ਪਿੰਡ ਗਹਿਲ ਦੇ ਕਿਸਾਨਾਂ ਨੇ ਕਾਇਮ ਕੀਤੀ ਮਿਸਾਲ! ਬੇਲਰ ਲਗਾ ਕੇ ਦੂਜੇ ਪਿੰਡਾਂ ਦੀ ਪਰਾਲੀ ਵੀ ਸੰਭਾਲੀ
Saturday, Nov 08, 2025 - 05:43 PM (IST)
ਮਹਿਲ ਕਲਾਂ (ਹਮੀਦੀ) ਪਰਾਲੀ ਪ੍ਰਬੰਧਨ ਮੁਹਿੰਮ 2025 ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਨੇ ਵਾਤਾਵਰਣ ਬਚਾਅ ਲਈ ਇੱਕ ਸ਼ਲਾਘਾਯੋਗ ਉਦਾਹਰਨ ਪੇਸ਼ ਕੀਤੀ ਹੈ। ਪਿੰਡ ਦੇ ਪੰਜ ਅਗਾਂਹਵਧੂ ਕਿਸਾਨ — ਸਤਨਾਮ ਸਿੰਘ ਭੁੱਲਰ, ਗਗਨਦੀਪ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਬੇਅੰਤ ਸਿੰਘ — ਨੇ ਆਪਣੇ ਆਪਣੇ ਬੇਲਰ ਚਲਾ ਕੇ ਨਾ ਸਿਰਫ਼ ਆਪਣੇ ਪਿੰਡ, ਸਗੋਂ ਆਸ ਪਾਸ ਦੇ ਪਿੰਡਾਂ ਦੀ ਪਰਾਲੀ ਦਾ ਪ੍ਰਬੰਧਨ ਕੀਤਾ ਹੈ। ਇਹ ਸਭ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਦੀਆਂ ਗੱਠਾਂ ਤਿਆਰ ਕਰਕੇ ਆਪਣੇ ਹੀ ਖੇਤਾਂ ਵਿੱਚ ਸਟੋਰ ਕਰ ਰਹੇ ਹਨ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੈਨਿਥ ਨੇ ਦੱਸਿਆ ਕਿ ਪਿੰਡ ਗਹਿਲ ਦੇ ਇਹ ਕਿਸਾਨ ਵਾਤਾਵਰਣ ਸੰਭਾਲ ਲਈ ਬਚਨਬੱਧ ਹਨ ਅਤੇ ਇਨ੍ਹਾਂ ਦਾ ਇਹ ਕੰਮ ਹੋਰਨਾਂ ਲਈ ਮਿਸਾਲ ਹੈ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਪਰਾਲੀ ਸਾੜਨ ਤੋਂ ਬਚਣ ਅਤੇ ਉਸਦਾ ਪ੍ਰਬੰਧਨ ਖੇਤਾਂ ਵਿੱਚ ਹੀ ਕਰਨ। ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਤਹਿਤ ਬਰਨਾਲਾ ਜ਼ਿਲ੍ਹੇ ਵਿੱਚ ਜਿੱਥੇ-ਤਿੱਥੇ ਬੇਲਰ ਮਸ਼ੀਨਾਂ ਰਾਹੀਂ ਪਰਾਲੀ ਦੀਆਂ ਗੱਠਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 'ਵੱਡੇ ਬੰਦੇ'
14 ਵਿਭਿੰਨ ਥਾਵਾਂ 'ਤੇ ਬਣੇ ਡੰਪਾਂ ਵਿੱਚ ਇਕੱਤਰ ਕੀਤੀਆਂ ਗਈਆਂ ਗੱਠਾਂ ਨੂੰ ਲੋੜ ਅਨੁਸਾਰ ਵੇਚਿਆ ਵੀ ਜਾਵੇਗਾ। ਇਸ ਮੁਹਿੰਮ ਨੂੰ ਅੱਗ ਵਧਾਉਂਦਿਆਂ ਪਿੰਡ ਗਹਿਲ ਦੇ ਇਹ 5 ਕਿਸਾਨ ਸਾਂਝੇ ਤੌਰ 'ਤੇ ਹੰਬਲਾ ਮਾਰ ਕੇ ਪਰਾਲੀ ਸਟੋਰੇਜ ਦਾ ਕੰਮ ਪਿੰਡ ਵਿੱਚ ਹੀ ਕਰ ਰਹੇ ਹਨ। ਕਿਸਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨਾਲ ਹੋਈ ਮੀਟਿੰਗ ਤੋਂ ਬਾਅਦ ਇਨ੍ਹਾਂ ਸਭ ਨੇ ਮਿਲ ਕੇ ਆਪਣੀ ਪਰਾਲੀ ਦਾ ਪ੍ਰਬੰਧਨ ਖੁਦ ਕਰਨ ਅਤੇ ਹੋਰਾਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ। ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਬੇਲਰ ਚਲਾ ਕੇ ਪਿੰਡ ਢੈਪਈ, ਮਾਣੂਕੇ ਅਤੇ ਪੰਜਗਰਾਂਈ ਵਿੱਚ ਵੀ ਗੱਠਾਂ ਤਿਆਰ ਕੀਤੀਆਂ ਜਦਕਿ ਆਪਣੀ ਪਰਾਲੀ ਖੇਤ ਵਿੱਚ ਹੀ ਸਟੋਰ ਕਰ ਲਈ। ਹੋਰ ਕਿਸਾਨਾਂ ਸਤਨਾਮ ਸਿੰਘ, ਪਰਮਿੰਦਰ ਸਿੰਘ ਅਤੇ ਬੇਅੰਤ ਸਿੰਘ ਨੇ ਵੀ ਆਪਣੀਆਂ ਗੱਠਾਂ ਆਪਣੇ ਖੇਤਰਾਂ ਵਿੱਚ ਹੀ ਸਾਂਭ ਕੇ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਵਾਤਾਵਰਣ ਬਚਾਅ, ਫਸਲਾਂ ਦੀ ਉਪਜ ਵਿੱਚ ਸੁਧਾਰ ਅਤੇ ਧੂੰਏ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਘਟਾਉਣ ਲਈ ਬਹੁਤ ਮਹੱਤਵਪੂਰਨ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪਿੰਡ ਗਹਿਲ ਦੇ ਇਹ ਕਿਸਾਨ ਜ਼ਿਲ੍ਹੇ ਲਈ ਪ੍ਰੇਰਣਾ ਸਰੋਤ ਹਨ ਅਤੇ ਉਮੀਦ ਹੈ ਕਿ ਹੋਰ ਪਿੰਡ ਵੀ ਇਹ ਰਸਤਾ ਅਪਣਾਉਣਗੇ।
