ਸ਼ਹੀਦ ਨਾਇਕ ਜਗਸੀਰ ਸਿੰਘ ਠੁੱਲੀਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

Wednesday, Nov 05, 2025 - 04:48 PM (IST)

ਸ਼ਹੀਦ ਨਾਇਕ ਜਗਸੀਰ ਸਿੰਘ ਠੁੱਲੀਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਮਹਿਲ ਕਲਾਂ (ਹਮੀਦੀ): ਕਸ਼ਮੀਰ ਦੇ ਸ਼੍ਰੀਨਗਰ ਜ਼ਿਲ੍ਹੇ ਦੇ ਬੜਗਾਮ ਖੇਤਰ ਵਿਚ ਡਿਊਟੀ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੁੱਲੀਵਾਲ ਦੇ ਸਿੱਖ ਰੈਜੀਮੈਂਟ ਮਦਰ ਯੂਨਿਟ 53 ਆਰ.ਆਰ. ਬੀਐਨ ਦੇ ਨਾਇਕ ਜਗਸੀਰ ਸਿੰਘ (ਉਮਰ 35) ਦੀ ਮ੍ਰਿਤਕ ਦੇਹ ਅੱਜ ਫੌਜੀ ਵਾਹਨ ਰਾਹੀਂ ਪਿੰਡ ਪਹੁੰਚੀ। ਪਿੰਡ ਵਾਸੀਆਂ, ਵੱਖ-ਵੱਖ ਜਥੇਬੰਦੀਆਂ ਤੇ ਰਿਸ਼ਤੇਦਾਰਾਂ ਨੇ ਬੱਸ ਅੱਡੇ ਤੋਂ ਘਰ ਤੱਕ ਮ੍ਰਿਤਕ ਦੇਹ ਉੱਤੇ ਫੁੱਲਾਂ ਦੀ ਵਰਖਾ ਕਰਦਿਆਂ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। 

ਇਹ ਖ਼ਬਰ ਵੀ ਪੜ੍ਹੋ - Breaking: ਭਾਖੜਾ ਨਹਿਰ 'ਚ ਨਾਰੀਅਲ-ਨਿਆਜ ਪਾਉਣ ਗਏ ਪੂਰੇ ਟੱਬਰ ਦਾ ਕਤਲ! ਰੂਹ ਕੰਬਾਅ ਦੇਵੇਗਾ ਪੂਰਾ ਮਾਮਲਾ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੁੱਲੀਵਾਲ ਦੇ ਮੈਦਾਨ ਵਿੱਚ ਨਾਇਕ ਜਗਸੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ, ਜਿਸ ਦੌਰਾਨ ਫੋਰਮਿਟ ਫਸਟ ਸਿੱਖ ਯੂਨਿਟ ਦੇ ਨਾਇਬ ਸੂਬੇਦਾਰ ਰਜਿੰਦਰ ਸਿੰਘ ਦੀ ਅਗਵਾਈ ਹੇਠ 12 ਸੈਨਿਕਾਂ ਦੀ ਟੀਮ ਵੱਲੋਂ ਗਾਰਡ ਆਫ਼ ਆਨਰ ਦਿੱਤੀ ਗਈ। ਸਹੀਦ ਦੀ ਚਿਤਾ ਨੂੰ ਉਸਦੇ ਪਿਤਾ ਸੁਖਦੇਵ ਸਿੰਘ ਅਤੇ ਪੁੱਤਰ ਜਪਫਤਿਹ ਸਿੰਘ ਨੇ ਅਗਨੀ ਦਿੱਤੀ। ਇਸ ਮੌਕੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਸਹੀਦ ਜਗਸੀਰ ਸਿੰਘ ਦੀ ਸ਼ਹਾਦਤ ਨਾਲ ਸਿਰਫ਼ ਪਰਿਵਾਰ ਨਹੀਂ, ਸਗੋਂ ਪੂਰੇ ਇਲਾਕੇ ਨੇ ਆਪਣਾ ਵੀਰ ਪੁੱਤਰ ਗੁਆਇਆ ਹੈ। ਉਨ੍ਹਾਂ ਕਿਹਾ ਕਿ ਫੌਜੀ ਕਾਰਵਾਈ ਪੂਰੀ ਹੁੰਦੇ ਹੀ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਬਣਦੇ ਸਾਰੇ ਲਾਭ 1 ਕਰੋੜ ਰੁਪਏ ਦੀ ਰਕਮ, ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਸਹੀਦ ਦੇ ਨਾਮ ਤੇ ਯਾਦਗਾਰ ਬਣਾਉਣ ਦਿੱਤੇ ਜਾਣਗੇ।ਇਸ ਮੌਕੇ ਸਰਪੰਚ ਪਰਮਜੀਤ ਕੌਰ ਸਿੱਧੂ ਦੇ ਪੁੱਤਰ ਹਰਤੇਜ ਸਿੰਘ ਸਿੱਧੂ ਨੇ ਮੰਗ ਕੀਤੀ ਕਿ ਸਹੀਦ ਦੇ ਪਰਿਵਾਰ ਨੂੰ ਨੌਕਰੀ ਅਤੇ ਸਾਰੇ ਸਰਕਾਰੀ ਲਾਭ ਤੁਰੰਤ ਦਿੱਤੇ ਜਾਣ ਅਤੇ ਪਿੰਡ ਵਿੱਚ ਸਹੀਦ ਦੀ ਯਾਦਗਾਰ ਬਣਾਈ ਜਾਵੇ। ਸਮਾਗਮ ਦੌਰਾਨ ਫੌਜ ਵੱਲੋਂ ਸਹੀਦ ਦੀ ਪਤਨੀ ਸਰਬਜੀਤ ਕੌਰ ਨੂੰ ਤਿਰੰਗਾ ਝੰਡਾ ਭੇਂਟ ਕਰਕੇ ਮਰਹੂਮ ਨੂੰ ਰਾਸ਼ਟਰ ਦਾ ਵੀਰ ਸਿਪਾਹੀ ਮੰਨਿਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਈ ਥਾਈਂ ਪੈ ਗਏ ਗੜੇ! ਸ਼ਾਮ ਵੇਲੇ ਅਚਾਨਕ ਬਦਲ ਗਿਆ ਮੌਸਮ, ਪੈ ਰਿਹਾ ਮੀਂਹ

ਸ਼ਹੀਦ ਦੀਆਂ ਭੈਣਾਂ ਰਣਦੀਪ ਕੌਰ ਤੇ ਰਮਨਦੀਪ ਕੌਰ ਨੇ ਕਿਹਾ ਕਿ ਜਗਸੀਰ ਸਿੰਘ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਮੈਂਬਰ ਸੀ; ਉਸਦੀ ਸ਼ਹਾਦਤ ਨਾਲ ਘਰ ਵਿੱਚ ਗਹਿਰਾ ਖਾਲੀਪਨ ਪੈ ਗਿਆ ਹੈ। ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਸਹੀਦ ਦੀ ਪਤਨੀ ਨੂੰ ਨੌਕਰੀ ਅਤੇ ਪੁੱਤਰ ਜਪਫਤਿਹ ਸਿੰਘ ਦੀ ਪੜ੍ਹਾਈ ਦਾ ਪੂਰਾ ਪ੍ਰਬੰਧ ਕੀਤਾ ਜਾਵੇ।ਇਸ ਮੌਕੇ ਡੀਐਸਪੀ ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ, ਨਇਬ ਤਹਿਸੀਲਦਾਰ ਰਵਿੰਦਰ ਸਿੰਘ, ਥਾਣਾ ਠੁੱਲੀਵਾਲ ਇੰਚਾਰਜ ਗੁਰਪਾਲ ਸਿੰਘ, ਚੇਅਰਮੈਨ ਸੁਖਵਿੰਦਰ ਦਾਸ ਕੁਰੜ, ਮੇਜਰ ਸੂਬੇਦਾਰ ਜਰਨੈਲ ਸਿੰਘ ਸਹਿਜੜਾ, ਹਰਪ੍ਰੀਤ ਸਿੰਘ ਠੁੱਲੀਵਾਲ, ਕਿਸਾਨ ਆਗੂ ਨਾਜਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਹਮੀਦੀ, ਜਤਿੰਦਰ ਸਿੰਘ ਹਮੀਦੀ, ਡਾ. ਸੁਖਵਿੰਦਰ ਸਿੰਘ ਠੁੱਲੀਵਾਲ, ਤੇ ਇਲਾਕੇ ਦੇ ਅਨੇਕ ਸੈਨਿਕ, ਪੰਚ, ਸਾਬਕਾ ਸਰਪੰਚ ਅਤੇ ਸਮਾਜ ਸੇਵੀ ਹਾਜ਼ਰ ਸਨ।

 


author

Anmol Tagra

Content Editor

Related News