ਡੀ.ਸੀ. ਬਰਨਾਲਾ ਵੱਲੋਂ ਚੰਨਣਵਾਲ–ਗਹਿਲ–ਦੀਵਾਨਾ ਸੜਕ ਦੇ ਕੰਮ ਦੀ ਜਾਂਚ
Monday, Nov 10, 2025 - 06:53 PM (IST)
ਮਹਿਲ ਕਲਾਂ (ਹਮੀਦੀ): ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਚੰਨਣਵਾਲ, ਗਹਿਲ ਅਤੇ ਦੀਵਾਨਾ ਪਿੰਡਾਂ ਰਾਹੀਂ ਬਣ ਰਹੀ ਸੜਕ ਦੇ ਨਿਰਮਾਣ ਕੰਮ ਦੀ ਮੌਕਾ ਜਾਂਚ ਕੀਤੀ ਅਤੇ ਸਪਸ਼ਟ ਕਿਹਾ ਕਿ ਸੜਕ ਗੁਣਵੱਤਾ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਰੋਡ ਪ੍ਰੋਜੈਕਟਾਂ ਦੇ ਹਰ ਪੜਾਅ ਦੀ ਕੜੀ ਨਿਗਰਾਨੀ ਦੀ ਹਦਾਇਤ ਦਿੱਤੀ ਹੋਈ ਹੈ ਅਤੇ ਇਸੇ ਤਹਿਤ ਸੜਕਾਂ ਦੇ ਨਮੂਨੇ ਲੈਬੋਰਟਰੀ ਵਿਚ ਭੇਜੇ ਜਾ ਰਹੇ ਹਨ। ਡੀ.ਸੀ. ਬੈਨਿਥ ਨੇ ਚੇਤਾਵਨੀ ਦਿੱਤੀ ਕਿ ਜੇ ਨਮੂਨੇ ਮਾਪਦੰਡਾਂ ’ਤੇ ਖਰੇ ਨਾ ਉਤਰੇ ਤਾਂ ਕੰਟ੍ਰੈਕਟਰ ਨੂੰ ਭਾਰੀ ਜੁਰਮਾਨਾ ਵੀ ਝੱਲਣਾ ਪਵੇਗਾ ਅਤੇ ਲੋੜ ਪਈ ਤਾਂ ਕਾਨੂੰਨੀ ਕਾਰਵਾਈ ਵੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਬਤ ਹੋਣਗੀਆਂ ਇਹ ਗੱਡੀਆਂ! ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋ ਗਏ ਸਖ਼ਤ ਹੁਕਮ
ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਜੇ ਅਧਿਕਾਰੀਆਂ ਵੱਲੋਂ ਗੁਣਵੱਤਾ ਜਾਂਚ ਵਿੱਚ ਲਾਪਰਵਾਹੀ ਰਹੀ ਤਾਂ ਉਹ ਵੀ ਜਵਾਬਦੇਹ ਹੋਣਗੇ। ਉਨ੍ਹਾਂ ਦੱਸਿਆ ਕਿ ਚੰਨਣਵਾਲ, ਗਹਿਲ ਅਤੇ ਦੀਵਾਨਾ ਰਾਹੀਂ ਬਣ ਰਹੀ ਇਸ ਸੜਕ ਦੀ ਲਾਗਤ 414.32 ਲੱਖ ਰੁਪਏ ਹੈ ਅਤੇ ਪੂਰਾ ਹੋਣ ’ਤੇ ਇਹ ਇਲਾਕੇ ਦੀ ਆਵਾਜਾਈ ਨੂੰ ਕਾਫ਼ੀ ਸੁਚੱਜੀ ਬਣਾਏਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਏ.ਡੀ.ਸੀ., ਐੱਸ.ਡੀ.ਐੱਮ. ਅਤੇ ਸਾਰੀਆਂ ਲਾਈਨ ਏਜੰਸੀਆਂ ਹਫ਼ਤਾਵਾਰੀ ਅਧਾਰ ’ਤੇ ਕੰਮ ਦੀ ਪ੍ਰਗਤੀ ਅਤੇ ਗੁਣਵੱਤਾ ਦੀ ਜਾਂਚ ਜਾਰੀ ਰੱਖਣਗੀਆਂ ਤਾਂ ਜੋ ਪ੍ਰਾਜੈਕਟ ਸਰਕਾਰੀ ਮਿਆਰ ਅਨੁਸਾਰ ਸਮੇਂ ਸਿਰ ਮੁਕੰਮਲ ਹੋ ਸਕੇ।
