ਪਿੰਡ ਵਜੀਦਕੇ ਖੁਰਦ ਦੇ ਬੱਚਿਆਂ ਨੇ ਹਾਕੀ ਟੀਮ ‘ਚ ਰੁਸ਼ਨਾਇਆ ਨਾਂ
Wednesday, Nov 12, 2025 - 06:02 PM (IST)
ਮਹਿਲ ਕਲਾਂ (ਹਮੀਦੀ): ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਈਆਂ ਜਾਣ ਵਾਲੀਆਂ ਸਕੂਲੀ ਖੇਡਾਂ ਵਿਚ ਵਿਦਿਆਰਥੀਆਂ ਵੱਲੋਂ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ। ਪਿਛਲੇ ਦਿਨੀਂ ਜਦੋਂ ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲੇ ਪਿੰਡ ਭੋਤਨਾ ਦੇ ਗਰਾਊਂਡ ਵਿਖੇ ਹੋਏ, ਤਦ ਉੱਥੇ ਚੋਣ ਲਈ ਪੰਜਾਬ ਖੇਡ ਵਿਭਾਗ ਵੱਲੋਂ ਬਰਨਾਲਾ ਜ਼ਿਲ੍ਹੇ ਦੀ ਅੰਡਰ-17 ਹਾਕੀ ਟੀਮ ਤਿਆਰ ਕੀਤੀ ਗਈ। ਇਸ ਟੀਮ ਵਿੱਚ ਪਿੰਡ ਵਜੀਦਕੇ ਖੁਰਦ ਦੇ ਤਿੰਨ ਬੱਚਿਆਂ ਸੁਰਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਇੰਦਰਜੀਤ ਸਿੰਘ ਦੀ ਚੋਣ ਕੀਤੀ ਗਈ। ਇਹ ਤਿੰਨੇ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਦੇ ਗਿਆਰਵੀਂ ਜਮਾਤ ਵਿੱਚ ਪੜ੍ਹ ਰਹੇ ਹਨ। ਇਹਨਾਂ ਦੀ ਚੋਣ ਨਾ ਸਿਰਫ਼ ਸਕੂਲ ਲਈ ਮਾਣ ਦੀ ਗੱਲ ਹੈ, ਸਗੋਂ ਪੂਰੇ ਪਿੰਡ ਵਜੀਦਕੇ ਖੁਰਦ ਲਈ ਮਾਣ ਦਾ ਵਿਸ਼ਾ ਹੈ। ਇਹ ਤਿੰਨੇ ਹੁਣ ਜਿਲਾ ਬਰਨਾਲਾ ਦੀ ਹਾਕੀ ਟੀਮ ਵੱਲੋਂ ਜ਼ਿਲ੍ਹਾ ਮੋਗਾ ਵਿਖੇ ਹੋ ਰਹੇ ਸਟੇਟ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ।
ਇਹ ਬੱਚੇ ਪਹਿਲਾਂ ਵੀ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ, ਵਤਨ ਪੰਜਾਬ ਦੀਆਂ ਖੇਡਾਂ ਅਤੇ ਪੇਂਡੂ ਹਾਕੀ ਟੂਰਨਾਮੈਂਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਦੇ ਆ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਕੀ ਪ੍ਰਮੋਟਰ ਪਾਲੀ ਵਜੀਦਕੇ ਨੇ ਦੱਸਿਆ ਕਿ ਇਹ ਸਾਰੇ ਬੱਚੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਪਰ ਖੇਡ ਪ੍ਰਤੀ ਸਮਰਪਿਤ ਹਨ। ਉਹਨਾਂ ਕਿਹਾ ਕਿ ਇਹਨਾਂ ਦੀ ਲਗਨ ਤੇ ਮਹਨਤ ਸਦਕਾ ਹੀ ਅੱਜ ਇਹ ਸੂਬਾ ਪੱਧਰੀ ਟੀਮ ਦਾ ਹਿੱਸਾ ਬਣੇ ਹਨ।ਬਰਨਾਲਾ ਦੀ ਇਸ ਟੀਮ ਵਿੱਚ ਪਿੰਡ ਛੀਨੀਵਾਲ ਕਲਾਂ, ਵਜੀਦਕੇ ਖੁਰਦ ਅਤੇ ਭੋਤਨਾ ਦੇ ਖਿਡਾਰੀ ਸ਼ਾਮਲ ਹਨ। ਪਿੰਡ ਵਾਸੀਆਂ ਵੱਲੋਂ ਇਹਨਾਂ ਖਿਡਾਰੀਆਂ ਦੀ ਹੋਸਲਾ ਅਫ਼ਜ਼ਾਈ ਕਰਦੇ ਹੋਏ ਐਨਆਰਆਈ ਭਰਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਾਬਕਾ ਸਰਵਿਸਮੈਨ ਜਥੇਬੰਦੀ ਨੇ ਪੂਰਾ ਸਹਿਯੋਗ ਦਿੱਤਾ ਹੈ। ਪਾਲੀ ਵਜੀਦਕੇ ਨੇ ਮੰਗ ਕੀਤੀ ਕਿ ਜਿਲਾ ਬਰਨਾਲਾ ਵਿੱਚ ਪੰਚਾਇਤੀ ਰਾਜ ਤੇ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਏ ਜਾਣ ਵਾਲੇ 18 ਖੇਡ ਮੈਦਾਨਾਂ ਵਿੱਚ ਪਿੰਡ ਵਜੀਦਕੇ ਖੁਰਦ ਦਾ ਸਟੇਡੀਅਮ ਵੀ ਜਲਦ ਤਿਆਰ ਕੀਤਾ ਜਾਵੇ, ਤਾਂ ਜੋ ਹਾਕੀ ਸਮੇਤ ਹੋਰ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਖਿਡਾਰੀਆਂ ਨੂੰ ਹੋਰ ਵਧੀਆ ਸਹੂਲਤਾਂ ਮਿਲ ਸਕਣ।ਉਹਨਾਂ ਅਖੀਰ ਵਿੱਚ ਪਿੰਡ ਵਾਸੀਆਂ ਤੇ ਸਹਿਯੋਗੀ ਐਨਆਰਆਈ ਭਰਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਉਤਸ਼ਾਹ ਤੇ ਸਹਿਯੋਗ ਨਾਲ ਬੱਚੇ ਅੱਜ ਇਸ ਮਕਾਮ ‘ਤੇ ਪਹੁੰਚੇ ਹਨ।
