ਦੇਸ਼ ਵਿਚ ਕਿਉਂ ਵਧ ਰਹੀ ਹੈ ਨਿਰਾਸ਼ਾ

09/25/2017 7:37:13 AM

ਮੋਦੀ ਸਰਕਾਰ ਦੇ 3 ਸਾਲ ਪੂਰੇ ਹੋ ਗਏ। ਸਰਕਾਰੀ ਪੱਧਰ 'ਤੇ ਅਨੇਕ ਇਨਕਲਾਬੀ ਫੈਸਲੇ ਲਏ ਗਏ। ਦੇਸ਼ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਦੂਰਗਾਮੀ ਚੰਗੇ ਨਤੀਜੇ ਆਉਣਗੇ। ਸਰਕਾਰ ਦੇ ਇਸ ਦਾਅਵੇ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। ਕਾਰਨ ਸਪੱਸ਼ਟ ਹੈ ਕਿ ਮੋਦੀ ਦਿਲੋਂ ਚਾਹੁੰਦੇ ਹਨ ਕਿ ਭਾਰਤ ਇਕ ਮਜ਼ਬੂਤ ਰਾਸ਼ਟਰ ਬਣੇ। ਰਾਸ਼ਟਰ ਮਜ਼ਬੂਤ ਉਦੋਂ ਬਣਦਾ ਹੈ, ਜਦੋਂ ਉਸ ਦੇ ਨਾਗਰਿਕ ਸਿਹਤਮੰਦ ਹੋਣ, ਚੰਗੇ ਸੰਸਕਾਰਾਂ ਵਾਲੇ ਹੋਣ, ਆਪਣੇ ਭੌਤਿਕ ਜੀਵਨ ਵਿਚ ਸੁਖੀ ਹੋਣ ਅਤੇ ਉਨ੍ਹਾਂ ਵਿਚ ਆਤਮਵਿਸ਼ਵਾਸ ਤੇ ਦੇਸ਼ ਪ੍ਰਤੀ ਪ੍ਰੇਮ ਹੋਵੇ।
ਇਸ ਚੌਥੇ ਨੁਕਤੇ 'ਤੇ ਮੋਦੀ ਜੀ ਨੇ ਚੰਗਾ ਕੰਮ ਕੀਤਾ ਹੈ। ਜਿਸ ਤਰ੍ਹਾਂ ਉਨ੍ਹਾਂ ਦਾ ਸਨਮਾਨ ਹਰ ਧਰਮ ਦੇ ਹਰ ਦੇਸ਼ ਵਿਚ ਹੋਇਆ ਹੈ, ਉਸ ਨਾਲ ਅੱਜ ਹਰ ਭਾਰਤੀ ਮਾਣ ਮਹਿਸੂਸ ਕਰਦਾ ਹੈ। ਇਸ ਵਿਚ ਬਹੁਤ ਅਹਿਮ ਭੂਮਿਕਾ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਦੋਭਾਲ ਦੀ ਰਹੀ ਹੈ, ਜਿਨ੍ਹਾਂ ਨੇ ਰਾਤ-ਦਿਨ ਸਖਤ ਮਿਹਨਤ ਕਰ ਕੇ ਪ੍ਰਧਾਨ ਮੰਤਰੀ ਦੀ ਕੌਮਾਂਤਰੀ ਪਕੜ ਮਜ਼ਬੂਤ ਬਣਾਉਣ ਦਾ ਕੰਮ ਕੀਤਾ ਹੈ। ਦੋਭਾਲ ਦਾ ਦੇਸ਼ ਪ੍ਰੇਮ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਨੇ ਦੇਸ਼ ਦੇ ਹਿੱਤ ਵਿਚ ਕਈ ਵਾਰ ਜਾਨ ਨੂੰ ਜੋਖਮ ਵਿਚ ਪਾਇਆ ਹੈ, ਇਸ ਲਈ ਉਹ ਜੋ ਵੀ ਕਹਿੰਦੇ ਹਨ, ਪ੍ਰਧਾਨ ਮੰਤਰੀ ਉਸ ਨੂੰ ਗੰਭੀਰਤਾ ਨਾਲ ਲੈਂਦੇ ਹਨ।
ਫਿਰ ਕਿਉਂ ਦੇਸ਼ ਵਿਚ ਨਿਰਾਸ਼ਾ ਹੈ? ਕਾਰਨ ਸਪੱਸ਼ਟ ਹੈ ਕਿ ਹੋਰਨਾਂ ਖੇਤਰਾਂ ਵਿਚ ਵੀ ਅਜਿਹੇ ਤਮਾਮ ਲੋਕ ਹਨ, ਜਿਨ੍ਹਾਂ ਨੇ ਸਮਾਜ ਦੀ ਚੰਗਿਆਈ ਲਈ ਗਰੀਬਾਂ ਦੇ ਕਲਿਆਣ ਅਤੇ ਧਰਮ ਤੇ ਸੰਸਕ੍ਰਿਤੀ ਦੀ ਰੱਖਿਆ ਲਈ ਜੀਵਨ ਸਮਰਪਿਤ ਕਰ ਦਿੱਤਾ। ਅਜਿਹੇ ਲੋਕਾਂ ਨੂੰ ਹੁਣ ਤਕ ਪ੍ਰਧਾਨ ਮੰਤਰੀ ਨੇ ਆਪਣੇ ਨਾਲ ਨਹੀਂ ਜੋੜਿਆ ਹੈ, ਜਦਕਿ ਕੇਂਦਰ ਦੀ ਸੱਤਾ ਵਿਚ ਆਉਣ ਤੋਂ ਪਹਿਲਾਂ ਗੁਜਰਾਤ ਵਿਚ ਉਨ੍ਹਾਂ ਦੀ ਦਿੱਖ ਸੀ ਕਿ ਉਹ ਹਰ ਨਵੇਂ ਵਿਚਾਰ ਤੇ ਉਸ ਦੇ ਲਈ ਸਮਰਪਿਤ ਵਿਅਕਤੀਆਂ ਨੂੰ ਸਨਮਾਨ ਦੇ ਕੇ ਜ਼ਮੀਨੀ ਕੰਮ ਕਰਨ ਦਾ ਮੌਕਾ ਦਿੰਦੇ ਸਨ ਪਰ ਜਦੋਂ ਤੋਂ ਉਹ ਦਿੱਲੀ ਆਏ ਹਨ, ਉਦੋਂ ਤੋਂ ਉਨ੍ਹਾਂ ਨੇ ਦੋਭਾਲ ਸਾਹਿਬ ਵਰਗੇ ਹੋਰਨਾਂ ਖੇਤਰਾਂ ਦੇ ਸਮਰੱਥ ਅਤੇ ਰਾਸ਼ਟਰ-ਭਗਤ ਲੋਕਾਂ ਨੂੰ ਆਪਣੇ ਸਲਾਹਕਾਰ ਮੰਡਲ ਵਿਚ ਜਗ੍ਹਾ ਨਹੀਂ ਦਿੱਤੀ, ਜਦਕਿ ਉਨ੍ਹਾਂ ਨੂੰ ਅਕਬਰ ਦੇ 9 ਰਤਨਾਂ ਵਾਂਗ ਹੋਰਨਾਂ ਖੇਤਰਾਂ ਦੇ ਮਾਹਿਰਾਂ ਨੂੰ ਵੀ ਆਪਣੀ ਟੀਮ ਵਿਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ।
ਮੋਦੀ ਜੀ ਦੀ ਸਾਰੀ ਨਿਰਭਰਤਾ ਅਫਸਰਾਂ 'ਤੇ ਹੈ, ਜੋ ਠੀਕ ਨਹੀਂ ਹੈ ਕਿਉਂਕਿ ਅਫਸਰ ਬੰਦ ਕਮਰੇ ਵਿਚ ਸੋਚਣ ਦੇ ਆਦੀ ਹੋ ਚੁੱਕੇ ਹਨ। ਇਸ ਲਈ ਉਨ੍ਹਾਂ ਦਾ ਜ਼ਮੀਨ ਨਾਲ ਜੁੜਾਅ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਨੀਤੀਆਂ ਤਾਂ ਬਹੁਤ ਬਣਦੀਆਂ ਹਨ ਪਰ ਉਹ ਲਾਗੂ ਹੁੰਦੀਆਂ ਦਿਖਾਈ ਨਹੀਂ ਦਿੰਦੀਆਂ। ਇਸ ਨਾਲ ਜਨਤਾ ਵਿਚ ਨਿਰਾਸ਼ਾ ਫੈਲਦੀ ਹੈ।
ਇਸ ਮਾਮਲੇ ਵਿਚ ਨੀਤੀ ਆਯੋਗ ਦੇ ਸੀ. ਈ. ਓ. ਅਮਿਤਾਭ ਕਾਂਤ ਨੂੰ ਪਹਿਲ ਕਰਨੀ ਚਾਹੀਦੀ ਹੈ। ਉਹ ਅਜਿਹਾ ਮਾਡਲ ਵਿਕਸਿਤ ਕਰਨ, ਜਿਸ ਨਾਲ ਕੇਂਦਰ ਸਰਕਾਰ ਦੀਆਂ ਗਰਾਂਟਾਂ ਫਰਜ਼ੀ ਕੰਸਲਟੈਂਟਸ ਅਤੇ ਭ੍ਰਿਸ਼ਟ ਨੌਕਰਸ਼ਾਹੀ ਦੇ ਜਾਲ ਵਿਚ ਉਲਝਣ ਤੋਂ ਬਚ ਜਾਣ ਪਰ ਪਤਾ ਨਹੀਂ ਕਿਉਂ ਉਹ ਵੀ ਹੁਣ ਤਕ ਅਜਿਹਾ ਨਹੀਂ ਕਰ ਸਕੇ ਹਨ। ਦੇਸ਼ ਦੇ ਨੌਜਵਾਨਾਂ ਵਿਚ ਬੇਰੋਜ਼ਗਾਰੀ ਦੇ ਕਾਰਨ ਭਾਰੀ ਨਿਰਾਸ਼ਾ ਹੈ। ਅਜਿਹਾ ਨਹੀਂ ਹੈ ਕਿ ਬੇਰੋਜ਼ਗਾਰੀ ਮੋਦੀ ਸਰਕਾਰ ਦੀ ਦੇਣ ਹੈ ਕਿਉਂਕਿ ਮੋਦੀ ਜੀ ਨੇ ਆਪਣੀਆਂ ਚੋਣ ਮੁਹਿੰਮ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਭਰੋਸਾ ਦਿੱਤਾ ਸੀ, ਇਸ ਲਈ ਉਨ੍ਹਾਂ ਦੀਆਂ ਆਸਾਂ ਪੂਰੀਆਂ ਨਹੀਂ ਹੋਈਆਂ। ਮੰਨਿਆ ਕਿ ਅਸੀਂ ਆਧੁਨਿਕ ਵਿਕਾਸ ਮਾਡਲ ਕਾਰਨ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕਦੇ ਪਰ ਉਨ੍ਹਾਂ ਦੀ ਊਰਜਾ ਨੂੰ ਚੰਗੇ ਕੰਮਾਂ ਵਿਚ ਲਾ ਕੇ ਉਨ੍ਹਾਂ ਨੂੰ ਭਟਕਣ ਤੋਂ ਤਾਂ ਰੋਕ ਸਕਦੇ ਹਾਂ। ਇਸ ਦਿਸ਼ਾ ਵਿਚ ਵੀ ਅੱਜ ਤਕ ਕੋਈ ਠੋਸ ਕੰਮ ਨਹੀਂ ਹੋਇਆ।
ਇਹੀ ਹਾਲ ਦੇਸ਼ ਦੇ ਉਦਯੋਗਪਤੀਆਂ ਤੇ ਵਪਾਰੀਆਂ ਦਾ ਵੀ ਹੈ, ਜੋ ਅੱਜ ਤਕ ਭਾਜਪਾ ਦੇ ਕੱਟੜ ਸਮਰਥਕ ਰਹੇ ਹਨ। ਉਹ ਵੀ ਹੁਣ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ  ਕਾਰਨ ਬਹੁਤ ਨਾਰਾਜ਼ ਹਨ ਅਤੇ ਆਪਣੀ ਆਮਦਨੀ ਤੇ ਕਾਰੋਬਾਰ ਦੇ ਤੇਜ਼ੀ ਨਾਲ ਘਟ ਜਾਣ ਕਾਰਨ ਚਿੰਤਤ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸਰਕਾਰ ਤਾਂ ਉਨ੍ਹਾਂ ਦੀ ਸੀ, ਫਿਰ ਉਨ੍ਹਾਂ ਦੇ ਨਾਲ ਇਹ ਅਨਿਆਂ ਕਿਉਂ ਕੀਤਾ ਗਿਆ? ਓਧਰ ਭਾਜਪਾ ਦੀ ਲੀਡਰਸ਼ਿਪ ਦੀ ਸ਼ਾਇਦ ਸੋਚ ਇਹ ਹੈ ਕਿ ਵਪਾਰੀ ਤੇ ਉਦਯੋਗਪਤੀ ਤਾਂ 3 ਫੀਸਦੀ ਵੀ ਨਹੀਂ ਹਨ, ਇਸ ਲਈ ਉਨ੍ਹਾਂ ਦੀਆਂ ਵੋਟਾਂ ਦੀ ਦਲ ਨੂੰ ਕੋਈ ਚਿੰਤਾ ਨਹੀਂ ਹੈ। ਸਾਰਾ ਧਿਆਨ ਤੇ ਊਰਜਾ ਆਰਥਿਕ ਤੌਰ 'ਤੇ ਹੇਠਲੇ ਪੱਧਰ 'ਤੇ ਖੜ੍ਹੇ ਲੋਕਾਂ ਵੱਲ ਦਿੱਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀਆਂ ਵੋਟਾਂ ਨਾਲ ਫਿਰ ਤੋਂ ਸਰਕਾਰ ਵਿਚ ਆਇਆ ਜਾ ਸਕੇ।
ਜਦਕਿ ਵਪਾਰੀ ਅਤੇ ਉਦਯੋਗਪਤੀ ਵਰਗ ਦਾ ਕਹਿਣਾ ਇਹ ਹੈ ਕਿ ਉਹ ਨਾ ਸਿਰਫ ਉਤਪਾਦਨ ਕਰਦੇ ਹਨ, ਸਗੋਂ ਸੈਂਕੜੇ ਪਰਿਵਾਰਾਂ ਨੂੰ ਵੀ ਪਾਲਦੇ ਹਨ ਅਤੇ ਉਨ੍ਹਾਂ ਨੂੰ ਰੋਜ਼ਗਾਰ ਦਿੰਦੇ ਹਨ। ਮੌਜੂਦਾ ਆਰਥਿਕ ਨੀਤੀਆਂ ਨੇ ਉਨ੍ਹਾਂ ਦੀ ਹਾਲਤ ਇੰਨੀ ਪਤਲੀ ਕਰ ਦਿੱਤੀ ਹੈ ਕਿ ਉਹ ਹੁਣ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਰਹੇ ਹਨ। ਇਸ ਨਾਲ ਪਿੰਡਾਂ 'ਚ ਹੋਰ ਬੇਰੋਜ਼ਗਾਰੀ ਤੇ ਨੌਜਵਾਨਾਂ ਵਿਚ ਨਿਰਾਸ਼ਾ ਫੈਲ ਰਹੀ ਹੈ।
ਪਤਾ ਨਹੀਂ ਕਿਉਂ ਦੇਸ਼ ਵਿਚ ਜਿੱਥੇ ਵੀ ਜਾਓ, ਉਥੇ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਨੂੰ ਲੈ ਕੇ ਬਹੁਤ ਨਿਰਾਸ਼ਾ ਜ਼ਾਹਿਰ ਕੀਤੀ ਜਾ ਰਹੀ ਹੈ। ਲੋਕ ਨਹੀਂ ਸੋਚ ਪਾ ਰਹੇ ਹਨ ਕਿ ਹੁਣ ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ? ਮੀਡੀਆ ਦੇ ਦਾਇਰਿਆਂ ਵਿਚ ਅਕਸਰ ਇਹ ਗੱਲ ਚੱਲ ਰਹੀ ਹੈ ਕਿ ਮੋਦੀ ਸਰਕਾਰ ਵਿਰੁੱਧ ਲਿਖਣ ਜਾਂ ਬੋਲਣ ਨਾਲ ਦੇਸ਼ਧ੍ਰੋਹੀ ਹੋਣ ਦਾ ਠੱਪਾ ਲੱਗ ਜਾਂਦਾ ਹੈ।ਅਸੀਂ ਇਸ ਕਾਲਮ ਵਿਚ ਪਹਿਲਾਂ ਵੀ ਸੰਕੇਤ ਦਿੱਤਾ ਸੀ ਕਿ ਅੱਜ ਤੋਂ 2500 ਸਾਲ ਪਹਿਲਾਂ ਮਗਧ ਸਮਰਾਟ ਅਸ਼ੋਕ ਭੇਸ ਬਦਲ-ਬਦਲ ਕੇ ਜਨਤਾ ਤੋਂ ਆਪਣੇ ਬਾਰੇ ਰਾਏ ਜਾਣਨ ਦਾ ਯਤਨ ਕਰਦੇ ਸਨ। ਜਿਸ ਇਲਾਕੇ ਵਿਚ ਵਿਰੋਧ ਦੇ ਸੁਰ ਮਜ਼ਬੂਤ ਹੁੰਦੇ ਸਨ, ਉਥੇ ਹੀ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸਨ। ਮੈਂ ਸਮਝਦਾ ਹਾਂ ਕਿ ਮੋਦੀ ਜੀ ਨੂੰ ਮੀਡੀਆ ਨੂੰ ਇਹ ਸਾਫ ਸੰਦੇਸ਼ ਦੇਣਾ ਚਾਹੀਦਾ ਹੈ ਕਿ ਜੇਕਰ ਉਹ ਨਿਰਪੱਖ ਤੇ ਸੰਤੁਲਿਤ ਹੋ ਕੇ ਰਿਪੋਰਟਿੰਗ ਕਰਦੇ ਹਨ ਤਾਂ ਉਹ ਵਿਰੋਧ ਟਿੱਪਣੀਆਂ ਦਾ ਵੀ ਸਵਾਗਤ ਕਰਨਗੇ। ਇਸ ਨਾਲ ਲੋਕਾਂ ਦਾ ਗੁਬਾਰ ਬਾਹਰ ਨਿਕਲੇਗਾ। ਦੇਸ਼ ਵਿਚ ਬਹੁਤ ਸਾਰੇ ਯੋਗ ਵਿਅਕਤੀ ਚੁੱਪਚਾਪ ਆਪਣੇ ਕੰਮ ਵਿਚ ਜੁਟੇ ਹਨ। ਉਨ੍ਹਾਂ ਨੂੰ ਲੱਭ ਕੇ ਬਾਹਰ ਕੱਢਣ ਦੀ ਲੋੜ ਹੈ ਤੇ ਉਨ੍ਹਾਂ ਨੂੰ ਵਿਕਾਸ ਦੇ ਕੰਮਾਂ ਦੀ ਪ੍ਰਕਿਰਿਆ ਨਾਲ ਜੋੜਨ ਦੀ ਲੋੜ ਹੈ, ਫਿਰ ਕੁਝ ਰਸਤਾ ਨਿਕਲੇਗਾ, ਸਿਰਫ ਨੌਕਰਸ਼ਾਹੀ 'ਤੇ ਨਿਰਭਰ ਰਹਿਣ ਨਾਲ ਨਹੀਂ।                      

www.vineetnarain.net


Related News