ਮੰਡੀ ਬੋਰਡ ਦੇ ਸੀਵਰੇਜ ਡਿਸਪੋਜ਼ਲ ਪਲਾਂਟ ਤੋਂ ਦੁਖੀ ਹੋਏ ਲੋਕਾਂ ਕੀਤੀ ਨਾਅਰੇਬਾਜ਼ੀ

Monday, Sep 09, 2024 - 05:52 PM (IST)

ਮੰਡੀ ਬੋਰਡ ਦੇ ਸੀਵਰੇਜ ਡਿਸਪੋਜ਼ਲ ਪਲਾਂਟ ਤੋਂ ਦੁਖੀ ਹੋਏ ਲੋਕਾਂ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ (ਵਿਕਾਸ ਮਿੱਤਲ) : ਇੱਥੇ ਬਲਿਆਲ ਰੋਡ 'ਤੇ ਐੱਫ਼.ਸੀ.ਆਈ ਗੋਦਾਮਾਂ ਦੇ ਸਾਹਮਣੇ ਸੰਘਣੀ ਆਬਾਦੀ ਵਾਲੇ ਖੇਤਰ 'ਚ ਬਣੇ ਮੰਡੀ ਬੋਰਡ ਦੇ ਸੀਵਰੇਜ ਡਿਸਪੋਜ਼ਲ ਪਲਾਂਟ ਕਾਰਨ ਨੇੜਲੇ ਇਲਾਕੇ ’ਚ ਫੈਲ ਰਹੀ ਗੰਦੀ ਬਦਬੋਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ, ਮੁਹੱਲਾ ਵਾਸੀਆਂ ਤੇ ਰਾਹਗੀਰਾਂ ਨੇ ਅੱਜ ਡਿਸਪੋਜ਼ਲ ਦੇ ਗੇਟ ਮੂਹਰੇ ਸੰਕੇਤਕ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਲਕੀਤ ਸਿੰਘ, ਕੇਵਲ ਸਿੰਘ, ਰਾਜਾ ਰਾਮ, ਰੂਪ ਸਿੰਘ, ਸਰੀਫ਼ ਖਾਨ, ਤੇਜੀ ਸਿੰਘ, ਬੰਟੀ ਸਿੰਘ, ਤੇਜਾ ਸਿੰਘ, ਮੋਹਨਾ ਸਿੰਘ, ਲੱਕੀ ਸਿੰਘ, ਨਿਰਮਲ ਸਿੰਘ, ਸੈਂਟੀ ਸਿੰਘ, ਮੁੱਲਖਾ ਰਾਮ, ਪਰਮਜੀਤ ਸਿੰਘ, ਨਿਰਭੈ ਸਿੰਘ, ਗਾਮਾ ਸਿੰਘ, ਸਤਨਾਮ ਉਰਫ ਸੱਤੀ ਤੇ ਬਿੱਲੂ ਸਿੰਘ ਨੇ ਦੱਸਿਆ ਕਿ ਇੱਥੇ ਸਥਿਤ ਪੰਜਾਬ ਮੰਡੀ ਬੋਰਡ ਦਾ ਸੀਵਰੇਜ ਦਾ ਡਿਸਪੋਜ਼ਲ ਪਲਾਂਟ ਉਨ੍ਹਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪਲਾਂਟ ਦੇ ਪੰਪ ਆਪ੍ਰੇਟਰਾਂ ਵੱਲੋਂ ਜਾਣ ਬੁੱਝ ਕੇ ਦਿਨ ਸਮੇਂ ਵਰਕਿੰਗ ਸਮੇਂ ਦੌਰਾਨ ਖੂਹਾਂ ਵਿਚਲੇ ਪਾਣੀ ਨੂੰ ਕੱਢਣ ਲਈ ਮੋਟਰਾਂ ਚਲਾਈਆਂ ਜਾਂਦੀਆਂ ਹਨ ਤੇ ਡਿਸਪੋਜ਼ਲ ਵਿਚਲੇ ਖੂਹਾਂ ਦੇ ਮੂੰਹ ਨੰਗੇ ਹੋਣ ਕਾਰਨ ਉਠਣ ਵਾਲੀ ਗੰਦੀ ਬਦਬੂਦਾਰ ਗੈਸ ਪੂਰੇ ਇਲਾਕੇ ’ਚ ਫੈਲ ਜਾਂਦੀ ਹੈ। ਜਿਸ ਨਾਲ ਲੋਕਾਂ ਨੂੰ ਸਾਂਹ ਲੈਣਾ ਤੱਕ ਮੁਸ਼ਕਿਲ ਹੋ ਜਾਂਦਾ ਹੈ। ਗੈਸ ਕਾਰਨ ਲੋਕ ਭਿਆਨਕ ਬੀਮਾਰੀ ਤੋਂ ਪੀੜਤ ਹੋ ਚੁੱਕੇ ਹਨ। 

ਲੋਕਾਂ ਨੇ ਦੱਸਿਆ ਕਿ ਇਸ ਡਿਸਪੋਜ਼ਲ ਪਲਾਂਟ ਦੀ ਦੇਖ ਰੇਖ ਦਾ ਜਿੰਮਾ ਮੰਡੀ ਬੋਰਡ ਦੇ ਪਬਲਿਕ ਹੈਲਥ ਵਿਭਾਗ ਕੋਲ ਹੈ ਪਰ ਫਿਰ ਵੀ ਲੋਕਾਂ ਦੀ ਸਿਹਤ ਨਾਲ ਕਥਿਤ ਖਿਲਵਾੜ ਕੀਤਾ ਜਾ ਰਿਹਾ ਹੈ। ਸਮੱਸਿਆ ਸਬੰਧੀ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਜਾਂ ਪੰਪ ਆਪ੍ਰੇਟਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਲੋਕਾਂ ਨਾਲ ਉਨ੍ਹਾਂ ਦਾ ਵਤੀਰਾ ਵੀ ਠੀਕ ਨਹੀਂ ਹੁੰਦਾ। ਲੋਕਾਂ ਨੇ ਮੰਗ ਕੀਤੀ ਕਿ ਸੰਘਣੀ ਅਬਾਦੀ ਵਾਲੇ ਖੇਤਰ ’ਚ ਸਥਿਤ ਇਸ ਡਿਸਪੋਜ਼ਲ ਪਲਾਂਟ ਨੂੰ ਇਥੋਂ ਤੁਰੰਤ ਕਿਸੇ ਹੋਰ ਖੁੱਲੀ ਥਾਂ 'ਤੇ ਲਿਜਾਇਆ ਜਾਵੇ ਜਾਂ ਫਿਰ ਖੂੰਹਾਂ ਨੂੰ ਚੰਗੀ ਤਰ੍ਹਾਂ ਢੱਕਿਆ ਜਾਵੇ ਤਾਂ ਜੋ ਲੋਕਾਂ ਨੂੰ ਸੁੱਖ ਦਾ ਸਾਂਹ ਮਿਲ ਸਕੇ। ਸਮੱਸਿਆ ਨਾਲ ਜੂਝ ਰਹੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਵੱਲੋੰ ਉਨ੍ਹਾਂ ਦੀ ਸੁਣਵਾਈ ਨਹੀੰ ਕੀਤੀ ਜਾਂਦੀ ਤਾਂ ਉਹ ਆਵਾਜਾਈ ਠੱਪ ਕਰਕੇ ਧਰਨਾ ਦੇਣ ਲਈ ਮਜਬੂਰ ਹੋਣਗੇ ਜਿਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।


author

Gurminder Singh

Content Editor

Related News