਭਾਲਣ ਮੌਕੇ ਦਫਤਰ ਦੇ ਸਮੂਹ ਸਟਾਫ ਵਲੋਂ ਉਕਤ ਅਧਿਕਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।