ਪੈਟਰੋਲ ਪੰਪ ਤੋਂ ਕਾਰ ਦੀ ਟੈਂਕੀ ਫੁੱਲ ਕਰਵਾ ਕੇ ਭੱਜਿਆ ਗੱਡੀ ਚਾਲਕ, ਘਟਨਾ CCTV ’ਚ ਕੈਦ
Friday, Oct 03, 2025 - 10:31 PM (IST)

ਜਲੰਧਰ (ਵਰੁਣ, ਰਮਨ) – ਪਠਾਨਕੋਟ ਚੌਕ ਕੋਲ ਜਨਤਾ ਹਸਪਤਾਲ ਨੇੜੇ ਸਥਿਤ ਐੱਚ. ਪੀ. ਦੇ ਪੈਟਰੋਲ ਪੰਪ ਤੋਂ ਇਕ ਕਾਰ ਚਾਲਕ ਗੱਡੀ ਦੀ ਟੈਂਕੀ ਤੇਲ ਨਾਲ ਫੁੱਲ ਕਰਵਾ ਕੇ ਗੱਡੀ ਭਜਾ ਲੈ ਗਿਆ। ਸਾਰੀ ਘਟਨਾ ਪੰਪ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਸਬੰਧੀ ਥਾਣਾ ਨੰਬਰ 8 ਵਿਚ ਸ਼ਿਕਾਇਤ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮੈਨੇਜਰ ਗਗਨਦੀਪ ਸਿੰਘ ਨਿਵਾਸੀ ਗੋਲਡਨ ਐਵੇਨਿਊ ਨੇ ਦੱਸਿਆ ਕਿ ਬੀਤੀ ਦੇਰ ਰਾਤ ਲੱਗਭਗ ਪੌਣੇ 12 ਵਜੇ ਇਕ ਵਿਅਕਤੀ ਸਵਿਫਟ ਗੱਡੀ ਵਿਚ ਸਵਾਰ ਹੋ ਕੇ ਆਇਆ ਸੀ। ਉਸਨੇ ਗੱਡੀ ਦੀ ਟੈਂਕੀ ਫੁੱਲ ਕਰਵਾ ਲਈ, ਜਿਸ ਵਿਚ 3865 ਰੁਪਏ ਦਾ ਪੈਟਰੋਲ ਭਰਿਆ ਗਿਆ। ਜਿਵੇਂ ਹੀ ਪੈਸੇ ਦੇਣ ਦੀ ਵਾਰੀ ਆਈ ਤਾਂ ਕਾਰ ਚਾਲਕ ਨੇ ਅਚਾਨਕ ਗੱਡੀ ਭਜਾ ਲਈ ਅਤੇ ਉਨ੍ਹਾਂ ਨਾਲ 3865 ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਿਆ। ਇਸ ਮਾਮਲੇ ਸਬੰਧੀ ਸੀ. ਸੀ. ਟੀ. ਵੀ. ਫੁਟੇਜ ਅਤੇ ਲਿਖਤੀ ਵਿਚ ਸ਼ਿਕਾਇਤ ਥਾਣਾ ਨੰਬਰ 8 ਦੀ ਪੁਲਸ ਨੂੰ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ।