ਇਸ ਚੋਣ ’ਚ ਮੁੱਦੇ ਅਤੇ ਮਾਹੌਲ ਕੀ ਹੈ?

Monday, Apr 15, 2024 - 05:27 PM (IST)

ਇਸ ਚੋਣ ’ਚ ਮੁੱਦੇ ਅਤੇ ਮਾਹੌਲ ਕੀ ਹੈ?

ਇਸ ਵਾਰ ਦੀਆਂ ਚੋਣਾਂ ਬਿਲਕੁਲ ਫਿੱਕੀਆਂ ਹਨ। ਇਕ ਪਾਸੇ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਹਿੰਦੂਆਂ, ਮੁਸਲਮਾਨਾਂ, ਕਾਂਗਰਸ ਦੀਆਂ ਨਾਕਾਮੀਆਂ ਨੂੰ ਹੀ ਚੋਣ ਮੁੱਦਾ ਬਣਾ ਰਹੀ ਹੈ, ਉਥੇ ਹੀ ਚਾਰ ਦਹਾਕਿਆਂ ’ਚ ਵਧੀ ਸਭ ਤੋਂ ਵੱਧ ਬੇਰੋਜ਼ਗਾਰੀ, ਕਿਸਾਨਾਂ ਨੂੰ ਫਸਲਾਂ ਦੀ ਢੁੱਕਵੀਂ ਕੀਮਤ ਨਾ ਮਿਲਣੀ, ਬੇਹੱਦ ਮਹਿੰਗਾਈ ਅਤੇ ਸਭ ਉਨ੍ਹਾਂ ਵਾਅਦਿਆਂ ਨੂੰ ਪੂਰਾ ਨਾ ਕਰਨਾ ਜੋ ਮੋਦੀ ਜੀ ਨੇ 2014 ਅਤੇ 2019 ’ਚ ਕੀਤੇ ਸਨ-ਅਜਿਹੇ ਮੁੱਦੇ ਹਨ ਜਿਨ੍ਹਾਂ ’ਤੇ ਭਾਜਪਾ ਦੀ ਲੀਡਰਸ਼ਿਪ ਚੋਣ ਜਲਸਿਆਂ ’ਚ ਕੋਈ ਗੱਲ ਹੀ ਨਹੀਂ ਕਰ ਰਹੀ। ‘ਸਬਕਾ ਸਾਥ, ਸਬਕਾ ਵਿਕਾਸ’ ਨਾਅਰੇ ਦੇ ਬਾਵਜੂਦ ਸਮਾਜ ਵਿਚ ਜਿਹੜਾ ਪਾੜਾ ਪੈਦਾ ਹੋਇਆ ਹੈ, ਉਹ ਚਿੰਤਾਜਨਕ ਹੈ। ਦਿਲਚਸਪ ਗੱਲ ਇਹ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਮੋਦੀ ਜੀ ਨੇ ਗੁਜਰਾਤ ਮਾਡਲ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਵਿਕਾਸ ਦੇ ਮੁੱਦੇ ’ਤੇ ਲੜੀਆਂ ਸਨ। ਪਤਾ ਨਹੀਂ 2019 ’ਚ ਅਤੇ ਇਸ ਵਾਰ ਕਿਉਂ ਉਹ ਇਨ੍ਹਾਂ ਵਿਚੋਂ ਕਿਸੇ ਵੀ ਮੁੱਦੇ ’ਤੇ ਗੱਲ ਨਹੀਂ ਕਰ ਰਹੇ, ਇਸ ਲਈ ਦੇਸ਼ ਦੇ ਕਿਸਾਨ, ਮਜ਼ਦੂਰ, ਕਰੋੜਾਂ ਬੇਰੋਜ਼ਗਾਰ ਨੌਜਵਾਨ, ਛੋਟੇ ਵਪਾਰੀ ਅਤੇ ਇਥੋਂ ਤੱਕ ਕਿ ਉਦਯੋਗਪਤੀ ਵੀ ਮੋਦੀ ਜੀ ਦੇ ਭਾਸ਼ਣਾਂ ’ਚ ਦਿਲਚਸਪੀ ਨਹੀਂ ਲੈ ਰਹੇ।

ਉਨ੍ਹਾਂ ਨੂੰ ਲੱਗਦਾ ਹੈ ਕਿ ਮੋਦੀ ਜੀ ਨੇ ਉਨ੍ਹਾਂ ਨੂੰ ਵਾਅਦਿਆਂ ਮੁਤਾਬਕ ਕੁਝ ਵੀ ਨਹੀਂ ਦਿੱਤਾ, ਸਗੋਂ ਬਹੁਤ ਸਾਰੇ ਮਾਮਲਿਆਂ ਵਿਚ ਤਾਂ ਜੋ ਕੁਝ ਉਨ੍ਹਾਂ ਕੋਲ ਸੀ, ਉਹ ਵੀ ਵਾਪਸ ਲੈ ਲਿਆ। ਇਸ ਲਈ ਵੋਟਰਾਂ ਦਾ ਇਹ ਵਿਸ਼ਾਲ ਵਰਗ ਭਾਜਪਾ ਸਰਕਾਰ ਦੇ ਵਿਰੁੱਧ ਹੈ। ਇਹ ਵੱਖਰੀ ਗੱਲ ਹੈ ਕਿ ਉਹ ਆਪਣਾ ਵਿਰੋਧ ਖੁੱਲ੍ਹ ਦੇ ਪ੍ਰਗਟ ਨਹੀਂ ਕਰ ਰਿਹਾ। ਇਥੇ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਪ੍ਰਤੀ ਵਿਅਕਤੀ ਹਰ ਮਹੀਨੇ 5 ਕਿਲੋ ਅਨਾਜ ਮੁਫਤ ਵੰਡਣ ਦਾ ਮੋਦੀ ਜੀ ਦਾ ਫਾਰਮੂਲਾ ਅਸਰਦਾਰ ਰਿਹਾ ਹੈ। ਜਿਨ੍ਹਾਂ ਨੂੰ ਇਹ ਅਨਾਜ ਮਿਲ ਰਿਹਾ ਹੈ, ਉਹ ਕਹਿੰਦੇ ਹਨ ਕਿ ਇਸ ਤੋਂ ਪਹਿਲਾਂ ਕਦੇ ਕਿਸੇ ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਦਿੱਤਾ, ਇਸ ਲਈ ਉਹ ਮੋਦੀ ਜੀ ਦੀ ਹਮਾਇਤ ਕਰ ਰਹੇ ਹਨ। ਇਸ ਮੁੱਦੇ ’ਤੇ ਬੁੱਧੀਜੀਵੀਆਂ ਅਤੇ ਅਰਥਸ਼ਾਸਤਰੀਆਂ ਦੀ ਰਾਇ ਵੱਖਰੀ ਹੈ। ਉਹ ਕਹਿੰਦੇ ਹਨ ਕਿ ਜੇ ਮੋਦੀ ਜੀ ਨੇ ਆਪਣੇ ਵਾਅਦੇ ਮੁਤਾਬਕ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੁੰਦਾ ਤਾਂ ਹੁਣ ਤੱਕ 20 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਗਿਆ ਹੁੰਦਾ। ਫਿਰ ਹਰ ਨੌਜਵਾਨ ਆਪਣੇ ਪਰਿਵਾਰ ਦੇ ਘੱਟੋ-ਘੱਟ 5 ਮੈਂਬਰਾਂ ਦਾ ਪਾਲਣ-ਪੋਸ਼ਣ ਕਰ ਲੈਂਦਾ। ਇਸ ਤਰ੍ਹਾਂ ਭਾਰਤ ਦੇ 100 ਕਰੋੜ ਲੋਕ ਸਤਿਕਾਰ ਭਰੀ ਜ਼ਿੰਦਗੀ ਬਿਤਾ ਰਹੇ ਹੁੰਦੇ, ਜਦੋਂ ਕਿ ਅੱਜ 80 ਕਰੋੜ ਲੋਕ 5 ਕਿਲੋ ਰਾਸ਼ਨ ਲਈ ਭੀਖ ਦਾ ਕਟੋਰਾ ਲੈ ਕੇ ਜ਼ਿੰਦਗੀ ਬਿਤਾ ਰਹੇ ਹਨ।

ਦੂਜੇ ਪਾਸੇ ਉਹ ਲੋਕ ਹਨ ਜੋ ਮੋਦੀ ਜੀ ਦੇ ਅੰਧਭਗਤ ਹਨ। ਉਹ ਹਰ ਹਾਲਤ ਵਿਚ ਮੋਦੀ ਸਰਕਾਰ ਨੂੰ ਮੁੜ ਲਿਆਉਣਾ ਚਾਹੁੰਦੇ ਹਨ। ਉਹ ਮੋਦੀ ਜੀ ਦੇ 400 ਪਾਰ ਵਾਲੇ ਨਾਅਰੇ ਤੋਂ ਆਤਮ-ਮੁਗਧ ਹਨ। ਮੋਦੀ ਸਰਕਾਰ ਦੀਆਂ ਸਭ ਨਾਕਾਮੀਆਂ ਨੂੰ ਉਹ ਸਾਬਕਾ ਕਾਂਗਰਸ ਸਰਕਾਰ ਦੇ ਮੱਥੇ ਮੜ੍ਹ ਕੇ ਆਪਣਾ ਖਹਿੜਾ ਛੁਡਵਾ ਲੈਂਦੇ ਹਨ। ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਉਨ੍ਹਾਂ ਕੋਲ ਨਹੀਂ ਹੈ। ਅਜੇ ਇਹ ਦੱਸਣਾ ਅਸੰਭਵ ਹੈ ਕਿ ਇਸ ਜ਼ੋਰਦਾਰ ਟੱਕਰ ’ਚ ਊਠ ਕਿਸ ਕਰਵਟ ਬੈਠੇਗਾ। ਕੀ ਵਿਰੋਧੀ ਧਿਰ ਦੀ ਅਗਵਾਈ ’ਚ ਗੱਠਜੋੜ ਦੀ ਸਰਕਾਰ ਬਣੇਗੀ ਜਾਂ ਮੋਦੀ ਜੀ ਦੀ? ਸਰਕਾਰ ਕਿਸੇ ਦੀ ਵੀ ਬਣੇ, ਚੁਣੌਤੀਆਂ ਦੋਹਾਂ ਸਾਹਮਣੇ ਵੱਡੀਆਂ ਹੋਣਗੀਆਂ। ਮੰਨ ਲਓ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਕੀ ਹਿੰਦੂਤਵ ਦੇ ਏਜੰਡੇ ਨੂੰ ਕਿਸੇ ਹਮਲਾਵਰ ਢੰਗ ਨਾਲ, ਬਿਨਾਂ ਸਨਾਤਨ ਕਦਰਾਂ-ਕੀਮਤਾਂ ਦੀ ਪ੍ਰਵਾਹ ਕੀਤੇ, ਬਿਨਾਂ ਸੱਭਿਆਚਾਰਕ ਰਵਾਇਤਾਂ ਦਾ ਪਾਲਣ ਕੀਤੇ ਸਭ ’ਤੇ ਠੋਸਿਆ ਜਾਏਗਾ ਜਿਵੇਂ ਕਿ ਬੀਤੇ 10 ਸਾਲਾਂ ’ਚ ਠੋਸਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਾ ਮੋਦੀ ਜੀ ਨੂੰ ਸੀਮਤ ਮਾਤਰਾ ’ਚ ਲਾਭ ਬੇਸ਼ੱਕ ਮਿਲ ਜਾਏ, ਹਿੰਦੂ ਧਰਮ ਅਤੇ ਸੰਸਕ੍ਰਿਤੀ ਨੂੰ ਸਥਾਈ ਲਾਭ ਨਹੀਂ ਮਿਲੇਗਾ।

ਭਾਜਪਾ ਅਤੇ ਸੰਘ ਦੋਵੇਂ ਹੀ ਹਿੰਦੂ ਧਰਮ ਲਈ ਸਮਰਪਿਤ ਹੋਣ ਦਾ ਦਾਅਵਾ ਕਰਦੇ ਹਨ ਪਰ ਸਨਾਤਨ ਹਿੰਦੂ ਧਰਮ ਦੇ ਮੂਲ ਸਿਧਾਂਤਾਂ ਤੋਂ ਪਰਹੇਜ਼ ਕਰਦੇ ਹਨ। ਸੈਂਕੜੇ ਸਾਲਾਂ ਤੋਂ ਹਿੰਦੂ ਧਰਮ ਦੇ ਥੰਮ੍ਹ ਰਹੇ ਸ਼ੰਕਰਾਚਾਰੀਆ ਇਹ ਮੰਨਦੇ ਹਨ ਕਿ ਜਿਸ ਤਰ੍ਹਾਂ ਦਾ ਹਿੰਦੂਤਵ ਮੋਦੀ ਅਤੇ ਯੋਗੀ ਰਾਜ ਵਿਚ ਪਿਛਲੇ ਕੁਝ ਸਾਲਾਂ ’ਚ ਪ੍ਰਚਾਰਿਤ ਅਤੇ ਪ੍ਰਸਾਰਿਤ ਕੀਤਾ ਗਿਆ, ਉਸ ਕਾਰਨ ਹੀ ਹਿੰਦੂ ਧਰਮ ਦਾ ਮਜ਼ਾਕ ਉੱਡਿਆ ਹੈ। ਸਿਰਫ ਨਾਅਰਿਆਂ ਅਤੇ ਜੁਮਲਿਆਂ ਨਾਲ ਹੀ ਹਿੰਦੂ ਧਰਮ ਦਾ ਰੌਲਾ ਪਾਇਆ ਗਿਆ। ਹਾਂ, ਉੱਜੈਨ, ਕਾਸ਼ੀ, ਅਯੁੱਧਿਆ, ਕੇਦਾਰਨਾਥ ਆਦਿ ਧਾਰਮਿਕ ਥਾਵਾਂ ’ਤੇ ਭਗਵਾਨ ਦੇ ਵਿਸ਼ਾਲ ਮੰਦਰਾਂ ਦੀ ਉਸਾਰੀ ਨਾਲ ਹਿੰਦੂ ਸਮਾਜ ਵਿਚ ਆਪਣੀ ਪਛਾਣ ਲਈ ਜਾਗਰੂਕਤਾ ਵਧੀ ਹੈ। ਇਸ ਤੋਂ ਇਲਾਵਾ ਜ਼ਮੀਨ ’ਤੇ ਠੋਸ ਅਜਿਹਾ ਕੁਝ ਵੀ ਨਹੀਂ ਹੋਇਆ ਜਿਸ ਰਾਹੀਂ ਇਹ ਸਨਾਤਨ ਪ੍ਰੰਪਰਾ ਖੁਸ਼ਹਾਲ ਹੁੰਦੀ ਹੈ। ਇਸ ਗੱਲ ਦਾ ਵੀ ਸਾਡੇ ਵਰਗੇ ਸਨਾਤਨ ਧਰਮੀਆਂ ਨੂੰ ਵਧੇਰੇ ਦੁੱਖ ਹੈ ਕਿਉਂਕਿ ਅਸੀਂ ਕਮਿਊਨਿਸਟ ਵਿਚਾਰਾਂ ’ਚ ਭਰੋਸਾ ਨਹੀਂ ਰੱਖਦੇ।

ਸਾਨੂੰ ਲੱਗਦਾ ਹੈ ਕਿ ਭਾਰਤ ਦੀ ਆਤਮਾ ਸਨਾਤਨ ਧਰਮ ’ਚ ਵਸਦੀ ਹੈ ਅਤੇ ਉਹ ਸਨਾਤਨ ਧਰਮ ਵੱਡੇ ਦਿਲ ਵਾਲਾ ਹੈ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਜੀ, ਰੈਦਾਸ ਜੀ, ਭਗਵਾਨ ਮਹਾਵੀਰ ਜੀ, ਮਹਾਤਮਾ ਬੁੱਧ, ਤੁਕਾ ਰਾਮ, ਭਗਤ ਨਾਮਦੇਵ ਜੀ ਸਭ ਲਈ ਗੁੰਜਾਇਸ਼ ਹੈ। ਉਹ ਸੰਘ ਅਤੇ ਭਾਜਪਾ ਵਾਂਗ ਸੌੜੇ ਦਿਲ ਵਾਲਾ ਨਹੀਂ ਹੈ। ਇਸੇ ਲਈ ਹਜ਼ਾਰਾਂ ਸਾਲਾਂ ਤੋਂ ਧਰਤੀ ’ਤੇ ਟਿਕਿਆ ਹੋਇਆ ਹੈ, ਜਦੋਂ ਕਿ ਦੂਜੇ ਧਰਮ ਅਤੇ ਸੰਸਕ੍ਰਿਤੀਆਂ ਆਪਣੀਆਂ ਹੰਕਾਰੀ ਨੀਤੀਆਂ ਕਾਰਨ ਕੁਝ ਸਦੀਆਂ ਪਿੱਛੋਂ ਧਰਤੀ ਦੇ ਪਰਦੇ ਤੋਂ ਗਾਇਬ ਹੋ ਗਈਆਂ। ਸੰਘ ਅਤੇ ਭਾਜਪਾ ਦੇ ਸਿਆਸੀ ਹਿੰਦੂ ਏਜੰਡੇ ਤੋਂ ਉਨ੍ਹਾਂ ਸਭ ਲੋਕਾਂ ਦਾ ਦਿਲ ਟੁੱਟਦਾ ਹੈ ਜੋ ਹਿੰਦੂ ਧਰਮ ਅਤੇ ਸੰਸਕ੍ਰਿਤੀ ਲਈ ਸਮਰਪਿਤ ਹਨ, ਗਿਆਨੀ ਹਨ, ਖੁਸ਼ਹਾਲ ਹਨ ਪਰ ਉਦਾਰਮਨ ਵੀ ਹਨ ਕਿਉਂਕਿ ਅਜਿਹੇ ਲੋਕ ਧਰਮ ਅਤੇ ਸੰਸਕ੍ਰਿਤੀ ਦੀ ਸੇਵਾ ਡੰਡੇ ਨਾਲ ਨਹੀਂ ਸਗੋਂ ਸ਼ਰਧਾ ਅਤੇ ਪ੍ਰੇਮ ਨਾਲ ਕਰਦੇ ਹਨ। ਜਿਸ ਤਰ੍ਹਾਂ ਦੀ ਮਾਨਸਿਕ ਅਰਾਜਕਤਾ ਪਿਛਲੇ 5 ਸਾਲਾਂ ਤੋਂ ਭਾਰਤ ਵਿਚ ਦੇਖਣ ’ਚ ਆਈ ਹੈ, ਉਸ ਨੇ ਭਵਿੱਖ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ।

ਜੇ ਇਹ ਸਭ ਇੰਝ ਹੀ ਚੱਲਿਆ ਤਾਂ ਭਾਰਤ ’ਚ ਦੰਗੇ, ਖੂਨ-ਖਰਾਬਾ ਹੋਰ ਵਧੇਗਾ, ਜਿਸ ਦੇ ਸਿੱਟੇ ਵਜੋਂ ਭਾਰਤ ਦੀ ਵੰਡ ਵੀ ਹੋ ਸਕਦੀ ਹੈ। ਇਸ ਲਈ ਸੰਘ ਅਤੇ ਭਾਜਪਾ ਨੂੰ ਇਸ ਸਬੰਧੀ ਆਪਣਾ ਰੁਖ ਕ੍ਰਾਂਤੀਕਾਰੀ ਰੂਪ ’ਚ ਬਦਲਣਾ ਹੋਵੇ। ਤਦ ਹੀ ਅੱਗੇ ਚੱਲ ਕੇ ਭਾਰਤ ਆਪਣੇ ਧਰਮ ਅਤੇ ਸੰਸਕ੍ਰਿਤੀ ਦੀ ਠੀਕ ਤਰ੍ਹਾਂ ਨਾਲ ਰਖਵਾਲੀ ਕਰ ਸਕੇਗਾ, ਨਹੀਂ ਤਾਂ ਨਹੀਂ। ਫਿਰ ਵੀ ਹਿੰਦੂ ਧਰਮ ਅਤੇ ਸੰਸਕ੍ਰਿਤੀ ਦੀ ਰਾਖੀ ਕਰਨ ਲਈ ਜੇ ਸੰਘ ਦਾ ਸੰਗਠਨ ਸਰਗਰਮ ਰਹਿੰਦਾ ਹੈ ਤਾਂ ਸਨਾਤਨ ਧਰਮੀਆਂ ਨੂੰ ਚੰਗਾ ਲੱਗੇਗਾ।

ਜਿੱਥੋਂ ਤੱਕ ‘ਇੰਡੀਆ’ ਗੱਠਜੋੜ ਦੀ ਗੱਲ ਹੈ, ਇਹ ਹੈਰਾਨੀਜਨਕ ਤੱਥ ਹੈ ਕਿ ਸਮਾਂ ਅਤੇ ਮੌਕਾ ਦੋਵੇਂ ਹੀ ਢੁੱਕਵੀਂ ਗਿਣਤੀ ’ਚ ਉਪਲੱਬਧ ਹੁੰਦੇ ਹੋਏ ਵੀ ਇਸ ਗੱਠਜੋੜ ਦੀ ਸਮੂਹਿਕ ਲੀਡਰਸ਼ਿਪ ਉਹ ਇਕਜੁੱਟਤਾ ਅਤੇ ਹਮਲਾਵਰਤਾ ਨਹੀਂ ਦਿਖਾ ਰਹੀ ਜੋ ਉਸ ਨੂੰ ਵੱਡੀ ਸਫਲਤਾ ਵੱਲ ਲਿਜਾ ਸਕਦੀ ਸੀ। ਫਿਰ ਵੀ ‘ਇੰਡੀਆ’ ਦੇ ਹਮਾਇਤੀਆਂ ਨੂੰ ਭਰੋਸਾ ਹੈ ਕਿ ਇਸ ਵਾਰ ਦੀਆਂ ਚੋਣਾਂ ‘ਵਿਰੋਧੀ ਧਿਰ ਬਨਾਮ ਭਾਜਪਾ’ ਨਹੀਂ ਸਗੋਂ ਆਮ ਲੋਕ ਬਨਾਮ ਭਾਜਪਾ ਦੀ ਤਰਜ਼ ’ਤੇ ਲੜੀਆਂ ਜਾਣਗੀਆਂ, ਜਿਵੇਂ ਕਿ ਐਮਰਜੈਂਸੀ ਪਿੱਛੋਂ 1977 ’ਚ ਲੜੀਆਂ ਗਈਆਂ ਸਨ।

ਉਂਝ ਜੇ ਸੂਬਾਵਾਰ ਅਨੁਮਾਨ ਲਾਇਆ ਜਾਏ ਤਾਂ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਕੁਝ ਹੱਦ ਤੱਕ ਰਾਜਸਥਾਨ ਨੂੰ ਛੱਡ ਕੇ ਕੋਈ ਵੀ ਸੂਬਾ ਅਜਿਹਾ ਨਹੀਂ ਜਿੱਥੇ ਭਾਜਪਾ ਵਿਰੋਧੀ ਪਾਰਟੀਆਂ ਦੇ ਸਾਹਮਣੇ ਕਮਜ਼ੋਰ ਨਹੀਂ ਹੈ। ਅਜਿਹੀ ਹਾਲਤ ਵਿਚ ਕੁਝ ਵੀ ਹੋ ਸਕਦਾ ਹੈ। ਲੋਕਰਾਜ ਦੀ ਖੂਬਸੂਰਤੀ ਇਸ ਗੱਲ ’ਚ ਹੈ ਕਿ ਮਤਭੇਦਾਂ ਦਾ ਸਤਿਕਾਰ ਕੀਤਾ ਜਾਏ। ਸਮਾਜ ਦੇ ਹਰ ਵਰਗ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੋਵੇ। ਚੋਣਾਂ ਜਿੱਤਣ ਪਿੱਛੋਂ ਜਿਹੜੀ ਪਾਰਟੀ ਸਰਕਾਰ ਬਣਾਏ, ਉਹ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਲਗਾਤਾਰ ਕੋਸ ਕੇ ਜਾਂ ਚੋਰ ਦੱਸ ਕੇ ਅਪਮਾਨਿਤ ਨਾ ਕਰੇ ਸਗੋਂ ਉਸ ਦੇ ਸਹਿਯੋਗ ਨਾਲ ਸਰਕਾਰ ਚਲਾਏ ਕਿਉਂਕਿ ਸਿਆਸਤ ਦੇ ਹਮਾਮ ’ਚ ਸਭ ਨੰਗੇ ਹਨ। ਚੋਣ ਬਾਂਡ ਦੇ ਤੱਥ ਉਜਾਗਰ ਹੋਣ ਪਿੱਛੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਮੋਦੀ ਜੀ ਦੀ ਸਰਕਾਰ ਵੀ ਇਸ ਦਾ ਅਪਵਾਦ ਨਹੀਂ ਰਹੀ। ਇਸ ਲਈ ਹੋਰ ਵੀ ਚੌਕਸੀ ਵਰਤਣੀ ਚਾਹੀਦੀ ਹੈ।

ਵਿਨੀਤ ਨਾਰਾਇਣ


author

Tanu

Content Editor

Related News