ਸੂਰਯਕੁਮਾਰ ਦੀ ਵਾਪਸੀ ਨਾਲ ਮੁੰਬਈ ਨੂੰ ਮਿਲੇਗੀ ਮਜ਼ਬੂਤੀ, ਦਿੱਲੀ ਵੀ ਆਪਣੀ ਮੁਹਿੰਮ ਪੱਟੜੀ ’ਤੇ ਲਿਆਉਣ ਲਈ ਬੇਕਰਾਰ
Saturday, Apr 06, 2024 - 08:11 PM (IST)
ਮੁੰਬਈ– ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਆਪਣੀ ਮੁਹਿੰਮ ਪੱਟੜੀ ’ਤੇ ਲਿਆਉਣ ਲਈ ਐਤਵਾਰ ਨੂੰ ਜਦੋਂ ਇੱਥੇ ਇਕ-ਦੂਜੇ ਦਾ ਸਾਹਮਣਾ ਕਰਨਗੇ ਤਾਂ ਨਜ਼ਰਾਂ ਸੂਰਯਕੁਮਾਰ ਯਾਦਵ ’ਤੇ ਟਿਕੀਆਂ ਹੋਣਗੀਆਂ ਜਿਹੜੀ ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰ ਰਿਹਾ ਹੈ। ਮੁੰਬਈ ਨੇ ਅਜੇ ਤਕ ਆਪਣੇ ਤਿੰਨੇ ਮੈਚ ਗੁਆਏ ਹਨ ਤੇ ਉਹ ਅੰਕ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ ’ਤੇ ਹੈ। ਦਿੱਲੀ ਦੀ ਸਥਿਤੀ ਵਿਚ ਚੰਗੀ ਨਹੀਂ ਹੈ ਤੇ 4 ਮੈਚਾਂ ਵਿਚੋਂ ਇਕ ਜਿੱਤ ਨਾਲ ਉਹ 10 ਟੀਮਾਂ ਦੀ ਅੰਕ ਸੂਚੀ ਵਿਚ 9ਵੇਂ ਸਥਾਨ ’ਤੇ ਹੈ। ਇਸ ਤਰ੍ਹਾਂ ਨਾਲ ਦੋਵੇਂ ਟੀਮਾਂ ’ਤੇ ਵਾਪਸੀ ਕਰਨ ਦਾ ਦਬਾਅ ਹੈ।
ਸੂਰਯਕੁਮਾਰ ਇਸ ਮੈਚ ਵਿਚ ਵਾਪਸੀ ਕਰ ਸਕਦਾ ਹੈ ਤੇ ਆਈ. ਪੀ. ਐੱਲ. ਦੇ ਤੁਰੰਤ ਬਾਅਦ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਉਸਦੇ ਪ੍ਰਦਰਸ਼ਨ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਸੂਰਯਕੁਮਾਰ ਜ਼ਖ਼ਮੀ ਹੋਣ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਬਾਹਰ ਹੈ। ਉਸ ਨੇ ਸ਼ੁੱਕਰਵਾਰ ਨੂੰ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ ਤੇ ਉਹ ਕਿਸੇ ਵੀ ਤਰ੍ਹਾਂ ਨਾਲ ਅਸਹਿਜ ਨਹੀਂ ਦਿਸਿਆ ਸੀ। ਮੁੰਬਈ ਦੀ ਟੀਮ ਨੇ ਅਜੇ ਤਕ ਹਰ ਵਿਭਾਗ ਵਿਚ ਖਰਾਬ ਪ੍ਰਦਰਸ਼ਨ ਕੀਤਾ ਹੈ।
ਉੱਥੇ ਹੀ, ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੇ ਪਿਛਲੇ ਦੋ ਮੈਚਾਂ ਵਿਚ ਅਰਧ ਸੈਂਕੜਾ ਲਾ ਕੇ ਲੈਅ ਹਾਸਲ ਕਰ ਲਈ ਹੈ ਪਰ ਉਸ ਨੂੰ ਦੂਜੇ ਪਾਸੇ ਤੋਂ ਸਹਿਯੋਗ ਨਹੀਂ ਮਿਲ ਰਿਹਾ। ਦਿੱਲੀ ਦੇ ਗੇਂਦਬਾਜ਼ਾਂ ਨੇ ਪਿਛਲੇ ਮੈਚ ਵਿਚ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ ਸੀ। ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ਾਂ ਨੇ ਉਸਦਾ ਰੱਜ ਕੇ ‘ਕੁਟਾਪਾ’ ਚਾੜ੍ਹਿਆ ਤੇ 7 ਵਿਕਟਾਂ ’ਤੇ 272 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ ਸੀ। ਇਸਦੇ ਜਵਾਬ ਵਿਚ ਦਿੱਲੀ ਦੀ ਟੀਮ 166 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਮੁੰਬਈ ਵਿਰੁੱਧ ਉਹ ਇਸ ਮੈਚ ਨੂੰ ਭੁੱਲ ਕੇ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਦਿੱਲੀ ਨੂੰ ਡੇਵਿਡ ਵਾਰਨਰ ਤੋਂ ਵੱਡੀ ਪਾਰੀ ਦੀ ਉਮੀਦ ਹੋਵੇਗੀ।