ਜਲੰਧਰ ''ਚ ਨਸ਼ਾ ਛੁਡਾਊ ਕੇਂਦਰ ਤੋਂ ਭੱਜੇ ਦੋ ਨੌਜਵਾਨਾਂ ਦੀ ''ਚ ਮੌਤ, ਸੜਕ ਤੋਂ ਮਿਲੀਆਂ ਲਾਸ਼ਾਂ
Monday, Oct 06, 2025 - 04:00 PM (IST)

ਜਲੰਧਰ- ਜਲੰਧਰ ਦੇ ਇਕ ਨਸ਼ਾ ਛੁਡਾਊ ਕੇਂਦਰ ਵਿਚੋਂ ਭੱਜਣ ਵਾਲੇ ਦੋ ਨੌਜਵਾਨਾਂ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭੋਗਪੁਰ ਥਾਣੇ ਦੀ ਲਹੱਡਾ ਪੁਲਸ ਚੌਕੀ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਿੰਘਪੁਰ ਪਿੰਡ ਵਿਚ ਇਕ ਸ਼ਰਾਬ ਦੀ ਦੁਕਾਨ ਨੇੜੇ ਬੀਤੀ ਦੇਰ ਰਾਤ ਦੋਹਾਂ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਗੁਰਸੇਵਕ (35) ਪੁੱਤਰ ਸਰਬਜੀਤ ਸਿੰਘ ਵਾਸੀ ਕੋਟਲੀ ਪਿੰਡ, ਹੁਸ਼ਿਆਰਪੁਰ ਜ਼ਿਲ੍ਹਾ ਅਤੇ ਨਵਦੀਪ ਸਿੰਘ (30) ਪੁੱਤਰ ਜਗਤਾਰ ਸਿੰਘ ਵਾਸੀ ਕਾਲਾ ਸੰਘਿਆਂ, ਕਪੂਰਥਲਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਵੱਲੋਂ ਜਾਂਚ ਦੌਰਾਨ ਸਿੰਘਪੁਰ ਪਿੰਡ 'ਚ ਸ਼ਰਾਬ ਦੀ ਦੁਕਾਨ ਦੇ ਕਰਮਚਾਰੀ ਪ੍ਰੀਤਮ ਸਿੰਘ ਦੇ ਪੁੱਤਰ ਸੁਖਬੀਰ ਸਿੰਘ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ। ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਦੋਵੇਂ ਵਿਅਕਤੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੁੱਲੋਵਾਲ ਸਥਿਤ ਨਸ਼ਾ ਛੁਡਾਊ ਕੇਂਦਰ ਵਿਚ ਉਸ ਨਾਲ ਦਾਖ਼ਲ ਹੋਏ ਸਨ, ਜਿੱਥੇ ਉਨ੍ਹਾਂ ਦੀ ਦੋਸਤੀ ਹੋ ਗਈ।
ਇਹ ਵੀ ਪੜ੍ਹੋ: ਜਲੰਧਰ ਦਾ ਨੌਜਵਾਨ ਫਰਾਂਸ 'ਚ ਲਾਪਤਾ, ਇੰਗਲੈਂਡ ਜਾਂਦੇ ਸਮੇਂ ਪਲਟੀ ਕਿਸ਼ਤੀ, ਸਦਮੇ 'ਚ ਪਰਿਵਾਰ
ਦੋਵੇਂ ਵਿਅਕਤੀ 3 ਅਕਤੂਬਰ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਭੱਜ ਗਏ ਸਨ। ਮੋਟਰਸਾਈਕਲ ’ਤੇ ਦੇਰ ਰਾਤ ਉਸ ਕੋਲ ਦੁਕਾਨ ’ਤੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨਾਲ ਇਕ ਹੋਰ ਨੌਜਵਾਨ ਜਗਜੀਤ ਸਿੰਘ ਉਰਫ਼ ਸ਼ਾਕਾ ਪੁੱਤਰ ਸਵਰਨ ਸਿੰਘ, ਵਾਸੀ ਪਿੰਡ ਰਿਹਾਣਾ ਜੱਟਾਂ, ਹੁਸ਼ਿਆਰਪੁਰ ਵੀ ਆਇਆ। ਨੌਜਵਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਨੀਂਦ ਆ ਰਹੀ ਸੀ ਅਤੇ ਉਹ ਸੌਂ ਗਏ ਸਨ। ਜਦੋਂ ਉਸ ਨੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉੱਠੇ। ਇਹ ਵੇ ਕੇ ਸ਼ਾਕਾ ਆਪਣੇ ਮੋਟਰਸਾਈਕਲ ’ਤੇ ਮੌਕੇ ਤੋਂ ਭੱਜ ਗਿਆ। ਜਦੋਂ ਲੋਕਾਂ ਨੇ ਦੋਵਾਂ ਨੌਜਵਾਨਾਂ ਨੂੰ ਬੇਹੋਸ਼ ਵੇਖਿਆ ਤਾਂ ਉਨ੍ਹਾਂ ਨੇ 108 ਐਂਬੂਲੈਂਸ ਅਤੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ। ਸਿਹਤ ਵਿਭਾਗ ਦੀ 108 ਐਂਬੂਲੈਂਸ ਨੇ ਦੋਵਾਂ ਨੌਜਵਾਨਾਂ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਮਸ਼ਹੂਰ ਗਾਇਕ ਦੀ ਮੌਤ, ਛਾਈ ਸੋਗ ਦੀ ਲਹਿਰ
ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮਾਮਲੇ ’ਤੇ ਕਾਰਵਾਈ ਕਰਦੇ ਹੋਏ ਭੋਗਪੁਰ ਪੁਲਸ ਸੁਖਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸਿੰਘਪੁਰ ਨੂੰ ਜਲੰਧਰ ਲੈ ਆਈ ਹੈ, ਜਿੱਥੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ। ਪੁਲਸ ਅਨੁਸਾਰ ਤਿੰਨੋਂ ਨੌਜਵਾਨ ਬੁੱਲੋਵਾਲ ਦੇ ਨਸ਼ਾ ਛੁਡਾਊ ਕੇਂਦਰ ਤੋਂ ਭੱਜ ਗਏ ਸਨ ਅਤੇ ਜ਼ਿਆਦਾ ਮਾਤਰਾ ਵਿਚ ਨਸ਼ੀਲੇ ਪਦਾਰਥ ਖਾ ਲਏ ਸਨ। ਭੋਗਪੁਰ ਵੱਲ ਜਾਂਦੇ ਸਮੇਂ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਜ਼ਖ਼ਮੀ ਕਰ ਦਿੱਤਾ। ਗੁਰਸੇਵਕ ਅਤੇ ਨਵਦੀਪ ਸਿੰਘ ਨੂੰ ਜ਼ਖ਼ਮੀ ਅਤੇ ਜ਼ਿਆਦਾ ਨਸ਼ੇ ਕਾਰਨ ਬੁਰੀ ਹਾਲਤ ਵਿਚ ਵੇਖ ਕੇ ਜਗਜੀਤ ਸਿੰਘ ਉਰਫ਼ ਸ਼ਾਕਾ ਸਿੰਘਪੁਰ ਤੋਂ ਭੱਜ ਗਿਆ। ਉਨ੍ਹਾਂ ਵਿਚੋਂ ਇਕ ਦੇ ਸਰੀਰ ’ਤੇ ਕੁਝ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਚਾਵਾਂ ਨਾਲ ਛੁੱਟੀ ਕੱਟਣ ਘਰ ਜਾ ਰਹੇ ਫ਼ੌਜ ਦੇ ਦੋ ਜਵਾਨਾਂ ਦੀ ਦਰਦਨਾਕ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8