ਨਕਾਬਪੋਸ਼ਾਂ ਨੇ ਹਮਲਾ ਕਰ ਕੇ 2 ਨੌਜਵਾਨਾਂ ਨੂੰ ਕੀਤਾ ਜ਼ਖਮੀ

12/10/2019 5:45:46 PM

ਰੂਪਨਗਰ (ਵਿਜੇ ਸ਼ਰਮਾ): ਨਹਿਰੂ ਸਟੇਡੀਅਮ ਤੋਂ ਗਿਆਨੀ ਜ਼ੈਲ ਸਿੰਘ ਨਗਰ ਵੱਲ ਆ ਰਹੇ ਮੋਟਰਸਾਈਕਲ ਸਵਾਰਾਂ 'ਤੇ ਨਕਾਬਪੋਸ਼ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਮਾਮਲੇ 'ਚ ਸਿਟੀ ਪੁਲਸ ਰੂਪਨਗਰ ਨੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਕਿ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ। ਸਿਟੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਹਿਮਾਂਸ਼ੂ ਵਰਮਾ ਪੁੱਤਰ ਦੇਸ ਰਾਜ ਨਿਵਾਸੀ ਆਦਰਸ਼ ਨਗਰ ਰੂਪਨਗਰ ਨੇ ਦੱਸਿਆ ਕਿ ਉਹ ਆਪਣੇ ਇਕ ਦੋਸਤ ਪਰਮਪਾਲ ਸ਼ੁਕਲਾ ਪੁੱਤਰ ਦਵਿੰਦਰ ਕੁਮਾਰ ਸ਼ੁਕਲਾ ਨਿਵਾਸੀ ਗਿਆਨੀ ਜ਼ੈਲ ਸਿੰਘ ਨਗਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਹਿਰੂ ਸਟੇਡੀਅਮ ਤੋਂ ਗਿਆਨੀ ਜ਼ੈਲ ਸਿੰਘ ਨਗਰ ਲਈ ਮੁੜ ਰਹੇ ਸੀ। ਉਹ ਦੋਵੇਂ ਮੋਟਰਸਾਈਕਲ 'ਤੇ ਸਵਾਰ ਸਨ ਅਤੇ ਜਿਵੇਂ ਹੀ ਉਹ ਪਟਵਾਰਖਾਨਾ ਚੌਕ ਕੋਲ ਪਹੁੰਚੇ ਤਾਂ ਦੋ ਮੋਟਰਸਾਈਕਲਾਂ, ਜਿਸ 'ਤੇ 6 ਲੋਕ ਸਵਾਰ ਸਨ ਅਤੇ ਇਨ੍ਹਾਂ 'ਚੋਂ ਕੁਝ ਨੌਜਵਾਨਾਂ ਨੇ ਮੂੰਹ ਢਕੇ ਹੋਏ ਸੀ, ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ 'ਚ ਉਹ ਦੋਵੇਂ ਜ਼ਖਮੀ ਹੋ ਗਏ। ਸਿਟੀ ਪੁਲਸ ਨੇ ਇਸ ਮਾਮਲੇ ਸਬੰਧੀ ਦੇਬੀ ਨਿਵਾਸੀ ਉੱਚਾ ਖੇੜਾ, ਸੰਨੀ ਨਿਵਾਸੀ ਹਵੇਲੀ ਕਲਾਂ ਅਤੇ ਚਾਰ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Shyna

Content Editor

Related News