ਜਲਾਲਾਬਾਦ 'ਚ ਦਿਨ-ਦਿਹਾੜੇ ਵਾਪਰੀ ਘਟਨਾ: ਨੌਜਵਾਨਾਂ ਨੇ ਦੁਕਾਨ ’ਤੇ ਚਲਾਈਆਂ ਤਲਵਾਰਾਂ, ਮਾਰੇ ਇੱਟਾਂ-ਰੋੜੇ

04/25/2024 11:55:07 AM

ਜਲਾਲਾਬਾਦ (ਸੁਮਿਤ, ਟੀਨੂੰ) - ਮੁਕਤਸਰ ਰੋਡ ’ਤੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਦੇ ਮੂਹਰੇ ਇਕ ਕਾਰ ਅਸੈਸਰੀ ਦੀ ਦੁਕਾਨ ’ਚ ਕੁਝ ਨੌਜਵਾਨਾਂ ਵੱਲੋਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਦੁਕਾਨ ਸੰਚਾਲਕ ’ਤੇ ਇੱਟਾਂ, ਰੋੜੇ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨਾਂ ਵਲੋਂ ਕੀਤੇ ਜਾ ਰਹੇ ਹਮਲੇ ਦੀ ਵੀਡੀਓ ਸ਼ੋਸਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ। 

ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਸੰਚਾਲਕ ਨੇ ਦੱਸਿਆ ਕਿ ਉਸ ਨੇ ਟਰੈਕਟਰ ’ਤੇ ਇਕ ਮਿਊਜ਼ਿਕ ਸਿਸਟਮ ਲਾਇਆ ਸੀ, ਜਿਸ ਦਾ ਬਿੱਲ 11 ਹਜ਼ਾਰ ਰੁਪਏ ਬਣਿਆ ਸੀ। ਪੈਸੇ ਮੰਗਣ ਨੂੰ ਲੈ ਕੇ ਉਕਤ ਨੌਜਵਾਨਾਂ ਵੱਲੋਂ ਉਸਦੀ ਦੁਕਾਨ ’ਚ ਭੰਨਤੋੜ ਕਰ ਕੇ ਉਸ ਨਾਲ ਕੁੱਟਮਾਰ ਕੀਤੀ ਗਈ। ਓਧਰ ਦੂਜੀ ਧਿਰ ਦਾ ਇਕ ਨੌਜਵਾਨ ਵੀ ਸਰਕਾਰੀ ਹਸਪਤਾਲ ’ਚ ਭਰਤੀ ਕੀਤਾ ਗਿਆ ਹੈ। ਜਿਸ ਨੇ ਦੱਸਿਆ ਕਿ ਉਹ ਉਕਤ ਦੁਕਾਨ 'ਤੇ ਕੰਮ ਕਰਦਾ ਸੀ ਅਤੇ ਪੈਸੇ ਲੈਣ ਲਈ ਗਿਆ ਸੀ। ਜਿਥੇ ਦੁਕਾਨਦਾਰ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੀ ਕੁੱਟਮਾਰ ਕੀਤੀ ਗਈ ਹੈ। 

ਇਹ ਵੀ ਪੜ੍ਹੋ - ਪਤੀ ਦੇ ਚਰਿੱਤਰ 'ਤੇ ਸ਼ੱਕ ਕਰਦੀ ਸੀ ਪਤਨੀ, ਦੁੱਖੀ ਹੋ ਚੁੱਕਿਆ ਖੌਫ਼ਨਾਕ ਕਦਮ, ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ

ਇਸ ਮਾਮਲੇ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ’ਚ ਉਕਤ ਹਥਿਆਰਬੰਦ ਹਮਲਾਵਰ ਆਪਣੇ ਸਾਥੀਆਂ ਨਾਲ ਮਿਲ ਕੇ ਤਲਵਾਰਾਂ, ਇੱਟਾਂ, ਰੋੜੇ ਮਾਰ ਕੇ ਦੁਕਾਨਦਾਰ 'ਤੇ ਹਮਲਾ ਕਰਦੇ ਵਿਖਾਈ ਦੇ ਰਹੇ ਹਨ। ਸਰਕਾਰੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਲਾਜ਼ ਲਈ ਇਕ ਨੌਜਵਾਨ ਭਰਤੀ ਹੋਇਆ ਹੈ। ਜਿਸ ਦਾ ਇਕ ਅੰਗੂਠਾ ਵੱਢਿਆ ਗਿਆ ਹੈ। ਹਸਪਤਾਲ ਵੱਲੋਂ ਪੁਲਸ ਨੂੰ ਮੈਡੀਕਲ ਰਿਕਾਰਡ ਦੇ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਇਸ ਦੇ ਨਾਲ ਹੀ ਮੌਕੇ ’ਤੇ ਪੁੱਜੇ ਥਾਣਾ ਸਿਟੀ ਦੇ ਸਹਾਇਕ ਸਬ-ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ’ਤੇ ਦੁਕਾਨ ਵਿਚ ਹੋਈ ਲੜਾਈ ਸਬੰਧੀ ਸੂਚਨਾ ਮਿਲੀ ਸੀ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਹਮਲਾਵਰ ਉੱਥੋ ਭੱਜ ਚੁੱਕੇ ਸਨ। ਫਿਲਹਾਲ ਪੁਲਸ ਵੱਲੋਂ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News