ਪੰਜਾਬ ਦੇ ਨਵੇਂ MP ਰਾਜਿੰਦਰ ਗੁਪਤਾ ਦਾ ਸਹੁੰ ਚੁੱਕਣ ਮਗਰੋਂ 'ਐਕਸ਼ਨ ਮੋਡ'

Saturday, Nov 08, 2025 - 01:06 PM (IST)

ਪੰਜਾਬ ਦੇ ਨਵੇਂ MP ਰਾਜਿੰਦਰ ਗੁਪਤਾ ਦਾ ਸਹੁੰ ਚੁੱਕਣ ਮਗਰੋਂ 'ਐਕਸ਼ਨ ਮੋਡ'

ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ, ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਹੀ ‘ਐਕਸ਼ਨ ਮੋਡ’ ’ਚ ਆ ਗਏ ਹਨ। ਅੱਜ, ਆਪਣੀ ਸੰਸਦੀ ਯਾਤਰਾ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ ਨਵੀਂ ਦਿੱਲੀ ’ਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ। ਇਸ ਉੱਚ-ਪੱਧਰੀ ਮੀਟਿੰਗ ’ਚ ਪੰਜਾਬ ਦੇ ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਅਹਿਮ ਮੁੱਦਿਆਂ ’ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 'ਵੱਡੇ ਬੰਦੇ'

ਸੰਸਦ ਮੈਂਬਰ ਰਾਜਿੰਦਰ ਗੁਪਤਾ ਨੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ, ਜਿਵੇਂ ਕਿ ਫਸਲੀ ਵਿਭਿੰਨਤਾ ਪਰਾਲੀ ਪ੍ਰਬੰਧਨ ਅਤੇ ਸਰਕਾਰੀ ਖਰੀਦ ਪ੍ਰਕਿਰਿਆਵਾਂ ਦੀਆਂ ਗੁੰਝਲਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪੇਂਡੂ ਵਿਕਾਸ ਨੂੰ ਗਤੀ ਦੇਣ ਲਈ ਕੇਂਦਰ ਤੋਂ ਜ਼ਰੂਰੀ ਸਹਿਯੋਗ ਅਤੇ ਦਖਲ ਦੀ ਮੰਗ ਕੀਤੀ।

ਬੈਠਕ ਦੇ ਮੁੱਖ ਨੁਕਤੇ :

ਫਸਲੀ ਵਿਭਿੰਨਤਾ : ਪੰਜਾਬ ਨੂੰ ਝੋਨੇ-ਕਣਕ ਦੇ ਰਵਾਇਤੀ ਚੱਕਰ ’ਚੋਂ ਬਾਹਰ ਕੱਢਣ ਅਤੇ ਕਿਸਾਨਾਂ ਨੂੰ ਮੱਕੀ, ਦਾਲਾਂ ਅਤੇ ਬਾਗਬਾਨੀ ਵਰਗੀਆਂ ਵਧੇਰੇ ਲਾਭਕਾਰੀ ਫਸਲਾਂ ਵੱਲ ਲਿਜਾਣ ਲਈ ਕੇਂਦਰ ਪ੍ਰਾਯੋਜਿਤ ਯੋਜਨਾਵਾਂ ਦੀ ਮੰਗ।

ਪਰਾਲੀ ਪ੍ਰਬੰਧਨ : ਫਸਲੀ ਰਹਿੰਦ-ਖੂੰਹਦ (ਪਰਾਲੀ) ਸਾੜਨ ਦੀ ਸਮੱਸਿਆ ਦੇ ਸਥਾਈ ਹੱਲ ਲਈ ਆਧੁਨਿਕ ਮਸ਼ੀਨਰੀ ਅਤੇ ਤਕਨੀਕੀ ਸਹਾਇਤਾ ਲਈ ਹੋਰ ਕੇਂਦਰੀ ਫੰਡ ਦੀ ਲੋੜ ’ਤੇ ਚਰਚਾ।

ਪੇਂਡੂ ਵਿਕਾਸ ਯੋਜਨਾਵਾਂ : ਕੇਂਦਰੀ ਪੇਂਡੂ ਵਿਕਾਸ ਯੋਜਨਾਵਾਂ ਨੂੰ ਪੰਜਾਬ ’ਚ ਤੇਜ਼ੀ ਨਾਲ ਲਾਗੂ ਕਰਨ ਅਤੇ ਪੇਂਡੂ ਨੌਜਵਾਨਾਂ ਲਈ ਹੁਨਰ ਵਿਕਾਸ (Skill Development) ਅਤੇ ਰੋਜ਼ਗਾਰ ਸਿਰਜਣ ’ਤੇ ਜ਼ੋਰ।

ਸਰਕਾਰੀ ਖਰੀਦ ਸੁਧਾਰ : ਇਹ ਯਕੀਨੀ ਬਣਾਉਣਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਘੱਟੋ-ਘੱਟ ਸਮਰਥਨ ਮੁੱਲ ਐੱਮ.ਐੱਸ.ਪੀ. (MSP) ਸਮੇਂ ਸਿਰ ਮਿਲੇ ਅਤੇ ਖਰੀਦ ਪ੍ਰਕਿਰਿਆਵਾਂ ਸੁਚਾਰੂ ਹੋਣ।

ਕੇਂਦਰੀ ਮੰਤਰੀ ਨੇ ਦਿੱਤਾ ਤੁਰੰਤ ਹੱਲ ਦਾ ਭਰੋਸਾ

ਮੁਲਾਕਾਤ ਦੌਰਾਨ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੰਸਦ ਮੈਂਬਰ ਰਾਜਿੰਦਰ ਗੁਪਤਾ ਦੇ ਉਤਸ਼ਾਹ ਅਤੇ ਕਿਸਾਨਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ’ਚ ਗੁਪਤਾ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਤੁਸੀਂ ਪੰਜਾਬ ਨਾਲ ਸਬੰਧਤ ਕੋਈ ਵੀ ਮੁੱਦਾ ਮੇਰੇ ਕੋਲ ਲੈ ਕੇ ਆਓਗੇ, ਮੈਂ ਤੁਰੰਤ ਉਸ ਦਾ ਹੱਲ ਕਰਾਂਗਾ। ਇਹ ਭਰੋਸਾ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਮੁੱਦਿਆਂ ਨੂੰ ਉੱਚ ਤਰਜੀਹ ਦੇਣ ਲਈ ਤਿਆਰ ਹੈ। ਰਾਜਿੰਦਰ ਗੁਪਤਾ ਦੇ ਇਸ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਨਾਲ ਇਹ ਉਮੀਦ ਜਗੀ ਹੈ ਕਿ ਉਹ ਕੇਂਦਰ ਅਤੇ ਰਾਜ ਵਿਚਕਾਰ ਇਕ ਮਜ਼ਬੂਤ ਪੁਲ ਦਾ ਕੰਮ ਕਰਨਗੇ, ਜਿਸ ਨਾਲ ਰਾਜ ਦੇ ਕਿਸਾਨਾਂ ਅਤੇ ਉਦਯੋਗਿਕ ਖੇਤਰ ਨੂੰ ਸਿੱਧਾ ਲਾਭ ਮਿਲੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ SI ਨੇ ਨਹੀਂ ਕੀਤੀ DGP ਦੇ ਹੁਕਮਾਂ ਦੀ ਪਰਵਾਹ! ਪੈ ਗਈ ਕਾਰਵਾਈ

ਰਾਜਿੰਦਰ ਗੁਪਤਾ ਨੇ ਕਿਹਾ ਕਿ ਉਹ ਰਾਜ ਸਭਾ ’ਚ ਪੰਜਾਬ ਦੇ ਹਿੱਤਾਂ ਨੂੰ ਮਜ਼ਬੂਤੀ ਨਾਲ ਉਠਾਉਣਗੇ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਰਾਜ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਹ ਮੁਲਾਕਾਤ ਪੰਜਾਬ ਦੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਦ੍ਰਿਸ਼ ਲਈ ਇਕ ਸਾਕਾਰਾਤਮਕ ਸੰਕੇਤ ਹੈ।


author

Anmol Tagra

Content Editor

Related News