ਤਿੰਨ ਦਿਨ ਤੋਂ ਲਾਪਤਾ ਮੁੰਡੇ ਦੀ ਲਾਸ਼ ਖੇਤਾਂ ’ਚੋਂ ਮਿਲੀ, ਪੁਲਸ ਜਾਂਚ ''ਚ ਜੁੱਟੀ

Monday, Aug 03, 2026 - 12:53 PM (IST)

ਤਿੰਨ ਦਿਨ ਤੋਂ ਲਾਪਤਾ ਮੁੰਡੇ ਦੀ ਲਾਸ਼ ਖੇਤਾਂ ’ਚੋਂ ਮਿਲੀ, ਪੁਲਸ ਜਾਂਚ ''ਚ ਜੁੱਟੀ

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਪਰਵਾਸੀ ਮਜ਼ਦੂਰਾਂ ਦੀ ਬਸਤੀ ਬਲੀਬੇਗ ਵਿਖੇ ਰਹਿੰਦਾ ਨਾਬਾਲਗ ਮੁੰਡਾ ਰਾਜੇਸ਼ ਕੁਮਾਰ (16) ਤਿੰਨ ਦਿਨਾਂ ਤੋਂ ਲਾਪਤਾ ਸੀ। ਉਸਦੀ ਲਾਸ਼ ਦੇਰ ਰਾਤ ਨੇੜ੍ਹੇ ਹੀ ਖੇਤਾਂ ’ਚੋਂ ਗਲੀ-ਸੜੀ ਹਾਲਤ 'ਚ ਮਿਲੀ, ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਲੀਬੇਗ ਨਿਵਾਸੀ ਜੋਗਿੰਦਰ ਪਾਸਵਾਨ ਦਾ ਨਾਬਾਲਗ ਪੁੱਤਰ ਰਾਜੇਸ਼ ਕੁਮਾਰ 31 ਜੁਲਾਈ ਦੀ ਸ਼ਾਮ ਨੂੰ ਘਰੋਂ ਗਿਆ ਅਤੇ ਉਸ ਦਿਨ ਤੋਂ ਬਾਅਦ ਵਾਪਸ ਨਾ ਪਰਤਿਆ। ਰਾਜੇਸ਼ ਕੁਮਾਰ ਦਾ ਮੋਬਾਇਲ ਫੋਨ ਵੀ ਬੰਦ ਆ ਰਿਹਾ ਸੀ ਅਤੇ ਪਰਿਵਾਰਕ ਮੈਂਬਰਾਂ ਵਲੋਂ ਉਸਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਬੀਤੀ 2 ਅਗਸਤ ਦੇਰ ਰਾਤ 10 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਇੱਕ ਵਿਅਕਤੀ ਦੀ ਲਾਸ਼ ਬਲੀਬੇਗ ਬਸਤੀ ਸੂਏ ਪਾਰ ਖੇਤਾਂ 'ਚ ਪਈ ਹੈ ਅਤੇ ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਉੱਥੇ ਚੀਕ-ਚਿਹਾੜਾ ਪੈ ਗਿਆ।

ਇਸ ਲਾਸ਼ ਦੀ ਪਛਾਣ ਨਾਬਾਲਗ ਮੁੰਡੇ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਥਾਣਾ ਮੁਖੀ ਚਰਨਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਲਾਸ਼ ਦੀ ਹਾਲਤ ਬਹੁਤ ਖ਼ਰਾਬ ਹੈ, ਜਿਸ ਕੋਲੋਂ ਬਦਬੂ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਤੋਂ ਲੱਗਦਾ ਹੈ ਕਿ ਮੌਤ ਤਿੰਨ ਦਿਨ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਹੁੰਮਸ ਭਰੀ ਗਰਮੀ ਕਾਰਨ ਲਾਸ਼ ਖ਼ਰਾਬ ਹੋ ਗਈ। ਥਾਣਾ ਮੁਖੀ ਨੇ ਕਿਹਾ ਕਿ ਪੋਸਟ ਮਾਰਟਮ ਲਈ ਲਾਸ਼ ਨੂੰ ਕਬਜੇ ’ਚ ਲੈ ਲਿਆ ਹੈ ਅਤੇ ਮੁੱਢਲੀ ਜਾਂਚ ਦੌਰਾਨ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਹੈ ਕਿ ਮੌਤ ਨਸ਼ੇ ਕਾਰਨ ਹੋਈ, ਕਤਲ ਹੋਇਆ ਹੈ ਜਾਂ ਫਿਰ ਕੁਦਰਤੀ ਹੈ। ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗੇਗਾ। ਥਾਣਾ ਮੁਖੀ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
 


author

Babita

Content Editor

Related News