ਜੇਲ੍ਹ ਕੈਦੀਆਂ ਨੇ ਡਿਪਟੀ ਸੁਪਰੀਡੈਂਟ ਸਕਿਓਰਿਟੀ ’ਤੇ ਕੀਤਾ ਹਮਲਾ
Monday, May 06, 2024 - 02:58 PM (IST)
ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਤਾਇਨਾਤ ਡਿਪਟੀ ਸੁਪਰੀਡੈਂਟ ਸਕਿਓਰਿਟੀ ’ਤੇ 8 ਕੈਦੀਆਂ ਵਲੋਂ ਹਮਲਾ ਕਰ ਕੇ ਗਾਲਾਂ ਕੱਢਣ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਸਹਾਇਕ ਸੁਪਰੀਡੈਂਟ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਹਾਇਕ ਸੁਪਰੀਡੈਂਟ ਸੁਰਿੰਦਰਪਾਲ ਸਿੰਘ ਨੇ ਪੁਲਸ ਨੂੰ ਭੇਜੇ ਸ਼ਿਕਾਇਤ-ਪੱਤਰ ’ਚ ਦੱਸਿਆ ਕਿ ਬੀਤੇ ਦਿਨੀਂ ਸਾਢੇ 4 ਵਜੇ ਦੇ ਲਗਭਗ ਜੇਲ੍ਹ ਦੇ ਬੀ-ਕਲਾਸ ਵਾਰਡ ’ਚ ਡਿਪਟੀ ਸੁਪਰੀਡੈਂਟ ਸਕਿਓਰਿਟੀ ਅਤੇ ਜੇਲ੍ਹ ਮੈਡੀਕਲ ਅਧਿਕਾਰੀ ਕੈਦੀਆਂ ਨੂੰ ਜੇਲ੍ਹ ’ਚ ਮਿਲਣ ਵਾਲੀ ਮੈਡੀਕਲ ਸਮੱਸਿਆ ਦਾ ਹੱਲ ਕਰ ਰਹੇ ਸਨ।
ਹਾਲ ’ਚ ਬੰਦ ਹਵਾਲਾਤੀ ਹਰਜਿੰਦਰ ਸਿੰਘ ਉਰਫ਼ ਬੁੱਧੂ ਮੇਨ ਗੇਟ ’ਤੇ ਆ ਕੇ ਡਿਪਟੀ ਸੁਪਰੀਡੈਂਟ ਸਕਿਓਰਿਟੀ ਨੂੰ ਧਮਕੀਆਂ ਦੇ ਕੇ ਬੋਲਣ ਲੱਗਾ। ਡਿਪਟੀ ਸੁਪਰੀਡੈਂਟ ਸਕਿਓਰਿਟੀ ਨੇ ਇਸ ਦੀ ਸੂਚਨਾ ਹੋਰ ਅਧਿਕਾਰੀਆਂ ਨੂੰ ਦਿੱਤੀ। ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਉਕਤ ਹਵਾਲਾਤੀ ਨੂੰ ਹਾਲ ਤੋਂ ਬਾਹਰ ਆਉਣ ਨੂੰ ਕਿਹਾ, ਮੁਲਜ਼ਮ ਹਵਾਲਾਤੀ ਨੇ ਭੱਜ ਕੇ ਤੁਰੰਤ ਡਿਪਟੀ ਸੁਪਰੀਡੈਂਟ ਸਕਿਓਰਿਟੀ ’ਤੇ ਹਮਲਾ ਕਰ ਕੇ ਅੱਖ ’ਤੇ ਸੱਟ ਮਾਰ ਦਿੱਤੀ। ਜੇਲ੍ਹ ਗਾਰਦ ਨੇ ਮੁਸ਼ਕਲ ਨਾਲ ਹਵਾਲਾਤੀ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਜਦ ਮੁਲਜ਼ਮ ਹਵਾਲਾਤੀ ਨੂੰ ਜਦ ਜੇਲ੍ਹ ਸੁਪਰੀਡੈਂਟ ਦੇ ਸਾਹਮਣੇ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਅਹਾਤੇ ਤੋਂ ਬਾਹਰ ਉਸ ਨੇ ਹੋਰ ਸਾਥੀਆਂ ਨੂੰ ਬੁਲਾ ਕੇ ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਭੜਕਾਉਣ ਦਾ ਯਤਨ ਕੀਤਾ।
ਪੁਲਸ ਨੇ 8 ਕੈਦੀਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੀਤਾ ਕੇਸ ਦਰਜ
ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਦਿਆਲ ਸਿੰਘ ਨੇ ਦੱਸਿਆ ਕਿ ਜੇਲ ਦੇ ਸਹਾਇਕ ਸੁਪਰੀਡੈਂਟ ਸੁਰਿੰਦਰਪਾਲ ਸਿੰਘ ਵੱਲੋਂ ਭੇਜੇ ਗਏ ਸ਼ਿਕਾਇਤ-ਪੱਤਰ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਹਵਾਲਾਤੀ ਹਰਜਿੰਦਰ ਸਿੰਘ ਉਰਫ਼ ਬੁੱਧੂ ’ਤੇ ਧਾਰਾ 186, 353 ਤਹਿਤ ਕੇਸ ਦਰਜ ਕੀਤਾ ਹੈ ਅਤੇ ਸਾਥੀ ਭੰਡਾਰੀ, ਗੁਰਜਿੰਦਰ ਸਿੰਘ ਉਰਫ਼ ਗਿੰਦਾ ਮਨਪ੍ਰੀਤ ਸਿੰਘ ਉਰਫ਼ ਮੋਨੂ ਉਰਫ਼ ਜੱਟ, ਰਮਿੰਦਰ ਸਿੰਘ ਉਰਫ਼ ਗਗਨਦੀਪ ਉਰਫ਼ ਗੱਗੂ, ਕੈਦੀ ਅਜੇ ਕੁਮਾਰ ਉਰਫ਼ ਮਨੀ, ਕੈਦੀ ਗੁਰਵਿੰਦਰ ਸਿੰਘ ਉਰਫ਼ ਸ਼ੈਲੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।