ਸਾਈਕਲ ਮਿਲਿਆ ਹੈ, ਕੀ ਸੱਤਾ ਵੀ ਮਿਲੇਗੀ

01/19/2017 1:53:45 AM

ਤਾਂ ਹੁਣ ਤੈਅ ਹੋਇਆ ਹੈ ਕਿ ਮੁਲਾਇਮ ਸਿੰਘ ਯਾਦਵ ਵੱਖਰੇ ਤੌਰ ''ਤੇ ਉਮੀਦਵਾਰ ਨਹੀਂ ਉਤਾਰਨਗੇ ਅਤੇ ਨਾ ਖੁਦ ਅਖਿਲੇਸ਼ ਯਾਦਵ ਨੂੰ ਲਲਕਾਰਨਗੇ। ਤੈਅ ਹੋਇਆ ਹੈ ਕਿ ਪਿਤਾ ਦੇ ਉਮੀਦਵਾਰਾਂ ਦੀ ਸੂਚੀ ਦਾ ਆਦਰ ਬੇਟਾ ਕਰੇਗਾ ਭਾਵ ਸੂਚੀ ''ਚ ਸ਼ਾਮਿਲ ਸਾਰੇ ਨੇਤਾਵਾਂ ਨੂੰ ਟਿਕਟ ਦੇ ਦਿੱਤੀ ਜਾਵੇਗੀ। ਇਹ ਸੁਣਨ ''ਚ ਆ ਰਿਹਾ ਹੈ ਕਿ ਉਨ੍ਹਾਂ ਚਾਰ ਬਰਖਾਸਤ ਮੰਤਰੀਆਂ ਨੂੰ ਵੀ ਟਿਕਟ ਦਿੱਤੀ ਜਾਵੇਗੀ, ਜਿਨ੍ਹਾਂ ''ਤੇ ਅਖਿਲੇਸ਼ ਯਾਦਵ ਦੀ ਗਾਜ਼ ਡਿਗੀ ਸੀ। ਹੁਣ ਜਦੋਂ ਇਹ ਸਭ ਹੋਣਾ ਹੀ ਸੀ ਤਾਂ ਫਿਰ ਇਹ ਸਾਰੀ ਸਿਰਦਰਦੀ ਕਿਉਂ ਸਹੇੜੀ ਗਈ। ਸਾਰਾ ਨਾਟਕ ਕਿਉਂ ਕੀਤਾ ਗਿਆ, ਕੁਝ ਕਹਿ ਰਹੇ ਹਨ ਕਿ ਸਾਰਾ ਨਾਟਕ ਰਚਿਆ ਗਿਆ। ਨੁੱਕੜਾਂ ''ਤੇ ਚਰਚਾ ਹੈ ਕਿ ਪਿਤਾ ਨੇ ਬੇਟੇ ਨੂੰ ਵਾਰਿਸ ਬਣਾਉਣ ਲਈ ਤਮਾਮ ਦੁਸ਼ਮਣਾਂ ਨੂੰ ਇਕ ਹੀ ਵਾਰ ਨਾਲ ਤਮਾਮ ਕਰ ਦਿੱਤਾ। ਚਾਚਾ ਸ਼ਿਵਪਾਲ ਤੋਂ ਲੈ ਕੇ ਅੰਕਲ ਅਮਰ ਸਿੰਘ ਤਕ ਨੂੰ ਟਿਕਾਣੇ ਲਗਾ ਦਿੱਤਾ। ਅਖਿਲੇਸ਼ ਦੀ ਦਿੱਖ ਅਚਾਨਕ ਪਾਕ-ਸਾਫ ਹੋ ਗਈ। ਭ੍ਰਿਸ਼ਟਾਚਾਰ ਦੇ ਤਮਾਮ ਦੋਸ਼ ਸ਼ਿਵਪਾਲ ਦੇ ਸਿਰ ਮੜ੍ਹ ਦਿੱਤੇ ਗਏ। ਦਲਾਲੀ ਦੇ ਦੋਸ਼ ਅਮਰ ਸਿੰਘ ਦੀ ਪਿੱਠ ''ਤੇ ਲੱਦ ਦਿੱਤੇ ਗਏ। ਸਾਢੇ ਚਾਰ ਮੁੱਖ ਮੰਤਰੀ ਵਾਲੇ ਸੂਬੇ ''ਚ ਚਾਰੇ ਚਾਰੋਂ ਖਾਨੇ ਚਿੱਤ ਹੋਏ ਅਤੇ ਅੱਧਾ ਨੇਤਾ ਟੀਪੂ ਸੁਲਤਾਨ ਬਣ ਗਿਆ।
ਹੁਣ ਅਖਿਲੇਸ਼ ਦੀ ਦਿੱਖ ਇਕ ਅਜਿਹੇ ਟ੍ਰੇਨੀ ਮੁੱਖ ਮੰਤਰੀ ਦੀ ਹੈ, ਜੋ ਚਾਚਾ ਤੇ ਪਿਤਾ ਨਾਲ ਜੂਝਦਾ ਰਿਹਾ ਪਰ ਵਿਕਾਸ ਦੇ ਕੰਮ ਕਰਵਾਉਂਦਾ ਰਿਹਾ। ਇਕ ਅਜਿਹਾ ਮੁੱਖ ਮੰਤਰੀ, ਜੋ ਨੌਜਵਾਨਾਂ ਅਤੇ ਔਰਤਾਂ ''ਚ ਲੋਕਪ੍ਰਿਯ ਹੈ। ਇਕ ਅਜਿਹਾ ਮੁੱਖ ਮੰਤਰੀ, ਜੋ ਕੁਝ ਕਰਨਾ ਚਾਹੁੰਦਾ ਹੈ ਅਤੇ ਕੁਝ ਕਰਨ ਦਾ ਮਾਦਾ ਵੀ ਰੱਖਦਾ ਹੈ ਪਰ ਵੱਡਾ ਸਵਾਲ ਇਹ ਹੈ ਕਿ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਕੀ ਅਖਿਲੇਸ਼ ਯਾਦਵ ਇਕ ਵਾਰ ਫਿਰ ਤੋਂ ਮੁੱਖ ਮੰਤਰੀ ਬਣ ਸਕਣਗੇ। ਕੀ ਕਾਂਗਰਸ ਅਤੇ ਅਜਿਤ ਸਿੰਘ ਦੀ ਪਾਰਟੀ ਆਰ. ਐੱਲ. ਡੀ. ਦੇ ਨਾਲ ਦਾ ਗੱਠਜੋੜ ਬਿਹਾਰ ਵਰਗੇ ਮਹਾਗੱਠਜੋੜ ਦੀ ਸ਼ਕਲ ਲੈ ਸਕੇਗਾ। ਕੀ ਮੁਸਲਿਮ ਵੋਟਰ ਹੁਣ ਅੱਖਾਂ ਮੀਟ ਕੇ ਇਸ ਗੱਠਜੋੜ ''ਚ ਯਕੀਨ ਕਰਨ ਲੱਗਣਗੇ।
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੱਸ ਸਕਣਾ ਮੁਸ਼ਕਿਲ ਹੈ ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਤਿੰਨ ਮਹੀਨੇ ਪਹਿਲਾਂ ਅਖਿਲੇਸ਼ ਕਿਤੇ ਰੇਸ ''ਚ ਵੀ ਦਿਖਾਈ ਨਹੀਂ ਦੇ ਰਹੇ ਸਨ। ਉਦੋਂ ਮਾਇਆਵਤੀ ਅੱਗੇ ਚੱਲ ਰਹੀ ਸੀ ਪਰ ਹੁਣ ਦੋ ਹੀ ਪਾਰਟੀਆਂ ਦੇ ਦੋ ਹੀ ਨੇਤਾਵਾਂ ਦੀ ਗੱਲ ਹੋ ਰਹੀ ਹੈ। ਅਖਿਲੇਸ਼ ਯਾਦਵ ਬਨਾਮ ਨਰਿੰਦਰ ਮੋਦੀ ਹੋਣ ਲੱਗੀ ਹੈ ਸਾਰੀ ਚੋਣ। ਹਾਲਾਂਕਿ ਇਥੇ ਇਕ ਵਰਗ ਦਾ ਇਹ ਵੀ ਕਹਿਣਾ ਹੈ ਕਿ ਮਾਇਆਵਤੀ ਦਾ ਵੋਟਰ ਆਮ ਤੌਰ ''ਤੇ ਸ਼ਾਂਤ ਰਹਿੰਦਾ ਹੈ ਅਤੇ ਉਸ ਦੀ ਖਾਮੋਸ਼ੀ ਦੋਵਾਂ ਖੇਮਿਆਂ ਨੂੰ ਉਖਾੜ ਸਕਣ ਦੀ ਤਾਕਤ ਰੱਖਦੀ ਹੈ। ਚਲੋ ਇਕ ਵਾਰ ਮੰਨ ਲਿਆ ਜਾਵੇ ਕਿ ਮੁਕਾਬਲਾ ਅਖਿਲੇਸ਼ ਅਤੇ ਮੋਦੀ ਵਿਚਾਲੇ ਹੋਵੇਗਾ ਤਾਂ ਕੀ ਇਹ ਵੀ ਮੰਨ ਲਿਆ ਜਾਵੇ ਕਿ ਦੋਹਾਂ ਨੇਤਾਵਾਂ ਵਲੋਂ ਕੀਤੇ ਗਏ ਕੰਮ ਕੀ ਵੋਟ ਦਾ ਆਧਾਰ ਬਣਨਗੇ? ਪਿਛਲੇ ਦਿਨੀਂ ਪੱਛਮੀ ਯੂ. ਪੀ. ਦੇ ਦੌਰੇ ਤੋਂ ਤਾਂ ਅਜਿਹਾ ਲੱਗਦਾ ਨਹੀਂ। ਪੂਰੀ ਚੋਣ ਜਾਤ ''ਤੇ ਲੜੀ ਜਾਵੇਗੀ। ਅਜਿਹਾ ਅਹਿਸਾਸ ਸਾਫ-ਸਾਫ ਹੋ ਰਿਹਾ ਹੈ। ਤੁਸੀਂ ਨਾਂ ਨਾ ਪੁੱਛੋ। ਤੁਸੀਂ ਜਾਤ ਪੁੱਛੋ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਜਾਤ ਦੇ ਹਿਸਾਬ ਨਾਲ ਵੋਟ ਦੇਣ ਦੀ ਰਵਾਇਤ ਇਸ ਵਾਰ ਵੀ ਨਿਭਾਈ ਜਾਵੇਗੀ।
ਰਾਜਨੀਤੀ ''ਚ ਦੋ ਅਤੇ ਦੋ ਚਾਰ ਵੀ ਹੁੰਦੇ ਹਨ ਤੇ ਪੰਜ ਵੀ ਹੁੰਦੇ ਹਨ। ਕਦੇ-ਕਦੇ ਛੇ ਵੀ ਹੁੰਦੇ ਹਨ। ਬਿਹਾਰ ''ਚ ਮਹਾਗੱਠਜੋੜ ਬਣਿਆ ਤਾਂ ਉਸ ਨੇ ਦੋ ਅਤੇ ਦੋ ਨੂੰ ਛੇ ਕਰ ਦਿੱਤਾ ਸੀ। ਯੂ. ਪੀ. ''ਚ ਕੀ ਹੋ ਸਕੇਗਾ। ਕੀ ਸਾਨੂੰ ਪ੍ਰਿਯੰਕਾ ਗਾਂਧੀ ਅਤੇ ਡਿੰਪਲ ਯਾਦਵ ਇਕ ਮੰਚ ''ਤੇ ਇਕ-ਦੂਜੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕਰਦੀਆਂ ਦਿਖਾਈ ਦੇਣਗੀਆਂ। ਕੀ ਸਾਨੂੰ ਇਕ ਹੀ ਮੰਚ ''ਤੇ ਅਖਿਲੇਸ਼ ਯਾਦਵ, ਰਾਹੁਲ ਗਾਂਧੀ ਅਤੇ ਜੈਯੰਤ ਭਾਸ਼ਣ ਦਿੰਦੇ ਦਿਖਾਈ ਦੇਣਗੇ।
ਇਸ ਤੋਂ ਵੀ ਵੱਡੀ ਗੱਲ ਕਿ ਕੀ ਸਾਨੂੰ ਮੁਲਾਇਮ ਸਿੰਘ ਅਤੇ ਅਖਿਲੇਸ਼ ਯਾਦਵ ਇਕ ਹੀ ਮੰਚ ''ਤੇ ਨਜ਼ਰ ਆਉਣਗੇ ਜਾਂ ਮੁਲਾਇਮ ਸਿੰਘ ਵੱਖਰੇ ਤੌਰ ''ਤੇ ਵੀ ਅਖਿਲੇਸ਼ ਨੂੰ ਵੋਟ ਦੇਣ ਦੀ ਅਪੀਲ ਕਰਦੇ ਨਜ਼ਰ ਆਉਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਅਤੇ ਬੀ. ਐੱਸ. ਪੀ. ਦੀ ਨੀਂਦ ਉੱਡਣੀ ਤੈਅ ਹੈ ਪਰ ਜੇਕਰ ਗੱਠਜੋੜ ਸਿਰਫ ਕਾਗਜ਼ੀ ਹੁੰਦਾ ਹੈ। ਜੇਕਰ ਪਿਛਲੀ ਵਾਰ ਦੀਆਂ ਚੋਣਾਂ ਦੇ ਹਿਸਾਬ ਨਾਲ ਸਪਾ 30 ਫੀਸਦੀ, ਕਾਂਗਰਸ 12 ਫੀਸਦੀ ਅਤੇ ਆਰ. ਐੱਲ. ਡੀ. 2 ਫੀਸਦੀ ਦਾ ਜੋੜ ਸਾਹਮਣੇ ਰੱਖ ਦਿੱਤਾ ਜਾਂਦਾ ਹੈ ਤਾਂ ਦੋ ਅਤੇ ਦੋ ਚਾਰ ਹੋ ਜਾਣ, ਅਜਿਹਾ ਜ਼ਰੂਰੀ ਨਹੀਂ ਹੋਵੇਗਾ। ਗੱਠਜੋੜ ਦਾ ਅਰਥਮੈਟਿਕ ਹੁੰਦਾ ਹੈ ਪਰ ਉਸ ਤੋਂ ਜ਼ਿਆਦਾ ਵੱਡੀ ਕੈਮਿਸਟਰੀ ਹੁੰਦੀ ਹੈ, ਜਦੋਂ ਇਹ ਕੈਮਿਸਟਰੀ ਗੱਠਜੋੜਾਂ ਦੇ ਧੜਿਆਂ ਦੇ ਨਾਲ-ਨਾਲ ਜਨਤਾ ਨਾਲ ਵੀ ਜੁੜ ਜਾਂਦੀ ਹੈ ਤਾਂ ਸਾਨੂੰ ਬਿਹਾਰ ਵਰਗੇ ਨਤੀਜੇ ਦਿਸਦੇ ਹਨ, ਜਿਥੇ ਗੱਠਜੋੜ ਲੱਗਭਗ ਤਿੰਨ-ਚੌਥਾਈ ਬਹੁਮਤ ਹਥਿਆਉਣ ''ਚ ਕਾਮਯਾਬ ਹੋਇਆ ਸੀ। ਯੂ. ਪੀ. ''ਚ 30 ਫੀਸਦੀ ਵੋਟਾਂ ''ਤੇ ਲੋਕ ਸੱਤਾ ਹਾਸਿਲ ਕਰਦੇ ਹਨ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ  ਭਾਜਪਾ ਕਾਗਜ਼ਾਂ ''ਚ ਸਭ ਤੋਂ ਚੰਗੀ ਸਥਿਤੀ ''ਚ ਹੈ। ਉਸ ਕੋਲ ਪਿਛਲੀਆਂ ਲੋਕ ਸਭਾ ਚੋਣਾਂ ''ਚ 43 ਫੀਸਦੀ ਵੋਟਾਂ ਸਨ। ਹੁਣ ਜੇਕਰ ਇਸ ''ਚੋਂ 10 ਫੀਸਦੀ ਵੀ ਸਾਥ ਛੱਡ ਗਏ ਤਾਂ ਵੀ ਉਸ ਨੂੰ ਆਰਾਮ ਨਾਲ ਚੋਣ ਕੱਢ ਲੈਣੀ ਚਾਹੀਦੀ ਹੈ ਪਰ ਬੀ. ਜੇ. ਪੀ. ਨੂੰ ਵੀ ਪਤਾ ਹੈ ਕਿ ਸਿਆਸਤ ''ਚ ਦੋ ਅਤੇ ਦੋ ਹਮੇਸ਼ਾ ਚਾਰ ਨਹੀਂ ਹੁੰਦੇ।
ਹੁਣ ਤਕ ਦੇ ਸਰਵੇ ਯੂ. ਪੀ. ''ਚ ਤ੍ਰਿਸ਼ੰਕੂ ਵਿਧਾਨ ਸਭਾ ਦੇ ਗੱਠਜੋੜ ਦੀ ਗੱਲ ਕਰ ਰਹੇ ਹਨ, ਜਿਥੇ ਬੀ. ਜੇ. ਪੀ. ਸਭ ਤੋਂ ਵੱਡੀ ਪਾਰਟੀ ਦੇ ਰੂਪ ''ਚ ਉੱਭਰ ਸਕਦੀ ਹੈ। ਇਹ ਸਰਵੇ ਉਦੋਂ ਤੈਅ ਕੀਤੇ ਗਏ ਸਨ, ਜਦੋਂ ਮੁਲਾਇਮ ਖੇਮੇ ''ਚ ਝਗੜਾ ਉਬਾਲ ''ਤੇ ਸੀ। ਸਵਾਲ ਉੱਠਦਾ ਹੈ ਕਿ ਹੁਣ ਜਦੋਂ ਸਭ ਕੁਝ ਲੱਗਭਗ ਸਾਫ ਹੋ ਗਿਆ ਹੈ ਤਾਂ ਇਸ ਨਾਲ ਬੀ. ਜੇ. ਪੀ. ਦਾ ਨਫਾ-ਨੁਕਸਾਨ ਕੀ ਹੋਣ ਵਾਲਾ ਹੈ। ਏ. ਬੀ. ਪੀ. ਨਿਊਜ਼ ਸੀ. ਐੱਸ. ਡੀ. ਐੱਸ. ਦਾ ਸਰਵੇ ਦੱਸਦਾ ਹੈ ਕਿ ਮੁਲਾਇਮ ਦੀ ਪਾਰਟੀ ''ਚ ਫੁੱਟ ਪੈਣ ਦੀ ਸੂਰਤ ''ਚ ਬੀ. ਜੇ. ਪੀ. ਨੂੰ ਫਾਇਦਾ ਹੋਵੇਗਾ ਪਰ ਇਥੇ ਫੁੱਟ ਤਾਂ ਪਈ ਹੈ ਪਰ ਦੋਵੇਂ ਵੱਖ-ਵੱਖ ਚੋਣ ਮੈਦਾਨ ''ਚ ਉਤਰ ਨਹੀਂ ਰਹੇ ਹਨ। ਲਿਹਾਜ਼ਾ ਬੀ. ਜੇ. ਪੀ. ਨੂੰ ਸੰਭਾਵਿਤ ਲਾਭ ਮਿਲਣ ''ਚ ਦਿੱਕਤ ਵੀ ਆ ਸਕਦੀ ਹੈ। ਬੀ. ਜੇ. ਪੀ. ਨੇ ਆਪਣੀ ਪਹਿਲੀ ਸੂਚੀ ''ਚ ਗ਼ੈਰ-ਯਾਦਵ ਓ. ਬੀ. ਸੀ. ਅਤੇ ਗੈਰ-ਜਾਟ ਦਲਿਤ ਵੋਟਾਂ ਦਾ ਜ਼ਿਆਦਾ ਧਿਆਨ ਰੱਖਿਆ ਹੈ।
ਇਕ ਵੀ ਮੁਸਲਮਾਨ ਨੂੰ ਟਿਕਟ ਨਾ ਦੇ ਕੇ ਵੀ ਆਪਣੇ ਇਰਾਦੇ ਸਾਫ ਕਰ ਦਿੱਤੇ ਹਨ। ਉਸ ਨੂੰ ਯਕੀਨ ਹੈ ਕਿ ਸੌ ਮੁਸਲਿਮ ਉਮੀਦਵਾਰ ਉਸ ਦਾ ਕੰਮ ਆਸਾਨ ਕਰ ਦੇਣਗੇ ਪਰ ਉਸ ਨੂੰ ਡਰ ਹੈ ਕਿ ਜੇਕਰ ਸੰਭਾਵਿਤ ਗੱਠਜੋੜ ''ਤੇ ਮੁਸਲਿਮ ਯਕੀਨ ਕਰਨ ਲੱਗਾ ਤਾਂ ਮਾਇਆਵਤੀ ਦੀ ਸੋਸ਼ਲ ਇੰਜੀਨੀਅਰਿੰਗ ਤਾਂ ਪੂਰੀ ਤਰ੍ਹਾਂ ਪਿੱਟ ਹੀ ਜਾਵੇਗੀ। ਨਾਲ ਹੀ ਬੀ. ਜੇ. ਪੀ. ਦਾ ਕਮਲ   ਵੀ ਮੁਰਝਾ ਜਾਵੇਗਾ। ਹਾਂ, ਜੇਕਰ ਮੋਦੀ ਦਾ ਜਾਦੂ ਚੱਲਿਆ, ਨੋਟਬੰਦੀ ਦਾ ਸਾਕਾਰਾਤਮਕ ਅਸਰ ਹੋਇਆ, ਮੁਸਲਿਮ ਵੋਟ ਵੰਡੀ ਗਈ, ਗੈਰ-ਯਾਦਵ ਓ. ਬੀ. ਸੀ. ਅਤੇ ਗੈਰ-ਜਾਟਵ ਦਲਿਤਾਂ ਨੂੰ ਤੋੜਨ ''ਚ ਬੀ. ਜੇ. ਪੀ. ਕਾਮਯਾਬ ਹੋਈ ਤਾਂ ਯੂ. ਪੀ. ''ਚ ਕਮਲ ਖਿੜ ਸਕਦਾ ਹੈ। ਵੱਡਾ ਸਵਾਲ ਇਹੀ ਹੈ ਕਿ ਕੀ ਇੰਨੇ ਸਾਰੇ ਅਗਰ-ਮਗਰ ਨਾਲ ਚੋਣ ਜਿੱਤੀ ਜਾ ਸਕਦੀ ਹੈ। ਹੋਰਨਾਂ ਥਾਵਾਂ ਦਾ ਤਾਂ ਪਤਾ ਨਹੀਂ ਪਰ ਯੂ. ਪੀ. ''ਚ ਸ਼ਾਇਦ ਜਿੱਤੀ ਵੀ ਜਾ ਸਕਦੀ ਹੈ।  vijayv@abpnews.in


Related News