ਖੁੱਲ੍ਹੇ ’ਚ ਸ਼ੌਚ ਤੋਂ ਮੁਕਤੀ ਤੋਂ ‘ਸੰਪੂਰਨ ਸਵੱਛ ਭਾਰਤ’ ਵੱਲ
10/05/2022 1:53:00 AM

ਸਾਡੇ ਪ੍ਰਧਾਨ ਮੰਤਰੀ ਵਲੋਂ 2 ਅਕਤੂਬਰ, 2014 ਨੂੰ ਲਾਲ ਕਿਲੇ ਦੀ ਫਸੀਲ ਤੋਂ ਖੁੱਲ੍ਹੇ ’ਚ ਸ਼ੌਚ ਤੋਂ ਮੁਕਤ (ਓ. ਡੀ.ਐੱਫ.) ਭਾਰਤ ਨਿਰਮਾਣ ਦੇ ਸਪੱਸ਼ਟ ਸੱਦੇ ਤੋਂ ਬਾਅਦ, ਸਵੱਛ ਭਾਰਤ ਮਿਸ਼ਨ (ਐੱਸ. ਬੀ. ਐੱਮ.) ਸਿਰਫ਼ ਇਕ ਸਰਕਾਰੀ ਪ੍ਰੋਗਰਾਮ ਨਹੀਂ ਰਹਿ ਗਿਆ ਸਗੋਂ ਇਹ ਇਕ ਲੋਕ ਅੰਦੋਲਨ ਬਣ ਗਿਆ। ਸਿੱਟਾ ਸਾਰੀ ਦੁਨੀਆ ਦੇ ਸਾਹਮਣੇ ਹੈ। 2 ਅਕਤੂਬਰ, 2019 ਤਕ 110 ਮਿਲੀਅਨ ਟਾਇਲਟਾਂ ਦੀ ਉਸਾਰੀ ਹੋਈ ਅਤੇ ਸਾਡੀ 550 ਮਿਲੀਅਨ ਦਿਹਾਤੀ ਆਬਾਦੀ ਨੂੰ ਘਰੇਲੂ ਸਵੱਛਤਾ ਸਹੂਲਤਾਂ ਤਕ ਪਹੁੰਚ ਪ੍ਰਾਪਤ ਹੋਈ। ਇਸ ਨਾਲ ਭਾਰਤ ਓ. ਡੀ. ਐੱਫ. ਸਥਿਤੀ ਅਤੇ ਹੋਰ ਅਹਿਮ ਸਮਾਜਿਕ ਪ੍ਰਭਾਵਾਂ ਨੂੰ ਹਾਸਲ ਕਰਨ ’ਚ ਸਮਰੱਥ ਹੋਇਆ। ਮਾਣਯੋਗ ਪ੍ਰਧਾਨ ਮੰਤਰੀ ਨੂੰ ਵਰਣਨਯੋਗ ਢੰਗ ਨਾਲ ਵਧੀਆ ਸਿਹਤ ਨਤੀਜਿਆਂ ਅਤੇ ਉਸ ਤੋਂ ਬਾਅਦ ਦੇ ਆਰਥਿਕ ਲਾਭ ਲਈ ਬਿਲ ਐਂਡ ਮੇਲਿੰਡਾ ਗੇਟ ਫਾਊਂਡੇਸ਼ਨ ਦੇ ਗਲੋਬਲ ਗੋਲ ਕੀਪਰਸ ਐਵਾਰਡ 2019 ਨਾਲ ਸਨਮਾਨਿਤ ਕੀਤਾ ਗਿਆ।
ਇਕ ਸਿਹਤਮੰਦ ਰਾਸ਼ਟਰ, ਇਕ ਮਜ਼ਬੂਤ ਰਾਸ਼ਟਰ ਹੁੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਮਜ਼ਬੂਤ ਅਤੇ ਦੂਰਅੰਦੇਸ਼ੀ ਅਗਵਾਈ ਹੇਠ ਐੱਸ. ਬੀ. ਐੱਮ. ਨੇ ਭਾਰਤ ਨੂੰ ਦੁਨੀਆ ਦੀ ਪੰਜਵੀਂ ਅਗਾਂਹਵਧੂ ਅਰਥਵਿਵਸਥਾ ਬਣਾਉਣ ’ਚ ਅਹਿਮ ਯੋਗਦਾਨ ਪਾਇਆ ਹੈ। ਯੂਨੀਸੈੱਫ ਦੇ ਇਕ ਆਜ਼ਾਦ ਅਧਿਐਨ ’ਚ ਕਿਹਾ ਗਿਆ ਹੈ ਕਿ ਓ. ਡੀ. ਐੱਫ. ਪਿੰਡਾਂ ’ਚ ਰਹਿਣ ਵਾਲੇ ਔਸਤ ਪਰਿਵਾਰ ਨੇ ਹਰ ਸਾਲ 50,000 ਰੁਪਏ ਦਾ ਸੰਚਈ ਲਾਭ ਹਾਸਲ ਕੀਤਾ ਅਤੇ ਨਵੇਂ ਟਾਇਲਟਾਂ ਵਾਲੇ ਘਰਾਂ ਦੀ ਜਾਇਦਾਦ ਅਤੇ ਕੀਮਤ ’ਚ ਇਕ ਵਾਰ ਲਈ 19 ਹਜ਼ਾਰ ਰੁਪਏ ਦਾ ਵਾਧਾ ਦੇਖਿਆ ਗਿਆ।
ਮਹਾਤਮਾ ਗਾਂਧੀ ਦੇ ਜਨਮ ਦਿਨ ’ਤੇ 2 ਅਕਤੂਬਰ ਨੂੰ ਸਵੱਛ ਭਾਰਤ ਦਿਵਸ 2022 ਬਣਾਉਣ ਦੀ ਲੜੀ ’ਚ ਐੱਸ. ਬੀ. ਐੱਮ. ਆਪਣੇ ਦੂਜੇ ਪੜਾਅ ਦੇ ਦੋ ਤੋਂ ਵੱਧ ਸਾਲ ਪੂਰੇ ਕਰ ਚੁੱਕਾ ਹੈ। ਓ. ਡੀ. ਐੱਫ. ਦੀ ਪ੍ਰਾਪਤੀ ਹਾਸਲ ਕਰਨ ਪਿਛੋਂ ਹੁਣ ਓ. ਡੀ. ਐੱਫ. ਪਲੱਸ ਹਾਸਲ ਕਰਨ ਲਈ ਯਤਨਸ਼ੀਲ ਹੈ। ਆਓ ਅਸੀਂ ਇਸ ਨੂੰ ਸੌਖੇ ਸ਼ਬਦਾਂ ’ਚ ਸਮਝਦੇ ਹਾਂ। ਐੱਸ. ਡੀ. ਐੱਸ.-ਜੀ ਦੇ ਪੜਾਅ ‘ਓ. ਡੀ. ਐੱਫ. ਪਲੱਸ’ ਦੇ ਮੁੱਖ ਮੰਤਵਾਂ ’ਚ ਸ਼ਾਮਲ ਹਨ। ਟਾਇਲਟਾਂ ਦੇ ਨਿਰਮਾਣ ਅਤੇ ਵਰਤੋਂ ਤੋਂ ਅੱਗੇ ਵਧ ਕੇ ਸਮੁੱਚੀ ਯੂਨੀਵਰਸਲ ਸਫਾਈ ਦੀ ਦਿਸ਼ਾ ’ਚ ਟਾਇਲਟਾਂ ਦੀ ਲਗਾਤਾਰ ਵਰਤੋਂ, ਸਾਡੇ ਘਰਾਂ ਅਤੇ ਭਾਈਚਾਰਿਆਂ ਤੋਂ ਪੈਦਾ ਜੈਵਿਕ ਪੱਖੋਂ ਗਲਨ ਵਾਲੇ ਅਤੇ ਗੈਰ-ਗਲਨ ਵਾਲੇ ਕੂੜੇ ਸਮੇਤ ਠੋਸ ਅਤੇ ਤਰਲ ਆਰਗੈਨਿਕ ਕੂੜੇ ਦੀ ਚੌਗਿਰਦੇ ਮੁਤਾਬਕ ਅਤੇ ਆਰਥਿਕ ਪੱਖੋਂ ਅਮਲ ਹੋਣ ਯੋਗ ਪ੍ਰਬੰਧਨ ਅਤੇ ਸਿੱਟੇ ਵਜੋਂ ਸਵੱਛ ਪਰਿਵੇਸ਼ ਦਾ ਨਿਰਮਾਣ ਆਦਿ। ਇਹ ‘ਸੰਪੂਰਨ ਸਵੱਛਤਾ’ ਦੇ ਗਾਂਧੀਵਾਦੀ ਸਿਧਾਂਤਾਂ ਮੁਤਾਬਕ ਹੈ। ਠੋਸ ਅਤੇ ਤਰਲ ਕੂੜੇ ਦੇ ਪ੍ਰਬੰਧਨ ਭਾਵ ਐੱਸ. ਐੱਲ. ਡਬਲਯੂ. ਐੱਮ. ਲਈ ਸਮਰਪਿਤ ਅਤੇ ਵਧੀਆ ਤਕਨੀਕੀ ਉਪਾਵਾਂ ਰਾਹੀਂ ਸਵੱਛਤਾ ਦੇ ਮਿਸ਼ਨ ਦੇ ਪੜਾਅ ਦੇ ਹਿੱਸੇ ਵਜੋਂ ਰੋਜ਼ੀ ਰੋਟੀ ਦੇ ਮੌਕਿਆਂ ਨੂੰ ਪੈਦਾ ਕਰਨ ਨਾਲ ਜੁੜੇ ਸਾਡੇ ਮੰਤਵ ਦੀ ਵੀ ਹਮਾਇਤ ਕਰਦਾ ਹੈ।
ਪੂਰੇ ਦੇਸ਼ ਦੇ ਹਜ਼ਾਰਾਂ ਪਿੰਡਾਂ ’ਚ ਠੋਸ ਕੂੜੇ ਦਾ ਪ੍ਰਬੰਧ ਹੁਣ ਘਰੇਲੂ ਪੱਧਰ ’ਤੇ ਕੂੜੇ ਨੂੰ ਗਿੱਲੇ ਅਤੇ ਸੁੱਕੇ ਕੂੜੇ ਵਜੋਂ ਵੱਖ-ਵੱਖ ਕਰ ਕੇ ਅਤੇ ਘਰ-ਘਰ ਜਾ ਕੇ ਇਸ ਨੂੰ ਇਕੱਠਾ ਕਰਨ ਨਾਲ ਕੀਤਾ ਜਾ ਰਿਹਾ ਹੈ। ਪੰਚਾਇਤਾਂ ਅਤੇ ਮਹਿਲਾ ਸਵੈਮ-ਸੇਵੀ ਸਹਾਇਤਾ ਗਰੁੱਪਾਂ ਭਾਵ ਐੱਸ. ਐੱਚ. ਜੀ. ਨੂੰ ਕੰਪੋਸਟਿੰਗ ਅਤੇ ਜਿਥੋਂ ਤਕ ਸੰਭਵ ਹੋ ਸਕੇ ਬਾਇਓ ਗੈਸ ਦੇ ਉਤਪਾਦਨ ਰਾਹੀਂ ਗਿੱਲੇ ਕੂੜੇ ਦੇ ਪ੍ਰਬੰਧ ਲਈ ਸਿਖਲਾਈ ਦਿੱਤੀ ਜਾ ਰਹੀ ਹੈ, ਜੋ ਬਾਅਦ ’ਚ ਆਮਦਨ ਦਾ ਇਕ ਸਾਧਨ ਬਣ ਜਾਂਦਾ ਹੈ।
ਘਰਾਂ ਅਤੇ ਵੱਖ-ਵੱਖ ਥਾਵਾਂ ’ਚੋਂ ਨਿਕਲੇ ਪਲਾਸਟਿਕ ਦੇ ਕੂੜੇ ਦਾ ਪ੍ਰਬੰਧ ਪਿੰਡਾਂ ’ਚ ਫਾਰਵਰਡ ਲਿੰਕੇਜ ਦੀ ਵਿਵਸਥਾ ਨਾਲ ਇਕੱਠੇ ਅਤੇ ਵੱਖ ਕੇਂਦਰਾਂ ਰਾਹੀਂ ਕੀਤਾ ਜਾ ਰਿਹਾ ਹੈ। ਪਲਾਸਟਿਕ ਦੇ ਕਚਰੇ ਨੂੰ ਟੁਕੜਿਆਂ ’ਚ ਵੰਡ ਕੇ ਉਸ ਨੂੰ ਢੁੱਕਵੇਂ ਢੰਗ ’ਚ ਤਬਦੀਲ ਕੀਤਾ ਜਾਂਦਾ ਹੈ, ਜਿਸ ਨਾਲ ਇਸ ਨੂੰ ਸੜਕ ਬਣਾਉਣ ਅਤੇ ਸੀਮਿੰਟ ਦੇ ਕਾਰਖਾਨਿਆਂ ਵਰਗੀਆਂ ਥਾਵਾਂ ’ਤੇ ਅੱਗੋਂ ਵਰਤਿਆ ਜਾਣਾ ਸੰਭਵ ਹੁੰਦਾ ਹੈ। ਇਸ ਲੜੀ ’ਚ ਰੋਜ਼ੀ ਰੋਟੀ ਦੇ ਮੌਕੇ ਪੈਦਾ ਹੁੰਦੇ ਹਨ।
ਆਜ਼ਾਦੀ ਲਈ ਕਰਨਾਟਕ ਦੇ ਵੰਦਸੇ ਦੀ ਗ੍ਰਾਮ ਪੰਚਾਇਤ ’ਚ ਖਾਦ ਅਤੇ ਇਕੱਠੇ ਕੀਤੇ ਗਏ ਸੁੱਕੇ ਕੂੜੇ ਦੀ ਵਿਕਰੀ ਨਾਲ ਹਰ ਮਹੀਨੇ ਲਗਭਗ 88 ਹਜ਼ਾਰ ਰੁਪਏ ਮਿਲਦੇ ਹਨ। ਇਸੇ ਤਰ੍ਹਾਂ 100 ਕੇ. ਐੱਲ. ਡੀ. ਦੀ ਸਮਰੱਥਾ ਵਾਲੀ ਪਾਣੀ ਸੋਦਣ ਵਾਲੀ ਪ੍ਰਣਾਲੀ ਦੀ ਮਦਦ ਨਾਲ ਹਰਿਆਣਾ ਦੇ ਕੁਰਕ ਜਾਗੀਰ ਦੀ ਗ੍ਰਾਮ ਪੰਚਾਇਤ ’ਚ ਮੱਛੀ ਪਾਲਣ ’ਚ ਵਰਤੇ ਜਾਣ ਵਾਲੇ ਸੋਧੇ ਹੋਏ ਪਾਣੀ ਰਾਹੀਂ ਮੱਛੀਆਂ ਪਾਲਣ ਨਾਲ ਸਾਲਾਨਾ ਲਗਭਗ ਇਕ ਲੱਖ ਰੁਪਏ ਇਕੱਠੇ ਕੀਤੇ ਗਏ ਹਨ।
ਅਜਿਹੇ ਹੀ ਕਈ ਬਦਲਾਂ ’ਚੋਂ ਇਕ ਗੋਵਰਧਨ ਯੋਜਨਾ ਵੀ ਸ਼ਾਮਲ ਹੈ। ਸਾਡੇ ਪਿੰਡਾਂ ਨੂੰ ਰਸੋਈ ’ਚੋਂ ਨਿਕਲਣ ਵਾਲੀਆਂ ਬਚੀਆਂ ਹੋਈਆਂ ਖਾਣ-ਪੀਣ ਦੀਆਂ ਵਸਤਾਂ, ਫਸਲਾਂ ਦੀ ਰਹਿੰਦ-ਖੂੰਹਦ ਅਤੇ ਬਾਜ਼ਾਰ ਦੇ ਕੂੜੇ ਸਮੇਤ ਪਸ਼ੂ ਅਤੇ ਹੋਰ ਆਰਗੈਨਿਕ ਵੇਸਟ ਦੇ ਪ੍ਰਬੰਧਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਣਯੋਗ ਪ੍ਰਧਾਨ ਮੰਤਰੀ ਨੇ ‘ਕਚਰੇ ਤੋਂ ਕੰਚਨ’ ਬਣਾਉਣ ਦਾ ਵਿਚਾਰ ਦਿੱਤਾ ਹੈ। ਇਸ ਤਰ੍ਹਾਂ ਗੋਵਰਧਨ ਯੋਜਨਾ ਅਧੀਨ 125 ਜ਼ਿਲ੍ਹਿਆਂ ’ਚ ਲੱਗੇ 333 ਗੋਵਰਧਨ ਪਲਾਂਟ ਨਾ ਸਿਰਫ਼ ਭੋਜਨ ਬਣਾਉਣ ਲਈ ਸਵੱਛ ਫਿਊਲ ਮੁਹੱਈਆ ਕਰ ਰਹੇ ਹਨ, ਨਾਲ ਹੀ ਕਈ ਘਰਾਂ ’ਚ ਰੌਸ਼ਨੀ ਵੀ ਪਹੁੰਚਾ ਰਹੇ ਹਨ। ਕਈ ਲੋਕਾਂ ਲਈ ਨੌਕਰੀ ਅਤੇ ਆਮਦਨ ਦੇ ਸੋਮੇ ਵੀ ਪੈਦਾ ਕਰ ਰਹੇ ਹਨ।
ਇਹ ਅਸਲ ’ਚ ਇਕ ਗਲਨ ਵਾਲੇ ਕੂੜੇ ਨੂੰ ਇਕੱਠਾ ਕਰਨ ਅਤੇ ਉਸ ਕੂੜੇ ਨੂੰ ਸੋਮਿਆਂ ’ਚ ਬਦਲਣ, ਜੀ. ਐੱਚ. ਜੀ. ਦੀ ਨਿਕਾਸੀ ਨੂੰ ਘੱਟ ਕਰਨ ਅਤੇ ਕੱਚੇ ਤੇਲ ਦੀ ਦਰਾਮਦ ’ਤੇ ਸਾਡੀ ਨਿਰਭਰਤਾ ਨੂੰ ਘੱਟ ਕਰਨ, ਊਦਮਸ਼ੀਲਤਾ ਨੂੰ ਮਜ਼ਬੂਤ ਕਰਨ ਅਤੇ ਜੈਵਿਕ ਖੇਤੀ ਨੂੰ ਵਧਾਉਣ ’ਚ ਮਦਦ ਕਰਦੀ ਹੈ।
ਇਸ ਅਧੀਨ ਮੁੱਖ ਨਿਸ਼ਾਨਾ 6 ਲੱਖ ਓ. ਡੀ. ਐੱਫ. ਪਲੱਸ ਪਿੰਡਾਂ ਨੂੰ ਬਣਾਉਣਾ ਅਤੇ ਇਸ ਦੇ ਨਾਲ ਹੀ ਅਜਿਹਾ ਕਰਦੇ ਹੋਏ ਪੇਂਡੂ ਭਾਰਤ ’ਚ ਰਹਿਣ ਵਾਲੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਅਤੇ ਨਾਲ ਹੀ ਉਨ੍ਹਾਂ ਦੀ ਆਮਦਨ ਦਾ ਪੱਧਰ ਵਧਾਉਣਾ ਹੈ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਵਾਲੀ ਅਗਵਾਈ ’ਚ ਦੇਸ਼ ਦੇ ਜ਼ਿੰਮੇਵਾਰ ਅਤੇ ਮਾਣ ਭਰੇ ਨਾਗਰਿਕਾਂ ਦੇ ਰੂਪ ’ਚ ਆਓ, ਅਸੀਂ ਸਭ ਸਫਾਈ ਤੋਂ ਸਵੈ-ਨਿਰਭਰਤਾ ਦੇ ਆਪਣੇ ਯਤਨਾਂ ਅਧੀਨ ਇਕਮੁੱਠ ਹੋ ਜਾਈਏ ਅਤੇ ਸਮੁੱਚੇ ਕੌਮਾਂਤਰੀ ਭਾਈਚਾਰੇ ਲਈ ਮੁਕੰਮਲ ਸਵੱਛਤਾ ਅਤੇ ਸਫਾਈ ਦੀ ਇਕ ਬੇਮਿਸਾਲ ਉਦਾਹਰਣ ਬਣ ਜਾਈਏ।
ਗਜੇਂਦਰ ਸਿੰਘ ਸ਼ਿਖਾਵਤ
(ਕੇਂਦਰੀ ਜਲ ਸ਼ਕਤੀ ਮੰਤਰੀ, ਭਾਰਤ ਸਰਕਾਰ)