9 ਸਾਲਾਂ ਤੋਂ ਚੱਲ ਰਹੇ ਤਲਾਕ ਦੇ ਮੁਕੱਦਮੇ ਦਾ ਅਦਾਲਤ ਨੇ ਪਤਨੀ ਦੇ ਹੱਕ ’ਚ ਸੁਣਾਇਆ ਫ਼ੈਸਲਾ

Wednesday, Oct 08, 2025 - 06:55 AM (IST)

9 ਸਾਲਾਂ ਤੋਂ ਚੱਲ ਰਹੇ ਤਲਾਕ ਦੇ ਮੁਕੱਦਮੇ ਦਾ ਅਦਾਲਤ ਨੇ ਪਤਨੀ ਦੇ ਹੱਕ ’ਚ ਸੁਣਾਇਆ ਫ਼ੈਸਲਾ

ਲੁਧਿਆਣਾ (ਡੀ. ਐੱਸ. ਰਾਏ) : ਨਵਾਂਸ਼ਹਿਰ ਵਾਸੀ ਗੁਰਦੀਪ ਸਿੰਘ ਵਲੋਂ ਸਾਲ 2017 ’ਚ ਆਪਣੀ ਪਤਨੀ ਮਨਪ੍ਰੀਤ ਕੌਰ ਵਿਰੁੱਧ ਤਲਾਕ ਦੇ ਕੀਤੇ ਮੁਕੱਦਮੇ ਦਾ ਨਿਪਟਾਰਾ ਕਰਦਿਆਂ ਸ਼੍ਰੀ ਅਮਿਤ ਥਿੰਦ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਪਤਨੀ ਦੇ ਹੱਕ ’ਚ ਫੈਸਲਾ ਸੁਣਾਇਆ, ਜਿਸ ਨੂੰ ਇਤਿਹਾਸਕ ਫੈਸਲਾ ਕਰਾਰ ਦਿੱਤਾ ਜਾਂਦਾ ਹੈ। ਵਰਨਣਯੋਗ ਹੈ ਕਿ 2008 ’ਚ ਨਵਾਂਸ਼ਹਿਰ ਤੋਂ ਬਰਾਤ ਲੈ ਕੇ ਆਏ ਗੁਰਦੀਪ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਨਾਲ ਲੁਧਿਆਣਾ ਵਿਖੇ ਹੋਇਆ ਸੀ। ਉਸ ਮੌਕੇ ਲਾਲਚੀ ਸਰਮਾਏਦਾਰ ਨੇ 50 ਮਿਲਣੀਆਂ ਕਰਵਾਈਆਂ ਤੇ ਲੜਕੀ ਵਾਲਿਆਂ ਦਾ ਬੇਹੱਦ ਖਰਚਾ ਕਰਵਾਇਆ। ਸਾਲ 2009 ’ਚ ਇਕ ਲੜਕਾ ਪੈਦਾ ਹੋਇਆ ਤੇ ਸਾਲ 2016 ’ਚ ਪਤਨੀ ਨੂੰ ਕੁੱਟਮਾਰ ਕੇ ਛੋਟੇ ਜਿਹੇ ਬੱਚੇ ਸਮੇਤ ਘਰੋਂ ਕੱਢ ਦਿੱਤਾ।

ਇਹ ਵੀ ਪੜ੍ਹੋ : ਨਿੱਜੀ ਹਸਪਤਾਲ 'ਚ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਡਾਕਟਰਾਂ 'ਤੇ ਲੱਗੇ ਗੰਭੀਰ ਇਲਜ਼ਾਮ

ਫ਼ਿਰ 2017 ’ਚ ਉਸ ਦੇ ਵਿਰੁੱਧ ਤਲਾਕ ਦਾ ਮੁਕੱਦਮਾ ਨਵਾਂਸ਼ਹਿਰ ਵਿਖੇ ਕਰ ਦਿੱਤਾ, ਜੋ ਬਦਲ ਕੇ ਲੁਧਿਆਣਾ ਦੀ ਅਦਾਲਤ ’ਚ ਆ ਗਿਆ। ਪਤਨੀ ਦੀ ਦਰਖਾਸਤ ਅਨੁਸਾਰ ਪਤੀ ਨੂੰ 10,000 ਰੁਪਏ ਪ੍ਰਤੀ ਮਹੀਨਾ ਖਰਚਾ ਲੱਗ ਗਿਆ। ਪਤੀ ਦੇ ਪਿਤਾ ਵਲੋਂ ਆਪਣੀ ਨੂੰਹ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵੀ ਲੱਗੇ, ਜੋ ਸਾਬਤ ਕੀਤੇ ਗਏ। ਪਿਛਲੇ 9 ਸਾਲਾਂ ਤੋਂ ਚੱਲ ਰਹੀ ਇਹ ਪਟੀਸ਼ਨ ਕਈ ਅਦਾਲਤਾਂ ’ਚ ਘੁੰਮਦੀ-ਘੁੰਮਦੀ ਆਖਿਰ ਸ਼੍ਰੀ ਅਮਿਤ ਥਿੰਦ ਦੀ ਅਦਾਲਤ ’ਚ ਆ ਗਈ। ਪਟੀਸ਼ਨਰ ਹਰ ਥਾਂ ਹਰ ਵੇਲੇ ਚਿੱਟਾ ਝੂਠ ਬੋਲਦਾ ਰਿਹਾ ਕਿ ਉਹ ਨਿਰਦੋਸ਼ ਹੈ, ਉਸ ਦੀ ਪਤਨੀ ਖੁਦ ਘਰ ਛੱਡ ਕੇ ਚਲੀ ਗਈ ਸੀ, ਨਾ ਕਿ ਉਸ ਨੇ ਘਰੋਂ ਕੱਢਿਆ। ਝੂਠ ਦਾ ਸਹਾਰਾ ਲੈਣ ਲਈ ਉਹ ਨਵਾਂਸ਼ਹਿਰ ਤੋਂ ਕਈ ਗਵਾਹ ਲਿਆਇਆ। ਦੂਜੇ ਪਾਸੇ ਪਤਨੀ ਤੇ ਉਸ ਦੇ ਵਲੋਂ ਪੇਸ਼ ਕੀਤੇ ਗਵਾਹਾਂ ਨੇ ਸਾਰੇ ਪੋਲ ਖੋਲ੍ਹ ਦਿੱਤੇ। ਮੁਦਈ ਦੇ ਵਕੀਲ ਨੇ ਬਣਕਤ ਬਹਿਸ਼ ਇਧਰ-ਓਧਰ ਦੀਆਂ ਬਹੁਤ ਮਾਰੀਆਂ, ਜੋ ਰਾਸ ਨਾ ਆਈਆਂ।

ਇਹ ਵੀ ਪੜ੍ਹੋ : ਸ੍ਰੀ ਹੇਮਕੁੰਟ ਸਾਹਿਬ ’ਚ 3 ਫੁੱਟ ਬਰਫ, SDRF ਨੇ 6 km ਟ੍ਰੈਕ ’ਤੇ ਕੀਤਾ ਰੈਸਕਿਊ

ਸ਼੍ਰੀ ਅਮਿਤ ਥਿੰਦ ਐਡੀਸ਼ਨਲ ਜ਼ਿਲ੍ਹਾ ਜੱਜ ਦੀ ਅਦਾਲਤ ਨੇ ਸਭ ਪਹਿਲੂਆਂ ਨੂੰ ਵਾਚ ਕੇ ਸੁਣ ਕੇ ਆਖਿਰ ਪਤਨੀ ਦੇ ਹੱਕ ’ਚ ਇਤਿਹਾਸਕ ਫੈਸਲਾ ਲਿਆ। ਫੈਸਲੇ ’ਚ ਵਰਨਣ ਕੀਤਾ ਗਿਆ ਕਿ ਦਾਜ ’ਚ ਮੋਟਰਸਾਈਕਲ ਸਮੇਤ ਹੋਰ ਬਹੁਤ ਕੁਝ ਲੈਣ ਉਪਰੰਤ ਵੀ ਪਤਨੀ ਨਾਲ ਧੋਖਾ ਕੀਤਾ ਗਿਆ ਅਤੇ ਉਸ ਨੂੰ ਜ਼ਲੀਲ ਕੀਤਾ, ਜੋ ਨਿੰਦਣਯੋਗ ਹੈ। ਇਸ ਕੇਸ ’ਚ ਸ਼ੁਰੂ ਤੋਂ ਲੈ ਕੇ ਆਖੀਰ ਤੱਕ ਪਤਨੀ ਵਲੋਂ ਉਸ ਦਾ ਵਕੀਲ ਦਰਸ਼ਨ ਸਿੰਘ ਰਾਏ ਐਡਵੋਕੇਟ ਪੇਸ਼ ਹੁੰਦਾ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News