ਚੋਣਾਂ ਦੇ ਪ੍ਰਚਾਰ ’ਚ ਚੀਨ ਤੋਂ ਕਿਉਂ ਬਚ ਰਹੀ ਹੈ ਭਾਜਪਾ

05/03/2024 6:10:11 PM

ਭਾਜਪਾ ਦਾ ਚੋਣਾਂ ਦਾ ਫੋਕਸ ਹਾਲ ਹੀ ਦੇ ਚੀਨੀ ਤਣਾਅ ਤੋਂ ਹਟ ਕੇ 1962 ਦੀ ਜੰਗ ਦੇ ਦੌਰਾਨ ਨਹਿਰੂ ਦੇ ਕਾਰਜਾਂ ਨੂੰ ਉਜਾਗਰ ਕਰਨ ’ਤੇ ਕੇਂਦ੍ਰਿਤ ਹੋ ਗਿਆ ਹੈ।

ਚੀਨ ਆਮ ਤੌਰ ’ਤੇ ਹੁਣ ਤੱਕ ਚੋਣ ਐਲਾਨ ਪੱਤਰਾਂ ਅਤੇ ਪ੍ਰਚਾਰ ’ਚੋਂ ਗਾਇਬ ਰਿਹਾ ਹੈ। ਸਾਬਕਾ ਫੌਜ ਮੁਖੀ ਜਨਰਲ ਨਰਵਣੇ ਨੇ ਹਾਲ ਹੀ ’ਚ ਅਜਮੇਰ ’ਚ ਇਕ ਸਾਹਿਤਕ ਸਮਾਗਮ ’ਚ ਚੀਨ ਨੂੰ ਭਾਰਤ ਲਈ ਮੁੱਢਲਾ ਖਤਰਾ ਦੱਸਿਆ ਸੀ। ਐੱਲ. ਏ. ਸੀ. ’ਤੇ ਟਕਰਾਅ ਨੂੰ ਜੋੜਨਾ ਇਕ ਚੰਗੀ ਗੱਲ ਸੀ ਕਿਉਂਕਿ ਇਸ ਤੋਂ ਇਹ ਜ਼ਮੀਨੀ ਹਕੀਕਤ ਸਾਹਮਣੇ ਆ ਗਈ ਸੀ ਜਿਸ ਨੂੰ ਪ੍ਰਵਾਨ ਕਰਨ ਵਿਚ ਦਿੱਲੀ ਨੂੰ ਸ਼ਰਮ ਆ ਰਹੀ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਖਾਸ ਤੌਰ ’ਤੇ ਰੱਖਿਆ ਸਕੱਤਰ ਗਿਰੀਧਰ ਅਰਮਾਨੇ ਨੇ ਬੀਜਿੰਗ ਦਾ ਨਿਰਦਈ ਸੰਦਰਭ ਦਿੱਤਾ ਹੈ।

ਨਰਵਣੇ ਨੇ ਆਪਣੀ ਕਿਤਾਬ ‘ਫਾਰ ਸਟਾਰਸ ਆਫ ਡੈਸਟਿਨੀ’ ਵਿਚ ਭਾਰਤ-ਚੀਨ ਟਕਰਾਅ ਬਾਰੇ ਵਿਸਥਾਰ ’ਚ ਲਿਖਿਆ ਹੈ ਜੋ ਉਨ੍ਹਾਂ ਦੀ ਦੇਖ-ਰੇਖ ’ਚ ਸ਼ੁਰੂ ਹੋਇਆ ਸੀ। ਇਹ ਖੁਫੀਆ ਜਾਣਕਾਰੀ ਦੀ ਇਕ ਗੰਭੀਰ ਅਸਫਲਤਾ ਸੀ ਜਿਸ ਨੇ ਚੀਨ ਨੂੰ ਉਸ ਦੀ 1956 ਦੀ ਦਾਅਵਾ ਰੇਖਾ ਦੇ ਅਨੁਸਾਰ ਰਾਸ਼ਟਰ ਦੀ ਭਾਰਤੀ ਧਿਰ ਦੇ ਲੱਗਭਗ 2000 ਵਰਗ ਕਿਲੋਮੀਟਰ ਇਲਾਕੇ ’ਤੇ ਕਬਜ਼ਾ ਕਰਨ ਦੀ ਇਜਾਜ਼ਤ ਦਿੱਤੀ। ਗਲਵਾਨ ’ਚ ਟਾਲੀ ਜਾ ਸਕਣ ਵਾਲੀ ਤ੍ਰਾਸਦੀ ਅਤੇ 21 ਦੌਰ ਦੀ ਫੌਜੀ ਗੱਲਬਾਤ (21 ਫਰਵਰੀ ਨੂੰ ਅੰਤਿਮ ਦੌਰ) ਦੇ ਬਾਅਦ ਵੀ ਚੀਨ ਵੱਲੋਂ ਅਪ੍ਰੈਲ 2020 ਦੀ ਜਿਉਂ ਦੀ ਤਿਉਂ ਸਥਿਤੀ ਬਹਾਲ ਕਰਨ ਤੋਂ ਨਾਂਹ ਨੇ ਭਾਰਤ ਨੂੰ ਗੰਭੀਰ ਸੰਕਟ ’ਚ ਪਾ ਦਿੱਤਾ ਹੈ। 1998 ’ਚ ਭਾਰਤ ਨੇ ਚੀਨ ਨੂੰ ਪ੍ਰਮਾਣੂ ਪ੍ਰੀਖਣ ਕਰਨ ਦਾ ਕਾਰਨ ਦੱਸਿਆ ਜਿਸ ਤੋਂ ਚੀਨ ਨਾਰਾਜ਼ ਹੋ ਗਿਆ ਅਤੇ ਤਤਕਾਲੀਨ ਵਿਦੇਸ਼ ਮੰਤਰੀ ਜਸਵੰਤ ਸਿੰਘ ਨੂੰ ‘ਗੰਢ ਖੋਲ੍ਹਣ’ ਲਈ ਬੀਜਿੰਗ ਦਾ ਦੌਰਾ ਕਰਨਾ ਪਿਆ।

ਮੈਂ ਬੀਜਿੰਗ ’ਚ ਇਸ ਗੱਲ ਦਾ ਗਵਾਹ ਸੀ, ਉਦੋਂ ਵੀ ਜਦੋਂ ਸਾਡੀ ਫੌਜ ਟੋਲੋਲਿੰਗ ਹਾਈਟਸ, ਕਾਰਗਿਲ ’ਤੇ ਕਬਜ਼ਾ ਕਰ ਰਹੀ ਸੀ। ਸਿੰਘ ਨੂੰ ਕਹਿਣਾ ਪਿਆ ਕਿ ਚੀਨ ਕੋਈ ਖਤਰਾ ਨਹੀਂ ਹੈ। ਬਾਅਦ ਵਿਚ ਤਤਕਾਲੀਨ ਰੱਖਿਆ ਮੰਤਰੀ ਜਾਰਜ ਫਰਨਾਡੀਜ਼ ਨੇ ਚੀਨ ਨੂੰ ਨੰਬਰ ਇਕ ਖਤਰਾ ਦੱਸਿਆ। ਹਾਲਾਂਕਿ ਇਸ ਨੂੰ ‘ਨੰਬਰ 1 ਦੁਸ਼ਮਣ’ ਦੇ ਰੂਪ ’ਚ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਨਾਲ ਇਕ ਕੂਟਨੀਤਕ ਹੰਗਾਮਾ ਖੜ੍ਹਾ ਹੋ ਗਿਆ ਕਿਉਂਕਿ ਚੀਨ ਕਿਸੇ ਵੀ ਦੇਸ਼ ਵੱਲੋਂ ਖਤਰੇ ਦੇ ਰੂਪ ਵਿਚ ਦੇਖੇ ਜਾਣ ਜਾਂ ਇਸ ਤੋਂ ਵੀ ਭੈੜੇ ਖਤਰੇ ਪ੍ਰਤੀ ਬੇਹੱਦ ਨਾਜ਼ੁਕ ਹੈ।

ਸਰਕਾਰ ਚੀਨ ’ਤੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਵਿਚ ਸਾਵਧਾਨੀ ਵਰਤ ਰਹੀ ਹੈ ਕਿਉਂਕਿ ਉਸ ਨੂੰ ਕੂਟਨੀਤਕ ਤੌਰ ’ਤੇ ਮੁਕੰਮਲ ਭੰਨ-ਤੋੜ ਯਕੀਨੀ ਕਰਨ ਦੀ ਆਸ ਹੈ ਪਰ ਫਰਵਰੀ-ਮਾਰਚ ਵਿਚ ਹਾਲਾਤ ਬਦਲ ਗਏ। ਜੈਸ਼ੰਕਰ ਨੇ ਰਾਏਸੀਨਾ ਡਾਇਲਾਗ ’ਚ ਬੋਲਦੇ ਹੋਏ ਕਿਹਾ ਕਿ ਚੀਨ ਨੂੰ ਮਾਈਂਡ-ਗੇਮ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਜਿਸ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਵਧੀਆ ਸੰਤੁਲਨ ਹਾਸਲ ਕਰਨ ਲਈ ਹੋਰ ਤਰੀਕਿਆਂ (ਅਮਰੀਕੀ ਮਦਦ) ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਇਹ ਟਿੱਪਣੀ ਦਿੱਲੀ ਵਿਚ ਇੰਡਸ-ਐਕਸ ਫੋਰਮ ਵਿਚ ਅਰਮਾਨੇ ਵੱਲੋਂ ਸ਼ਾਨਦਾਰ ਢੰਗ ਨਾਲ ਬੀਜਿੰਗ ਨੂੰ ਧਮਕਾਉਣ ਵਾਲਾ ਕਹੇ ਜਾਣ ਦੇ ਇਕ ਦਿਨ ਬਾਅਦ ਆਈ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ, ‘‘ਸਾਨੂੰ ਆਸ ਹੈ ਕਿ ਜੇਕਰ ਸਾਨੂੰ ਉਨ੍ਹਾਂ ਦੇ ਸਮਰਥਨ ਦੀ ਲੋੜ ਹੋਵੇਗੀ ਤਾਂ ਸਾਡਾ ਮਿੱਤਰ ਅਮਰੀਕਾ ਉਥੇ ਮੌਜੂਦ ਰਹੇਗਾ।’’ 1962 ਦੇ ਬਾਅਦ ਤੋਂ ਅਸੀਂ ਸਪੱਸ਼ਟ ਤੌਰ ’ਤੇ ਅਮਰੀਕੀ ਫੌਜੀ ਸਮਰਥਨ ਨਹੀਂ ਮੰਗਿਆ ਹੈ। ਇਸ ਤੋਂ ਚੀਨ ਦਾ ਪ੍ਰੇਸ਼ਾਨ ਹੋਣਾ ਲਾਜ਼ਮੀ ਹੈ। ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਕਿਸੇ ਵੀ ਭਾਰਤੀ ਅਧਿਕਾਰੀ ਨੇ ਕਦੇ ਵੀ ਚੀਨ ਨੂੰ ਧੌਂਸ ਜਮਾਉਣ ਵਾਲਾ ਨਹੀਂ ਕਿਹਾ। ਹੈਰਾਨੀ ਦੀ ਗੱਲ ਹੈ ਕਿ ਚੀਨ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਪ੍ਰਕਾਸ਼ਕਾਂ ਵੱਲੋਂ ਆਪ੍ਰੇਸ਼ਨ ਸਨੋ ਲੇਪਰਡ ਨਾਈਟ 29/30 ਅਗਸਤ 2020 ਦੇ ਅੰਸ਼ਾਂ ਨੂੰ ਪ੍ਰਸਾਰਿਤ ਕਰਨ ਦੇ ਬਾਅਦ ਸਰਕਾਰ ਨੇ ਨਰਵਣੇ ਦੀ ਪੁਸਤਕ ਅਤੇ ਉਸ ਦੇ ਅੰਸ਼ਾਂ ਨੂੰ ਨੁਕਸਾਨ ਤੋਂ ਕੰਟਰੋਲ ਲਈ ਰੋਕ ਦਿੱਤਾ ਹੈ, ਜਿਸ ਵਿਚ ਜੰਗ ਵਿਚ ਸਰਕਾਰ ਦੇ ਸਿਆਸੀ ਕੰਟਰੋਲ ਨੂੰ ਘੱਟ ਕਰ ਕੇ ਦੱਸਿਆ ਗਿਆ ਹੈ ਅਤੇ ਅਗਨੀਵੀਰ ’ਚ ਧਮਾਕਾਖੇਜ਼ ਟਿੱਪਣੀਆਂ ਕੀਤੀਆਂ ਗਈਆਂ ਹਨ। ਚੋਣ ਰੈਲੀਆਂ ਦੌਰਾਨ ਜਿੱਥੇ ਵਿਦੇਸ਼ ਨੀਤੀ ਇਕ ਮੁੱਦਾ ਹੈ, ਵਿਰੋਧੀ ਧਿਰ ਚੀਨ ਅਤੇ ਅਗਨੀਵੀਰ ’ਚ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਆਰਮੀ ਇੰਟੈਲੀਜੈਂਸ ਨੇ ਕਿਤਾਬ ਦੇ ਪ੍ਰਕਾਸ਼ਨ ਲਈ ਕਿਵੇਂ ਮਨਜ਼ੂਰੀ ਦਿੱਤੀ, ਇਹ ਇਕ ਰਹੱਸ ਹੈ।

10 ਫਰਵਰੀ 2021 ਨੂੰ ਸੰਸਦ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਤਰੀ ਪੈਂਗੋਂਗ ਤਸੋ ਝੀਲ ਫਿੰਗਰਜ਼ ਇਲਾਕੇ ’ਚ ਵਾਪਸੀ ਬਾਰੇ ਸੰਸਦ ਨੂੰ ਜਾਣਕਾਰੀ ਦਿੱਤੀ ਸੀ ਪਰ ਉਨ੍ਹਾਂ ਨੇ ਕੈਲਾਸ਼ ਹਾਈਟਸ ਤੋਂ ਵਾਪਸੀ ਦਾ ਕੋਈ ਵਰਣਨ ਨਹੀਂ ਕੀਤਾ ਜੋ ਸ਼ਾਇਦ ‘ਰਵਾਇਤੀ ਵਾਪਸੀ’ ’ਚ ਨਿਹਿਤ ਸੀ ਪਰ ਸਿੰਘ ਨੇ ਕਿਹਾ, ‘‘ਚੀਨੀ ਧਿਰ ਇਕ ਇੰਚ ਵੀ ਇਲਾਕਾ ਨਾ ਲੈਣ-ਦੇਣ ਦੇ ਸਾਡੇ ਸੰਕਲਪ ਤੋਂ ਜਾਣੂੰ ਹੈ।’’

ਸਾਬਕਾ ਐੱਨ. ਐੱਸ. ਏ. (ਰਾਸ਼ਟਰੀ ਸੁਰੱਖਿਆ ਸਲਾਹਕਾਰ) ਸ਼ਿਵਸ਼ੰਕਰ ਮੈਨਨ ਨੇ ਆਪਣੇ ਲੇਖ ’ਚ ਕਿਹਾ ਹੈ, ‘‘ਅਸੀਂ ਨਹੀਂ ਜਾਣਦੇ ਕਿ ਦੱਖਣੀ ਕੰਢੇ (ਕੈਲਾਸ਼ ਹਾਈਟਸ) ’ਚ ਕੀ ਹੋਇਆ, ਜਿਵੇਂ ਕਿ ਅਸੀਂ ਉੱਤਰੀ ਕੰਢੇ (ਪੈਂਗੋਂਗ ਤਸੋ ਝੀਲ) ਦੇ ਬਾਰੇ ’ਚ ਜਾਣਦੇ ਹਾਂ।’’

ਹਾਲ ਹੀ ’ਚ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਖੁਦਮੁਖਤਾਰ ਲੱਦਾਖ ਹਿੱਲ ਡਿਵੈਲਪਮੈਂਟ ਕੌਂਸਲ ਦੇ ਚੁਸ਼ੂਲ ਕੌਂਸਲਰ ਕੋਨਚੋਕ ਸਟੈਨਜਿਨ ਦੀ ਇਕ ਐਕਸ ਪੋਸਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਰੇਜਾਂਗਲਾ ਜੰਗੀ ਯਾਦਗਾਰ 1962 ਨੂੰ ਤਬਾਹ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਕੈਲਾਸ਼ ਹਾਈਟਸ ਦੇ ਖਾਲੀ ਹੋਣ ਦੌਰਾਨ ਚੀਨ ਨਾਲ ਗੱਲਬਾਤ ਦੌਰਾਨ ‘ਬਫਰ ਜ਼ੋਨ’ ਵਿਚ ਆਉਂਦਾ ਸੀ। ਭਾਰਤੀ ਇਲਾਕੇ ਵਿਚ ਨਿਰਵਿਵਾਦ ਕੈਲਾਸ਼ ਹਾਈਟਸ ਨੂੰ ਬਫਰ ਜ਼ੋਨ ਬਣਾ ਦਿੱਤਾ ਗਿਆ ਸੀ, ਇਹ ਇਕ ਪਰਦਾਫਾਸ਼ ਕਰਨਾ ਹੈ ਕਿ ਸਰਕਾਰ ਨੇ ਸੰਸਦ ਨੂੰ ਕਦੇ ਵੀ ਸੂਚਿਤ ਨਹੀਂ ਕੀਤਾ।

ਉਸ ਮਹੱਤਵਪੂਰਨ ਰਾਤ ਨੂੰ ਕੈਲਾਸ਼ ਹਾਈਟਸ ’ਚ ਵਿਕਸਿਤ ਦਿਸ਼ਾ ਸੇਧਤ ਅਸਮਾਨੀ ਵਾਧੇ ਨਾਲ ਭਰੀ ਗੰਭੀਰ ਆਵਾਜਾਈ ਸਥਿਤੀ ਵਿਚ, ਸੀ.ਸੀ.ਐੱਸ./ਆਰ.ਐੱਮ./ਪੀ.ਐੱਮ. ਵੱਲੋਂ ਨਰਵਣੇ ਨੂੰ ਕੋਈ ਸਿਆਸੀ ਅਗਵਾਈ ਮੁਹੱਈਆ ਨਹੀਂ ਕੀਤੀ ਗਈ ਸੀ, ਜੋ ਸਿੰਘ ਦੇ ਨਾਲ ਤਤਕਾਲ ਹੁਕਮ ਮੰਗਣ ’ਤੇ ਉਨ੍ਹਾਂ ਦੀ ਗੱਲਬਾਤ ਤੋਂ ਸਪੱਸ਼ਟ ਹੋ ਗਿਆ। ਨਰਵਣੇ ਦੀ ਕਿਤਾਬ ਅਤੇ ਉਸ ਦੇ ਕੁਝ ਅੰਸ਼ਾਂ ’ਤੇ ਰੋਕ ਲੱਗਣ ਦੇ ਬਾਅਦ ਇਹ ਕਿਤਾਬ ਕਦੇ ਵੀ ਸਫਲ ਨਹੀਂ ਹੋ ਸਕੇਗੀ ਕਿਉਂਕਿ ਇਸ ਵਿਚ ਜੰਗ ਵਰਗੀ ਸਥਿਤੀ ਨੂੰ ਸਿਆਸੀ ਦਿਸ਼ਾ ਨੂੰ ਖਰਾਬ ਰੌਸ਼ਨੀ ਵਿਚ ਦਿਖਾਇਆ ਗਿਆ ਹੈ ਪਰ ਨਰਵਣੇ ਨੂੰ ਪਤਾ ਹੋਵੇਗਾ ਕਿ ਉਹ ਸੀ. ਡੀ. ਐੱਸ. ਕਿਉਂ ਨਹੀਂ ਬਣੇ, ਜਦਕਿ ਕੈਲਾਸ਼ ਦੀਆਂ ਮਹੱਤਵਪੂਰਨ ਬੁਲੰਦੀਆਂ ਹਮੇਸ਼ਾ ਲਈ ਗੁਆਚ ਗਈਆਂ ਹਨ।

ਚੋਣ ਮੁਹਿੰਮ ’ਚ, ਕਿਸੇ ਵੀ ਭਾਜਪਾ ਨੇਤਾ ਨੇ ਹੁਣ ਤੱਕ ਗਲਵਾਨ ਜਾਂ ਕੈਲਾਸ਼ ਦੀਆਂ ਪਹਾੜੀਆਂ ਦਾ ਵਰਣਨ ਨਹੀਂ ਕੀਤਾ ਹੈ, ਜੋ ਚੀਨ ਵਿਰੁੱਧ ਤਾਕਤ ਦੀ ਬਹਾਦਰੀ ਵਾਲੀ ਵਰਤੋਂ ਦੀਆਂ ਉਦਾਹਰਣਾਂ ਸਨ ਕਿਉਂਕਿ ਇਸ ਤੋਂ ਕਈ ਖਤਰੇ ਪੈਦਾ ਹੋ ਸਕਦੇ ਸਨ। ਨਰਵਣੇ ਨੂੰ ਮੈਦਾਨ ਤੋਂ ਬਾਹਰ ਰੱਖਦੇ ਹੋਏ, ਵਿਰੋਧੀ ਧਿਰ 2000 ਵਰਗ ਕਿ. ਮੀ. ਜ਼ਮੀਨ ਦੇ ਨਾਲ-ਨਾਲ 65 ਗਸ਼ਤੀ ਬਿੰਦੂਆਂ ’ਚੋਂ 26 ਨੂੰ ਗੁਆਉਣ ਲਈ ਸਰਕਾਰ ’ਤੇ ਹਮਲਾ ਕਰ ਰਹੀ ਹੈ। 12 ਅਪ੍ਰੈਲ ਨੂੰ ਪੁਣੇ ’ਚ ਪ੍ਰਚਾਰ ਕਰਦੇ ਹੋਏ ਮੀਡੀਆ ਨਾਲ ਗੱਲ ਕਰਦਿਆਂ ਜੈਸ਼ੰਕਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ‘‘ਚੀਨ ਵੱਲੋਂ ਕੋਈ ਕਬਜ਼ਾ ਨਹੀਂ ਕੀਤਾ ਗਿਆ ਸੀ, ਇਸ ਨੇ ਸਾਡੀ ਕਿਸੇ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਹੈ ਪਰ ਸਥਿਤੀ ਨਾਜ਼ੁਕ, ਮੁਕਾਬਲੇ ਵਾਲੀ ਅਤੇ ਚੁਣੌਤੀਪੂਰਨ ਹੈ।’’ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਸਾਰਿਆਂ ਨੇ ਵੀ ਇਲਾਕੇ ਦੇ ਨੁਕਸਾਨ ਤੋਂ ਨਾਂਹ ਕੀਤੀ ਹੈ।

‘ਨਿਊਜ਼ਵੀਕ’ ਨਾਲ ਆਪਣੀ ਇੰਟਰਵਿਊ ’ਚ ਚੀਨ ’ਤੇ ਇਕ ਸਵਾਲ ਦੇ ਜਵਾਬ ’ਚ, ਪੀ. ਐੱਮ. ਮੋਦੀ ਦਾ ਸੰਖੇਪ ਉੱਤਰ ਸੀ, ‘‘ਬੀਜਿੰਗ ਨਾਲ ਨਵੀਂ ਦਿੱਲੀ ਦੇ ਸਬੰਧ ਮਹੱਤਵਪੂਰਨ ਹਨ ਅਤੇ ਸਰਹੱਦ ’ਤੇ ਲੰਬੇ ਸਮੇਂ ਤੋਂ ਚਲੀ ਆ ਰਹੀ ਸਥਿਤੀ ਨੂੰ ਤਤਕਾਲ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸਰਹੱਦਾਂ ’ਤੇ ਸ਼ਾਂਤੀ ਅਤੇ ਅਮਨ-ਚੈਨ ਬਹਾਲ ਕੀਤਾ ਜਾ ਸਕੇ।’’ ਚੀਨੀਆਂ ਨੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਮਜ਼ਬੂਤ ਅਤੇ ਸਥਿਰ ਸਬੰਧ ਆਮ ਹਿੱਤ ’ਚ ਹਨ। ਭਾਰਤ ਦੀ ਮੰਗ ਅਨੁਸਾਰ ਐੱਲ. ਏ. ਸੀ. ਨੂੰ ਅਪ੍ਰੈਲ 2020 ਤੱਕ ਬਹਾਲ ਕਰਨਾ, ਚੀਨ ਕਦੇ ਨਹੀਂ ਕਰੇਗਾ। ਕਿਸੇ ਸਮਝੌਤੇ ਦੇ ਫਾਰਮੂਲੇ ਦੀ ਕਲਪਨਾ ਕਰਨੀ ਔਖੀ ਹੈ। ਨਤੀਜੇ ਵਜੋਂ ਚੀਨ ਸ਼ਬਦ ਭਾਜਪਾ ਦੇ ਚੋਣ ਵਿਚਾਰ-ਵਟਾਂਦਰੇ ’ਚੋਂ ਗਾਇਬ ਹੈ। ਗੱਲਾਂ ਨੂੰ ਬੜੀ ਚਲਾਕੀ ਨਾਲ 1962 ’ਚ ਨਹਿਰੂ ਦੀਆਂ ਮੂਰਖਤਾਵਾਂ ਵੱਲ ਮੋੜ ਦਿੱਤਾ ਗਿਆ ਪਰ ਨਰਵਣੇ ਸ਼ਲਾਘਾ ਦੇ ਪਾਤਰ ਹਨ।

ਅਸ਼ੋਕ ਕੇ. ਮਹਿਤਾ


Rakesh

Content Editor

Related News