ਅੰਤਰਰਾਸ਼ਟਰੀ ਨਰਸ ਦਿਵਸ ’ਤੇ ਵਿਸ਼ੇਸ਼:  ਸਿੱਖਿਅਤ ਨਰਸਾਂ ਦੀ ਕਮੀ ਨਾਲ ਜੂਝ ਰਹੇ ਕਈ ਦੇਸ਼

05/12/2024 4:32:59 PM

ਸਮਾਜ ਲਈ ਨਰਸਾਂ ਦੇ ਯੋਗਦਾਨ ਨੂੰ ਦਰਸਾਉਣ ਲਈ ਹਰ ਸਾਲ 12 ਮਈ ਨੂੰ ਵਿਸ਼ਵ ਨਰਸਿੰਗ ਦੀ ਸੰਸਥਾਪਕ ਫਲੋਰੈਂਸ ਨਾਈਟਿੰਗੇਲ ਦੀ ਯਾਦ ’ਚ ਦੁਨੀਆ ਭਰ ’ਚ ‘ਅੰਤਰਰਾਸ਼ਟਰੀ ਨਰਸ ਦਿਵਸ’ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਾਲ ਇਹ ਦਿਵਸ ‘ਸਾਡੀਆਂ ਨਰਸਾਂ, ਸਾਡਾ ਭਵਿੱਖ, ਦੇਖਭਾਲ ਦੀ ਆਰਥਿਕ ਸ਼ਕਤੀ’ ਥੀਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿਸ਼ੇ ਦੇ ਨਿਰਧਾਰਨ ਦਾ ਮੰਤਵ ਨਰਸਿੰਗ ਅਤੇ ਇਸ ਦੇ ਮਹੱਤਵ ਬਾਰੇ ਲੋਕਾਂ ਦੀਆਂ ਧਾਰਨਾਵਾਂ ਨੂੰ ਬਦਲਣਾ ਹੈ। ਦਰਅਸਲ ਨਰਸਿੰਗ ’ਚ ਵਿੱਤੀ ਸਹਾਇਤਾ ਦੀ ਕਮੀ ਕਾਰਨ ਅੜਿੱਕਾ ਪੈਂਦਾ ਹੈ, ਇਸ ਲਈ ਇਹ ਵਿਸ਼ਾ ਇਸ ਨੂੰ ਬਦਲਣ ’ਚ ਮਦਦ ਕਰਨ ਦੇ ਯਤਨਾਂ ਲਈ ਨਿਰਧਾਰਿਤ ਹੈ। ਇਹ ਵਿਸ਼ਾ ਕੋਰੋਨਾ ਮਹਾਮਾਰੀ ਤੋਂ ਸਿੱਖੇ ਗਏ ਸਬਕ ’ਤੇ ਵੀ ਆਧਾਰਿਤ ਹੈ ਅਤੇ ਉਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਤੇ ਵਿਸ਼ਵ ਭਰ ’ਚ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਸਿਹਤ ਦੇਖਭਾਲ ਨੂੰ ਅੱਗੇ ਵਧਾਉਣ ਦੀਆਂ ਵਿਸ਼ਵ ਪੱਧਰੀ ਖਾਹਿਸ਼ਾਂ ਨੂੰ ਉਭਾਰਦਾ ਹੈ।

ਨਰਸਾਂ ਦੀ ਸ਼ਲਾਘਾਯੋਗ ਸੇਵਾ ਨੂੰ ਮਾਨਤਾ ਪ੍ਰਦਾਨ ਕਰਨ ਲਈ ਭਾਰਤ ’ਚ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਵੱਲੋਂ ‘ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਪੁਰਸਕਾਰ’ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਨੂੰ ਹਰ ਸਾਲ ਇਸੇ ਦਿਨ ਦਿੱਤਾ ਜਾਂਦਾ ਹੈ। ਇਸ ਮੌਕੇ ’ਤੇ ਹਰ ਸਾਲ ਦੇਸ਼ ’ਚ ਮਾਣਯੋਗ ਰਾਸ਼ਟਰਪਤੀ ਨਰਸਿੰਗ ਵਰਕਰਾਂ ਨੂੰ ਇਮਾਨਦਾਰੀ, ਸਮਰਪਣ ਅਤੇ ਹਮਦਰਦੀ ਨਾਲ ਨਿਭਾਈ ਗਈ ਨਿਰਸਵਾਰਥ ਸੇਵਾ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕਰਦੇ ਹਨ। ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ 1973 ਤੋਂ ਹੁਣ ਤਕ 250 ਤੋਂ ਵੀ ਵੱਧ ਨਰਸਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕਾ ਹੈ। ਇਸ ਪੁਰਸਕਾਰ ’ਚ 50,000 ਰੁਪਏ ਨਕਦ, ਪ੍ਰਸ਼ੰਸਾ ਪੱਤਰ ਅਤੇ ਤਮਗਾ ਪ੍ਰਦਾਨ ਕੀਤਾ ਜਾਂਦਾ ਹੈ।

ਆਸਟ੍ਰੇਲੀਆ, ਅਮਰੀਕਾ ਅਤੇ ਕੈਨੇਡਾ ਵਰਗੇ ਕਈ ਦੇਸ਼ਾਂ ’ਚ ਤਾਂ ‘ਅੰਤਰਰਾਸ਼ਟਰੀ ਨਰਸ ਦਿਵਸ’ ਦਾ ਆਯੋਜਨ ਪੂਰੇ ਇਕ ਹਫਤੇ ਤਕ ਕੀਤਾ ਜਾਂਦਾ ਹੈ। ਅਸਲ ’ਚ ਇਹ ਦਿਵਸ ਸਿਹਤ ਸੇਵਾਵਾਂ ’ਚ ਨਰਸਾਂ ਦੇ ਯੋਗਦਾਨ ਨੂੰ ਮਾਣ-ਤਾਣ ਦੇਣ ਅਤੇ ਉਨ੍ਹਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਲਈ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਨਰਸ ਦਿਵਸ ਦਾ ਪਹਿਲਾ ਮਤਾ 1953 ’ਚ ਡੋਰੋਥੀ ਸਦਰਲੈਂਡ (ਯੂ. ਐੱਸ. ਸਿਹਤ, ਸਿੱਖਿਆ ਅਤੇ ਕਲਿਆਣ ਵਿਭਾਗ) ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡਵਾਈਵ ਡੀ ਆਈਜ਼ਨਹਾਵਰ ਵੱਲੋਂ ਮਾਨਤਾ ਪ੍ਰਦਾਨ ਕੀਤੀ ਗਈ ਸੀ। ‘ਅੰਤਰਰਾਸ਼ਟਰੀ ਨਰਸ ਦਿਵਸ’ ਪਹਿਲੀ ਵਾਰ 1965 ’ਚ ਇੰਟਰਨੈਸ਼ਨਲ ਕੌਂਸਲ ਆਫ ਨਰਸਿਜ਼ (ਆਈ. ਸੀ. ਐੱਨ.) ਵੱਲੋਂ ਮਨਾਇਆ ਗਿਆ ਅਤੇ ਜਨਵਰੀ 1974 ਤੋਂ ਇਹ ਹਰ ਸਾਲ 12 ਮਈ ਨੂੰ ਨੋਬਲ ਨਰਸਿੰਗ ਸੇਵਾ ਦੀ ਸ਼ੁਰੂਆਤ ਕਰਨ ਵਾਲੀ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਵਸ ਵਜੋਂ ਮਨਾਇਆ ਜਾਣ ਲੱਗਾ, ਜਿਨ੍ਹਾਂ ਦਾ ਜਨਮ 12 ਮਈ, 1820 ਨੂੰ ਹੋਇਆ ਸੀ।

ਕੋਰੋਨਾ ਕਾਲ ’ਚ ਨਰਸਾਂ ਦੀ ਅਹਿਮ ਭੂਮਿਕਾ ਨੂੰ ਦੇਖੀਏ ਤਾਂ ਆਮ ਦਿਨਾਂ ’ਚ ਵੀ ਜਦ ਪੇਸ਼ੇਵਰ ਡਾਕਟਰ ਦੂਜੇ ਰੋਗੀਆਂ ਨੂੰ ਦੇਖਣ ’ਚ ਰੁੱਝੇ ਰਹਿੰਦੇ ਹਨ, ਤਦ ਹਸਪਤਾਲਾਂ ’ਚ ਭਰਤੀ ਰੋਗੀਆਂ ਦੀ ਚੌਵੀ ਘੰਟੇ ਦੇਖਭਾਲ ਦੀ ਜ਼ਿੰਮੇਵਾਰੀ ਨਰਸਾਂ ’ਤੇ ਹੀ ਰਹਿੰਦੀ ਹੈ। ਇਸ ਲਈ ਉਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਰੋਗੀਆਂ ਦਾ ਮਨੋਬਲ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਬੀਮਾਰੀ ਨੂੰ ਕੰਟਰੋਲ ਕਰਨ ’ਚ ਹਮਦਰਦੀ ਭਰਿਆ ਰਵੱਈਆ ਅਪਣਾਉਣ ਅਤੇ ਉਨ੍ਹਾਂ ਪ੍ਰਤੀ ਸਨੇਹ ਦਾ ਪ੍ਰਗਟਾਵਾ ਕਰਨ। ਇਹੀ ਕਾਰਨ ਹੈ ਕਿ ਰੋਗੀਆਂ ਦੀ ਉਚਿਤ ਦੇਖਭਾਲ ਲਈ ਨਰਸਾਂ ਦਾ ਸਰੀਰਕ, ਮਾਨਸਿਕ ਅਤੇ ਸਮਾਜਿਕ ਪੱਧਰ ’ਤੇ ਸਿੱਖਿਅਤ, ਟ੍ਰੇਂਡ ਅਤੇ ਅਨੁਭਵੀ ਹੋਣਾ ਬਹੁਤ ਅਹਿਮ ਮੰਨਿਆ ਜਾਂਦਾ ਹੈ।

ਨਰਿੰਸਗ ਇਕ ਅਜਿਹਾ ਕਾਰਜਖੇਤਰ ਹੈ ਜਿਸ ਨਾਲ ਜੁੜੇ ਲੋਕ ਕਦੇ ਬੇਰੋਜ਼ਗਾਰ ਨਹੀਂ ਰਹਿੰਦੇ। ਸਰਕਾਰਾਂ ਤੇ ਨਿੱਜੀ ਹਸਪਤਾਲਾਂ, ਫੌਜੀ ਬਲਾਂ, ਨਰਸਿੰਗ ਹੋਮ, ਬੇਸਹਾਰਾ ਘਰ, ਬਿਰਧ ਆਸ਼ਰਮਾਂ ਅਤੇ ਕੁਝ ਹੋਰ ਖੇਤਰਾਂ ’ਚ ਅਜਿਹੇ ਲੋਕਾਂ ਨੂੰ ਰੋਜ਼ਗਾਰ ਮਿਲ ਹੀ ਜਾਂਦਾ ਹੈ। ਉਂਝ ਨਰਸਾਂ ਦਾ ਕਾਰਜ ਸਿਰਫ ਮਰੀਜ਼ਾਂ ਦੀ ਦੇਖਭਾਲ ਤਕ ਹੀ ਸੀਮਿਤ ਨਹੀਂ ਹੁੰਦਾ, ਸਗੋਂ ਯੋਗ ਨਰਸਾਂ ਲਈ ਵਿੱਦਿਅਕ, ਪ੍ਰਸ਼ਾਸਨਿਕ ਅਤੇ ਖੋਜ ਕਾਰਜਾਂ ਨਾਲ ਸਬੰਧਤ ਮੌਕੇ ਵੀ ਹੁੰਦੇ ਹਨ।

ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਅੱਜ ਵੀ ਟ੍ਰੇਂਡ ਨਰਸਾਂ ਦੀ ਭਾਰੀ ਕਮੀ ਚੱਲ ਰਹੀ ਹੈ ਪਰ ਵਿਕਾਸਸ਼ੀਲ ਦੇਸ਼ਾਂ ’ਚ ਇਹ ਕਮੀ ਹੋਰ ਵੀ ਵੱਧ ਦੇਖਣ ਨੂੰ ਮਿਲ ਰਹੀ ਹੈ। ਵਿਸ਼ਵ ਬੈਂਕ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੰਗੀ ਤਨਖਾਹ ਅਤੇ ਸਹੂਲਤਾਂ ਦੇ ਲਾਲਚ ’ਚ ਅੱਜ ਵੀ ਵਿਕਾਸਸ਼ੀਲ ਦੇਸ਼ਾਂ ਤੋਂ ਵੱਡੀ ਗਿਣਤੀ ’ਚ ਨਰਸਾਂ ਵਿਕਸਿਤ ਦੇਸ਼ਾਂ ’ਚ ਨੌਕਰੀ ਲਈ ਜਾਂਦੀਆਂ ਹਨ ਜਿਸ ਨਾਲ ਵਿਕਾਸਸ਼ੀਲ ਦੇਸ਼ਾਂ ਨੂੰ ਟ੍ਰੇਂਡ ਨਰਸਾਂ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਦੁਨੀਆ ਭਰ ’ਚ ਅਮੀਰ ਤੇ ਗਰੀਬ ਦੋਵੇਂ ਤਰ੍ਹਾਂ ਦੇ ਦੇਸ਼ਾਂ ’ਚ ਨਰਸਾਂ ਦੀ ਕਮੀ ਚੱਲ ਰਹੀ ਹੈ। ਵਿਕਸਿਤ ਦੇਸ਼ ਆਪਣੀਆਂ ਨਰਸਾਂ ਦੀ ਕਮੀ ਨੂੰ ਹੋਰ ਦੇਸ਼ ਤੋਂ ਨਰਸਾਂ ਬੁਲਾ ਕੇ ਪੂਰੀ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਉਥੇ ਚੰਗੀ ਤਨਖਾਹ ਤੇ ਸਹੂਲਤਾਂ ਦਿੰਦੇ ਹਨ ਜਿਸ ਕਾਰਨ ਨਰਸਾਂ ਵਿਕਸਿਤ ਦੇਸ਼ਾਂ ਨੂੰ ਜਾਣ ਨੂੰ ਦੇਰ ਨਹੀਂ ਕਰਦੀਆਂ।

ਦੂਜੇ ਪਾਸੇ ਵਿਕਾਸਸ਼ੀਲ ਦੇਸ਼ਾਂ ’ਚ ਨਰਸਾਂ ਨੂੰ ਵੱਧ ਤਨਖਾਹ ਅਤੇ ਸਹੂਲਤਾਂ ਦੀ ਘਾਟ ਰਹਿੰਦੀ ਹੈ ਅਤੇ ਭਵਿੱਖ ਵੀ ਜ਼ਿਆਦਾ ਰੋਸ਼ਨ ਦਿਖਾਈ ਨਹੀਂ ਦਿੰਦਾ ਜਿਸ ਕਾਰਨ ਉਹ ਵਿਕਸਿਤ ਦੇਸ਼ਾਂ ਦੇ ਸੱਦੇ ’ਤੇ ਨੌਕਰੀ ਲਈ ਉਥੇ ਚਲੀਆਂ ਜਾਂਦੀਆਂ ਹਨ। ਭਾਰਤ ’ਚ ਮਹਾਨਗਰਾਂ ਅਤੇ ਵੱਡੇ ਸ਼ਹਿਰਾਂ ’ਚ ਮੈਡੀਕਲ ਵਿਵਸਥਾ ਕੁਝ ਠੀਕ ਹੋਣ ਕਾਰਨ ਇਨ੍ਹਾਂ ਇਲਾਕਿਆਂ ’ਚ ਨਰਸਾਂ ਦੀ ਗਿਣਤੀ ’ਚ ਇੰਨੀ ਕਮੀ ਨਹੀਂ ਹੈ, ਜਿੰਨੇ ਛੋਟੇ ਸ਼ਹਿਰਾਂ ਤੇ ਪਿੰਡਾਂ ’ਚ ਹੈ। ਕਿਸੇ ਵੀ ਦੇਸ਼ ’ਚ ਨਰਸਾਂ ਦੀ ਘਾਟ ਉਸ ਦੇਸ਼ ਦੀ ਖਰਾਬ ਮੈਡੀਕਲ ਵਿਵਸਥਾ ਦਰਸਾਉਂਦੀ ਹੈ। ਇਸ ਘਾਟ ਜਾਂ ਕਮੀ ਦਾ ਸਿੱਧਾ ਪ੍ਰਭਾਵ ਨਵਜੰਮੇ ਬਾਲਾਂ ਅਤੇ ਬਾਲਾਂ ਦੀ ਮੌਤ ਦਰ ’ਤੇ ਪੈਂਦਾ ਹੈ।

ਦਰਅਸਲ ਹੁਣ ਸਰਕਾਰੀ ਹਸਪਤਾਲਾਂ ’ਚ ਨਰਸਾਂ ਨੂੰ ਚੰਗੀ ਤਨਖਾਹ ਤੇ ਹੋਰ ਸਹੂਲਤਾਂ ਮਿਲ ਰਹੀਆਂ ਹਨ ਜਿਸ ਨਾਲ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੋਈ ਹੈ ਅਤੇ ਇਹੀ ਕਾਰਨ ਹੈ ਕਿ ਭਾਰਤ ਤੋਂ ਟ੍ਰੇਂਡ ਨਰਸਾਂ ਦੀ ਹਿਜਰਤ ਕਾਫੀ ਹੱਦ ਤਕ ਰੁਕੀ ਹੈ। ਹਾਲਾਂਕਿ ਤਸਵੀਰ ਦਾ ਪਹਿਲੂ ਇਹ ਵੀ ਹੈ ਕਿ ਕੁਝ ਸੂਬਿਆਂ ਅਤੇ ਗੈਰ-ਸਰਕਾਰੀ ਖੇਤਰਾਂ ’ਚ ਨਰਸਾਂ ਦੀ ਸਥਿਤੀ ਅੱਜ ਵੀ ਤਸੱਲੀਬਖਸ਼ ਨਹੀਂ ਹੈ, ਜਿੱਥੇ ਉਨ੍ਹਾਂ ਨੂੰ ਲੰਬੇ ਸਮੇਂ ਤਕ ਕੰਮ ਕਰਨਾ ਪੈਂਦਾ ਹੈ ਅਤੇ ਫਿਰ ਵੀ ਉਹ ਸਹੂਲਤਾਂ ਨਹੀਂ ਮਿਲਦੀਆਂ ਜਿਨ੍ਹਾਂ ਦੀਆਂ ਉਹ ਹੱਕਦਾਰ ਹਨ।

ਭਾਰਤ ’ਚ ਵਿਦੇਸ਼ਾਂ ਲਈ ਨਰਸਾਂ ਦੀ ਹਿਜਰਤ ’ਚ ਕਮੀ ਆਉਣ ਦੇ ਬਾਵਜੂਦ ਰੋਗੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਣ ਕਾਰਨ ਰੋਗੀ ਅਤੇ ਨਰਸ ਦੇ ਅਨੁਪਾਤ ’ਚ ਫਰਕ ਵਧਿਆ ਹੈ। ਦੇਸ਼ ’ਚ ਇਸ ਸਮੇਂ ਤਕਰੀਬਨ 1100 ਦੀ ਆਬਾਦੀ ਪਿੱਛੇ ਇਕ ਨਰਸ ਹੈ। ਹਾਲਾਂਕਿ ਵਿਸ਼ਵ ਭਰ ’ਚ ਟ੍ਰੇਂਡ ਨਰਸਾਂ ਦੀ ਮੰਗ ਨੂੰ ਦੇਖਦਿਆਂ ਭਾਰਤ ’ਚ ਨੌਜਵਾਨਾਂ ਦਾ ਇਸ ਪੇਸ਼ੇ ਵੱਲ ਰੁਝਾਨ ਕਾਫੀ ਵਧਿਆ ਹੈ। ਕੁਝ ਸਮਾਂ ਪਹਿਲਾਂ ਤਕ ਨਰਸਿੰਗ ਖੇਤਰ ’ਤੇ ਔਰਤਾਂ ਦਾ ਹੀ ਗਲਬਾ ਮੰਨਿਆ ਜਾਂਦਾ ਸੀ ਪਰ ਹੁਣ ਔਰਤਾਂ ਨਾਲ ਮਰਦ ਵੀ ਇਸ ਖੇਤਰ ’ਚ ਹਿੱਸੇਦਾਰੀ ਪਾ ਰਹੇ ਹਨ।

ਨਰਸਿੰਗ ਨਾ ਸਿਰਫ ਦੁਨੀਆ ਭਰ ’ਚ ਇਕ ਇੱਜ਼ਤ-ਮਾਣ ਵਾਲਾ ਪੇਸ਼ਾ ਮੰਨਿਆ ਜਾਂਦਾ ਹੈ ਸਗੋਂ ਇਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਸਿਹਤ ਪੇਸ਼ੇ ਵਜੋਂ ਵੀ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਸਰਕਾਰਾਂ ਵੱਲੋਂ ਵੀ ਨਰਸਿੰਗ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਕਈ ਅਹਿਮ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਦੇਸ਼ ਭਰ ’ਚ ਕਈ ਹੋਰ ਜਨਰਲ ਨਰਸਿੰਗ ਮਿਡਵਾਈਫਰੀ (ਜੀ. ਐੱਨ. ਐੱਮ.) ਅਤੇ ਆਗਜ਼ਿਲਰੀ ਨਰਸਿੰਗ ਮਿਡਵਾਈਫਰੀ (ਏ. ਐੱਨ. ਐੱਮ.) ਕਾਲਜ ਖੋਲ੍ਹੇ ਜਾਣ ਦੀ ਯੋਜਨਾ ਹੈ ਤਾਂ ਕਿ ਦੇਸ਼ ’ਚ ਟ੍ਰੇਂਡ ਨਰਸਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।

ਯੋਗੇਸ਼ ਕੁਮਾਰ ਗੋਇਲ


Tanu

Content Editor

Related News