ਪਿੰਡ ਗਾਗੇਵਾਲ ਵਾਸੀਆਂ ਵੱਲੋਂ ਸਮਾਰਟ ਮੀਟਰਾਂ ਦਾ ਤਿੱਖਾ ਵਿਰੋਧ
Monday, Nov 17, 2025 - 06:32 PM (IST)
ਮਹਿਲ ਕਲਾਂ (ਹਮੀਦੀ): ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਪਿੰਡ ਗਾਗੇਵਾਲ ਦੀ ਗ੍ਰਾਮ ਪੰਚਾਇਤ, ਕੋਆਪਰੇਟਿਵ ਸੁਸਾਇਟੀ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪਿੰਡ ਵਾਸੀਆਂ ਨੇ ਸਾਂਝੇ ਤੌਰ ‘ਤੇ ਸਰਕਾਰੀ ਥਾਵਾਂ ਉੱਪਰ ਲਗਾਏ ਜਾ ਰਹੇ ਸਮਾਰਟ ਮੀਟਰਾਂ ਦੇ ਖ਼ਿਲਾਫ਼ ਤਿੱਖਾ ਵਿਰੋਧ ਦਰਜ ਕਰਵਾਇਆ। ਇਸ ਸਬੰਧੀ ਪਿੰਡ ਅੰਦਰ ਇੱਕ ਭਰਪੂਰ ਇਕੱਠ ਕੀਤਾ ਗਿਆ, ਜਿਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਪਿੰਡ ਗਾਗੇਵਾਲ ਵਿੱਚ ਕਿਸੇ ਵੀ ਹਾਲਤ ਵਿੱਚ ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ‘ਤੇ ਸਹਾਇਕ ਇੰਜੀਨੀਅਰ, ਸਬ-ਡਿਵੀਜ਼ਨ ਲੱਖਾ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਆਗੂ ਮਿੱਤਰਪਾਲ ਸਿੰਘ ਗਾਗੇਵਾਲ, ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਗੋਰਖਾ ਸਾਬਕਾ ਸਰਪੰਚ ਇਕੱਤਰ ਸਿੰਘ ਗਾਗੇਵਾਲ, ਸਾਬਕਾ ਸਰਪੰਚ ਸੁਰਜੀਤ ਸਿੰਘ ਬਲਦੇਵ ਸਿੰਘ,ਬਲਦੇਵ ਸਿੰਘ ਗਾਗੇਵਾਲ, ਪੰਚ ਗੁਰਪ੍ਰੀਤ ਸਿੰਘ, ਪੰਚ ਗੁਰਨਾਮ ਸਿੰਘ, ਪੰਚ ਜਗਸੀਰ ਸਿੰਘ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਕਟਰ ਕਰਮਜੀਤ ਸਿੰਘ ਗੁਰਜੀਤ ਸਿੰਘ ਸ਼ਿੰਗਾਰਾ ਸਿੰਘ, ਅੰਮ੍ਰਿਤ ਸਿੰਘ ਗੁਰਚਰਨ ਸਿੰਘ, ਸੁਖਪ੍ਰੀਤ ਸਿੰਘ, ਅਮਨਦੀਪ ਸਿੰਘ, ਜਗਸੀਰ ਸਿੰਘ, ਪ੍ਰਧਾਨ ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਅਤਰ ਸਿੰਘ ਤੇ ਬੇਅੰਤ ਸਿੰਘ ਨੇ ਕਿਹਾ ਕਿ ਪਾਵਰਕਾਮ ਵੱਲੋਂ ਪਹਿਲਾਂ ਸਰਕਾਰੀ ਥਾਵਾਂ ਉੱਪਰ ਸਮਾਰਟ ਮੀਟਰ ਲਗਾਏ ਜਾ ਰਹੇ ਹਨ, ਜਿਸ ਤੋਂ ਬਾਅਦ ਘਰਾਂ ਵਿੱਚ ਵੀ ਮੀਟਰ ਲਗਾਉਣ ਦੀ ਯੋਜਨਾ ਹੈ।
ਆਗੂਆਂ ਨੇ ਤਿੱਖਾ ਸਵਾਲ ਉਠਾਇਆ ਕਿ ਖਪਤਕਾਰਾਂ ਦੇ ਘਰਾਂ ਵਿੱਚ ਉਹ ਮੀਟਰ ਜਿਹੜੇ ਪਹਿਲਾਂ ਹੀ ਬਿਲਕੁਲ ਸਹੀ ਢੰਗ ਨਾਲ ਚੱਲ ਰਹੇ ਹਨ, ਉਨ੍ਹਾਂ ਨੂੰ ਬਦਲਣ ਦੀ ਲੋੜ ਕਿਉਂ ਪੈ ਰਹੀ ਹੈ? ਉਹਨਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਦੋ ਦਿਨ ਪਹਿਲਾਂ ਪਤਾ ਲੱਗਾ ਕਿ ਮਹਿਕਮੇ ਦੀ ਟੀਮ ਸਰਕਾਰੀ ਥਾਵਾਂ ਉੱਪਰ ਮੀਟਰ ਲਗਾਉਣ ਆਈ ਸੀ। ਇਸ ‘ਤੇ ਪਿੰਡ ਵਾਸੀਆਂ ਨੇ ਸਾਂਝੇ ਤੌਰ ‘ਤੇ ਇਕੱਠਾ ਹੋ ਕੇ ਡੱਟ ਕੇ ਵਿਰੋਧ ਕਰਨ ਦਾ ਫ਼ੈਸਲਾ ਕੀਤਾ।ਆਗੂਆਂ ਦਾ ਕਹਿਣਾ ਸੀ ਕਿ ਜੇ ਸਰਕਾਰ ਅਤੇ ਪਾਵਰਕਾਮ ਵੱਲੋਂ ਘਰਾਂ ਵਿੱਚ ਸਮਾਰਟ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਸੀਆਂ ਵੱਲੋਂ ਵੱਡੇ ਪੱਧਰ ‘ਤੇ ਰੋਸ ਅਤੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ “ਗਾਗੇਵਾਲ ਪਿੰਡ ਵਿੱਚ ਕੋਈ ਵੀ ਸਮਾਰਟ ਮੀਟਰ ਨਹੀਂ ਲੱਗਣ ਦਿੱਤਾ ਜਾਵੇਗਾ—ਚਾਹੇ ਜੋ ਵੀ ਹਾਲਤ ਪੈ ਜਾਵੇ।” ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਮਹਿਕਮੇ ਦੀ ਟੀਮ ਘਰਾਂ ਵਿੱਚ ਮੀਟਰ ਲਗਾਉਣ ਆਉਂਦੀ ਹੈ ਤਾਂ ਪਿੰਡ ਦੇ ਲੋਕ ਇਕੱਠੇ ਹੋ ਕੇ ਇਸ ਦਾ ਮੁਕਾਬਲਾ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਜਗਤਾਰ ਸਿੰਘ ਸੁਖਦੇਵ ਸਿੰਘ,ਜਸਵੰਤ ਸਿੰਘ,ਬਲਵੀਰ ਸਿੰਘ,ਬਲਜਿੰਦਰ ਸਿੰਘ, ਦਰਸ਼ਨ ਸਿੰਘ,ਸ਼ਮਸ਼ੇਰ ਸਿੰਘ,ਮੋਹਣ ਸਿੰਘ,ਜਗਦੇਵ ਸਿੰਘ,ਹਰਜੰਟ ਸਿੰਘ, ਜਗਤਾਰ ਸਿੰਘ,ਜਗਜੀਤ ਸਿੰਘ,ਰਣਧੀਰ ਸਿੰਘ,ਰਣਜੀਤ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
